ਲੁਟੇਰੇ ਗੈਸ ਏਜੰਸੀ ਦੇ ਡਲਿਵਰੀ ਮੈਨ ਤੋਂ 20 ਹਜ਼ਾਰ ਖੋਹ ਕੇ ਫਰਾਰ
—–,ਜ਼ੀਰਾ (ਫ਼ਿਰੋਜ਼ਪੁਰ): ਲੁਟੇਰਿਆਂ ਦੇ ਹੌਸਲੇ ਏਨੇ ਬੁਲੰਦ ਹੋ ਗਏ ਹਨ ਕਿ ਸਥਾਨਿਕ ਕ੍ਰਿਸ਼ਨਾ ਮੰਦਰ ਮੁਹੱਲਾ ਚਾਹ ਬੇਰੀਆਂ ਰੋਡ ਤੋਂ ਸੰਘਣੀ ਅਬਾਦੀ ਦੇ ਖੇਤਰ ਵਿੱਚ 2 ਮੋਟਰਸਾਈਕਲ ਸਵਾਰ ਲੁਟੇਰੇ ਗੈਸ ਏਜੰਸੀ ਦੇ ਡਲਿਵਰੀ ਮੈਨ ਤੋਂ 20 ਹਜ਼ਾਰ ਰੁਪਏ ਨਕਦੀ ਖੋਹ ਕੇ ਫਰਾਰ ਹੋ ਗਏ, ਜਦੋਂ ਕਿ ਇਸ ਘਟਨਾਕ੍ਰਮ ਦੌਰਾਨ ਘਬਰਾਹਟ ਵਿੱਚ ਲੁਟੇਰੇ ਆਪਣਾ ਮੋਟਰਸਾਈਕਲ ਵੀ ਘਟਨਾ ਸਥਾਨ ਤੇ ਛੱਡ ਗਏ। ਇਕੱਤਰ ਵੇਰਵਿਆਂ ਅਨੁਸਾਰ ਜ਼ੀਰਾ ਗੈਸ ਏਜੰਸੀ ਸਰਵਿਸ ਦਾ ਡਲਿਵਰੀ ਮੈਨ ਰਾਮ ਦੇਵ ਆਪਣੀ ਪੈਡਲ ਰੇਹੜੀ ਤੇ ਸਿਲੰਡਰਾਂ ਦੀ ਹੋਮ-ਡਲਿਵਰੀ ਕਰਕੇ ਵਾਪਸ ਪਰਤ ਰਿਹਾ ਸੀ ਕਿ ਲੁਟੇਰੇ ਮੋਟਰਸਾਇਕਲ ਤੇ ਆਏ ਅਤੇ ਉਹ 20 ਹਜ਼ਾਰ ਨਕਦੀ ਖੋਹ ਕੇ ਫਰਾਰ ਹੋ ਗਏ । ਡਲਿਵਰੀ ਮੈਨ ਵੱਲੋਂ ਰੌਲਾ ਪਾਉਣ ਕਾਰਨ ਫੜ੍ਹੇ ਜਾਣ ਦੇ ਡਰ ਤੋਂ ਘਬਰਾਹਟ ਵਿੱਚ ਲੁਟੇਰੇ ਮੋਟਰਸਾਇਕਲ ਵੀ ਉੱਥੇ ਛੱਡ ਕੇ ਗਲੀਆਂ ਵਿੱਚ ਫਰਾਰ ਹੋ ਗਏ। ਉੱਧਰ ਪੁਲਿਸ ਵੱਲੋਂ ਮੋਟਰਸਾਈਕਲ ਕਬਜ਼ੇ 'ਚ ਲੈ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੋਟਰਸਾਈਕਲ ਵੀ ਚੋਰੀ ਦਾ ਹੋ ਸਕਦਾ ਹੈ। ਪੁਲਿਸ ਵੱਲੋਂ ਇਸ ਸਬੰਧ ਵਿਚ ਪੜ੍ਹਤਾਲ ਜ਼ਾਰੀ ਹੈ।