Ferozepur News
ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਲੋਕ ਲਗਾ ਰਹੇ ਨੇ ਇਨਸਾਫ ਦੀ ਗੁਹਾਰ
ਵਿਧਾਇਕ ਕਟਾਰੀਆ ਨੇ ਕਿਹਾ, ਲੋਕ ਬਿਨਾ ਕਿਸੇ ਗੱਲ ਦੇ ਉਹਨਾਂ ਨੂੰ ਬਦਨਾਮ ਕਰਨ ਲੱਗੇ ਹੋਏ ਹਨ
ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਲੋਕ ਲਗਾ ਰਹੇ ਨੇ ਇਨਸਾਫ ਦੀ ਗੁਹਾਰ
ਜ਼ੀਰਾ ਦੇ ਪਿੰਡ ਸੇਖਵਾਂ ਦੇ ਠੱਗ ਨੇ ਕਬੂਤਰਬਾਜ਼ੀ ਅਤੇ ਦੁਗਣੀ ਕਰੰਸੀ ਦਾ ਝਾਂਸਾ ਦੇ ਕੇ ਲੋਕਾਂ ਨੂੰ ਦੋਹੀਂ ਹੱਥੀਂ ਲੁੱਟਿਆ
ਠੱਗੀ ਦੇ ਸ਼ਿਕਾਰ ਲੋਕਾਂ ਨੇ ਦੋਸ਼ ਲਾਉਂਦਿਆ ਕਿਹਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਦੀ ਨੇੜਤਾ ਹੈ ਠੱਗ ਕੇਵਲ ਸਿੰਘ ਨਾਲ
ਫਿਰੋਜ਼ਪੁਰ, 17.9.2022: ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਵੱਖ ਵੱਖ ਲੋਕਾਂ ਨੇ ਇਨਸਾਫ ਦੀ ਗੁਹਾਰ ਲਗਾਉਂਦਿਆਂ ਦੋਸ਼ੀ ਨੂੰ ਸਲਾਖਾਂ ਪਿੱਛੇ ਸੁੱਟਣ ਦੀ ਮੰਗ ਕੀਤੀ ਹੈ। ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਲੁੱਟ ਦਾ ਸ਼ਿਕਾਰ ਲੋਕਾਂ ਨੇ ਦੱਸਿਆ ਕਿ ਕਬੂਤਰਬਾਜ਼ੀ ਅਤੇ ਕਰੰਸੀ ਦੁਗਣੀ ਕਰਨ ਦਾ ਝਾਂਸਾ ਦੇਕੇ ਜ਼ੀਰਾ ਹਲਕਾ ਦੇ ਪਿੰਡ ਸੇਖਵਾਂ ਦੇ ਵਸਨੀਕ ਕੇਵਲ ਸਿੰਘ ਅਤੇ ਉਸਦੇ ਸਾਥੀਆਂ ਵੱਲੋਂ ਉਹਨਾਂ ਨੂੰ ਲੁੱਟਿਆ ਗਿਆ।ਉਹਨਾਂ ਦੋਸ਼ ਲਗਾਏ ਕਿ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਦੀ ਦੋਸ਼ੀ ਠੱਗ ਕੇਵਲ ਸਿੰਘ ਨਾਲ ਨੇੜਤਾ ਹੈ ਅਤੇ ਉਹ ਦੋਸ਼ੀ ਠੱਗ ਦੀ ਮਦਦ ਕਰ ਰਿਹਾ ਹੈ ਜਿਸ ਕਰਕੇ ਵੱਖ ਵੱਖ ਥਾਣਿਆਂ ਵਿਚ ਪਰਚਾ ਹੋਣ ਦੇ ਬਾਵਜੂਦ ਵੀ ਪੁਲਿਸ ਦੋਸ਼ੀ ਨੂੰ ਨਹੀ ਫੜ ਰਹੀ।
