ਲਾਲ ਸਿੰਘ ਸੁਲਹਾਨੀ ਦੁਆਰਾ ਲਿਖੀ ਗਈ ਕਿਤਾਬ – ਸਾਹਿਬ ਸ੍ਰੀ ਕਾਂਸ਼ੀ ਰਾਮ ਅਤੇ ਪੰਥਕ ਆਗੂ – ਫਿਰੋਜ਼ਪੁਰ ਵਿੱਚ ਉਦਘਾਟਨ ਅਤੇ ਚਰਚਾ
ਲਾਲ ਸਿੰਘ ਸੁਲਹਾਨੀ ਦੁਆਰਾ ਲਿਖੀ ਗਈ ਕਿਤਾਬ – ਸਾਹਿਬ ਸ੍ਰੀ ਕਾਂਸ਼ੀ ਰਾਮ ਅਤੇ ਪੰਥਕ ਆਗੂ – ਫਿਰੋਜ਼ਪੁਰ ਵਿੱਚ ਉਦਘਾਟਨ ਅਤੇ ਚਰਚਾ
ਫ਼ਿਰੋਜ਼ਪੁਰ, 16-2-2025: ਸ੍ਰ. ਲਾਲ ਸਿੰਘ ਸੁਲਹਾਣੀ ਨੇ ਅੱਜ ਤੋਂ ਤਕਰੀਬਨ ਪੈਂਤੀ ਸਾਲ ਪਹਿਲਾਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸਰਕਾਰੀ ਨੌਕਰੀ ਨੂੰ ਲੱਤ ਮਾਰ ਕੇ ਸਮਾਜ ਦੀ ਸੇਵਾ ਦਾ ਰਾਹ ਅਪਣਾਇਆ। ਉਹ ਨਾ ਕੇਵਲ ਸਾਹਿਬ ਸ੍ਰੀ ਕਾਂਸ਼ੀ ਰਾਮ ਵੱਲੋਂ ਆਰੰਭੇ ਸਮਾਜਿਕ ਤਬਦੀਲੀ ਦੇ ਸੰਘਰਸ਼ ਦੇ ਯੋਧੇ ਸਿਪਾਹੀ ਹਨ ਸਗੋਂ ਕਲਮ ਨਾਲ ਵੀ ਇਸ ਇਨਕਲਾਬ ਵਿੱਚ ਆਪਣਾ ਹਿੱਸਾ ਪਾ ਰਹੇ ਹਨ। ਉਹਨਾਂ ਦੇ ਤਿਆਗ ਤੇ ਮਿਸ਼ਨ ਪ੍ਰਤੀ ਸਮਰਪਣ ਸਲਾਹੁਣਯੋਗ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਾ.ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਨੇ ਅੱਜ ਇੱਥੇ ਸਮਾਜ ਦੇ ਦੱਬੇ ਕੁਚਲੇ ਲਤਾੜੇ ਵਰਗ ਨੂੰ ਚੇਤਨ ਕਰਨ ਲਈ ਨਿਰੰਤਰ ਯਤਨਸ਼ੀਲ ਸੰਸਥਾ ‘ਲੋਕ ਚੇਤਨਾ ਵਿਕਾਸ ਮੰਚ ( ਰਜਿ:) ਵੱਲੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਤੇ ਜ਼ਿਲ੍ਹਾ ਲਾਇਬ੍ਰੇਰੀ ਫਿਰੋਜ਼ਪੁਰ ਦੇ ਸਹਿਯੋਗ ਨਾਲ ਜ਼ਿਲ੍ਹਾ ਲਾਇਬ੍ਰੇਰੀ ਦੇ ਰੀਡਿੰਗ ਰੂਮ ਵਿਚ ਕਰਵਾਏ ਸਮਾਗਮ ਵਿੱਚ ਪ੍ਰਸਿੱਧ ਲੇਖਕ ਅਤੇ ਬਹੁਜਨ ਆਗੂ ਸ੍ਰ. ਲਾਲ ਸਿੰਘ ਸੁਲਹਾਣੀ ਦੀ ਪੁਸਤਕ “ਸਾਹਿਬ ਸ੍ਰੀ ਕਾਂਸ਼ੀ ਰਾਮ ਅਤੇ ਪੰਥਕ ਆਗੂ” ਦੇ ਲੋਕ ਅਰਪਣ ਅਤੇ ਵਿਚਾਰ ਚਰਚਾ ਸਮਾਗਮ ਮੌਕੇ ਬੋਲਦਿਆਂ ਕੀਤਾ।