ਠੱਗੀ ਦਾ ਸ਼ਿਕਾਰ ਜ਼ੀਰਾ ਦੇ ਪਿੰਡ ਸੇਖਵਾਂ ਦੇ ਵਸਨੀਕ ਗੁਰਪਿਆਰ ਸਿੰਘ ਨੇ ਦੱਸਿਆ ਕਿ ਉਸਦੇ ਪਿੰਡ ਦੇ ਰਹਿਣ ਵਾਲੇ ਕੇਵਲ ਸਿੰਘ ਨੇ ਉਸ ਨਾਲ 25 ਲੱਖ ਰੁਪਏ ਦੀ ਠੱਗੀ ਮਾਰੀ।ਜਿਸ ਦਾ ਥਾਣਾ ਤਲਵੰਡੀ ਵਿਖੇ ਪਰਚਾ ਵੀ ਦਰਜ ਹੋਇਆ ਪਰ ਪੁਲਿਸ ਨੇ ਦੋਸ਼ੀ ਨੂੰ ਫੜਿਆ ਅਤੇ ਦੋਸ਼ੀ ਕੋਰਟ ਤੋਂ ਜ਼ਮਾਨਤ ਕਰਵਾ ਗਿਆ।ਪਿੰਡ ਸੇਖਵਾਂ ਦੀ ਹੀ ਰਹਿਣ ਵਾਲੀ ਮਹਿੰਦਰ ਕੌਰ ਨੇ ਦੱਸਿਆ ਕਿ ਉਸ ਨਾਲ ਵੀ ਕੇਵਲ ਸਿੰਘ ਨੇ ਕਰੰਸੀ ਡਬਲ ਕਰਨ ਅਤੇ ਉਸਦੇ ਮੁੰਡੇ ਨੂੰ ਬਾਹਰ ਲਿਜਾਣ ਦਾ ਝਾਂਸਾ ਦੇਕੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ ਅਤੇ ਸੇਖਵਾਂ ਵਾਸੀ ਗੁਰਮੇਜ ਸਿੰਘ ਨੇ ਦੱਸਿਆ ਕੇਵਲ ਸਿੰਘ ਅਤੇ ਉਸਦੀ ਪਤਨੀ ਨੇ ਰਾਜਸਥਾਨ ਚ ਜ਼ਮੀਨ ਦਿਵਾਉਣ ਝਾਂਸਾ ਦੇਕੇ 13 ਲੱਖ ਰੁਪਏ ਦੀ ਠੱਗੀ ਮਾਰੀ ਹੈਜਿਸ ਦਾ ਥਾਣਾ ਵਿਖੇ ਪਰਚਾ ਹੋਇਆ ਪਰ ਪੁਲਿਸ ਦੋਸ਼ੀ ਨੂੰ ਨਹੀਂ ਫੜ ਰਹੀ।ਸੇਖਵਾਂ ਪਿੰਡ ਦੇ ਵਾਸੀ ਬਲਦੇਵ ਸਿੰਘ ਨੇ ਦੱਸਿਆ ਕਿ ਕੇਵਲ ਸਿੰਘ ਨੇ ਉਸਦਾ ਘੋੜਾ ਟਰਾਲਾ ਚੋਰੀ ਕਰ ਲਿਆ ਸੀ ਜਿਸ ਦਾ ਥਾਣਾ ਜ਼ੀਰਾ ਚ ਪਰਚਾ ਦਰਜ ਹੋਇਆ ਪਰ ਪੁਲਿਸ ਉਸ ਨੂੰ ਨਹੀਂ ਫੜ ਰਹੀ।ਜਿਲ੍ਹਾ ਮੋਗਾ ਦੇ ਪਿੰਡ ਥੱਮਣ ਵਾਲਾ ਦੇ ਵਾਸੀ ਇਕਬਾਲ ਸਿੰਘ ਨੇ ਦੱਸਿਆ ਕਿ ਕੇਵਲ ਸਿੰਘ ਨੇ ਕਰੰਸੀ ਦੁਗਣੀ ਕਰਨ ਦਾ ਝਾਂਸਾ ਦੇਕੇ ਉਸ ਨਾਲ ਸਾਢੇ ਪੰਜ ਲੱਖ ਦੀ ਠੱਗੀ ਮਾਰੀ।
ਠੱਗੀ ਦਾ ਸ਼ਿਕਾਰ ਵੱਖ ਵੱਖ ਲੋਕਾਂ ਨੇ ਇਨਸਾਫ ਦੀ ਮੰਗ ਕੀਤੀ ਕਿ ਦੋਸ਼ੀ ਕੇਵਲ ਸਿੰਘ ਅਤੇ ਉਸਦੇ ਸਾਥੀਆਂ ਜਿੰਨਾ ਖਿਲਾਫ ਵਖ ਵੱਖ ਥਾਣਿਆਂ ਚ ਪਰਚਾ ਦਰਜ ਹੈ ਨੂੰ ਫੜ ਕੇ ਸਲਾਖਾਂ ਪਿੱਛੇ ਸੁੱਟਿਆ ਜਾਵੇ। ਦੂਜੇ ਪਾਸੇ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਨੇ ਇਸ ਸਬੰਧੀ ਕਿਹਾ ਕਿ ਉਸਨੇ ਕਿਸੇ ਵੀ ਅਫਸਰ ਨੂੰ ਕੋਈ ਧੱਕਾ ਕਰਨ ਲਈ ਨਹੀਂ ਕਿਹਾ।ਵਿਧਾਇਕ ਕਟਾਰੀਆ ਨੇ ਕਿਹਾ ਕਿ ਲੋਕ ਬਿਨਾ ਕਿਸੇ ਗੱਲ ਦੇ ਉਹਨਾਂ ਨੂੰ ਬਦਨਾਮ ਕਰਨ ਲੱਗੇ ਹੋਏ ਹਨ।