ਇਸ ਸਮਾਗਮ ਵਿੱਚ ਸਾਬਕਾ ਰਾਜ ਸਭਾ ਮੈਂਬਰ ਸ੍ਰ.ਅਵਤਾਰ ਸਿੰਘ ਕਰੀਮਪੁਰੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦੋਂ ਕਿ ਪ੍ਰਧਾਨਗੀ ਜਥੇਦਾਰ ਗੁਰਦੀਪ ਸਿੰਘ ਸਾਬਕਾ ਸੰਪਾਦਕ ‘ ਅੱਜ ਦੀ ਆਵਾਜ਼’ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਸ੍ਰ.ਫ਼ਤਿਹ ਜੰਗ ਸਿੰਘ ਚੰਡੀਗੜ੍ਹ, ਕਹਾਣੀਕਾਰ ਗੁਰਮੀਤ ਕੜਿਆਲਵੀ, ਵਿੱਦਿਅਕ ਮਾਹਿਰ ਓਮ ਪ੍ਰਕਾਸ਼ ਸਰੋਏ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾ.ਜਗਦੀਪ ਸਿੰਘ ਸੰਧੂ, ਸ਼ਾਇਰ ਹਰਮੀਤ ਵਿਦਿਆਰਥੀ ਅਤੇ ਕਿਤਾਬ ਦੇ ਲੇਖਕ ਲਾਲ ਸਿੰਘ ਸੁਲਹਾਣੀ ਸ਼ਾਮਲ ਹੋਏ।
ਉੱਘੇ ਸਿੱਖਿਆ ਸ਼ਾਸਤਰੀ ਡਾ.ਰਾਮੇਸ਼ਵਰ ਸਿੰਘ ਕਟਾਰਾ ਦੀ ਭਾਵਪੂਰਤ ਸੰਚਾਲਨਾ ਵਿੱਚ ਸ਼ੁਰੂ ਹੋਏ ਸਮਾਗਮ ਦੌਰਾਨ ਡਾ.ਜਗਦੀਪ ਸਿੰਘ ਸੰਧੂ ਨੇ ਸਮੁੱਚੇ ਹਾਜ਼ਰੀਨ ਨੂੰ ਜੀ ਆਇਆ ਕਿਹਾ ਅਤੇ ਰਿਲੀਜ਼ ਹੋ ਰਹੀ ਕਿਤਾਬ ਨੂੰ ਵੱਖਰੀ ਨੁਹਾਰ ਦੀ ਕਿਤਾਬ ਦੱਸਿਆ। ਬਠਿੰਡੇ ਤੋਂ ਆਈ ਲੋਕ ਗਾਇਕਾ ਗੁਰ ਲਗਨ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਕਿਤਾਬਾਂ ਦੀ ਮਹੱਤਤਾ ਦਰਸਾਉਂਦਾ ਵੰਦਨਾ ਵਾਣੀ ਦਾ ਲਿਖਿਆ ਗੀਤ ਪੇਸ਼ ਕੀਤਾ।
ਸਰਵ ਸ਼੍ਰੀ ਓਂਕਾਰ ਨਾਥ, ਡਾਕਟਰ ਹਰਪ੍ਰੀਤ ਸਿੰਘ ਬਠਿੰਡਾ, ਇੰਗਲੈਂਡ ਵਾਸੀ ਲੇਖਕ ਜਸਵਿੰਦਰ ਰੱਤੀਆਂ, ਮੱਖਣ ਸਿੰਘ ਸਉਨਾ, ਗਿਆਨ ਸੈਦਪੁਰੀ ਸ਼ਾਹ ਕੋਟ, ਲਵਪ੍ਰੀਤ ਸਿੰਘ ਡੁੱਬਈ, ਸਮੇਤ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਰਸਮੀ ਤੌਰ ਤੇ ਪੁਸਤਕ ਦੇ ਲੋਕ ਅਰਪਣ ਦੀ ਰਸਮ ਅਦਾ ਕੀਤੀ। ਪੁਸਤਕ ਬਾਰੇ ਬੋਲਦਿਆਂ ਫ਼ਤਿਹ ਜੰਗ ਸਿੰਘ ਨੇ ਇਸ ਕਿਤਾਬ ਨੂੰ ਸਾਹਿਬ ਕਾਂਸ਼ੀ ਰਾਮ ਜੀ , ਲਾਲ ਸਿੰਘ ਸੁਲਹਾਣੀ ਅਤੇ ਪੰਥਕ ਆਗੂਆਂ ਦੇ ਆਪਸੀ ਰਿਸ਼ਤਿਆਂ ਦੀ ਸੱਚੀ ਸਟੀਕ ਗਵਾਹੀ ਦੇ ਰੂਪ ਵਿੱਚ ਪੇਸ਼ ਕੀਤਾ। ਉੱਘੇ ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਕਿਹਾ ਕਿ ਲੇਖਕ ਆਪਣੇ ਸਮਕਾਲ ਨੂੰ ਚਿਤਰਦਿਆਂ ਸਿੱਖ ਇਤਿਹਾਸ ਅਤੇ ਗੁਰਬਾਣੀ ਦੇ ਫ਼ਲਸਫ਼ੇ ਤੋਂ ਪ੍ਰੇਰਨਾ ਲੈਂਦਾ ਹੈ। ਓਮ ਪ੍ਰਕਾਸ਼ ਸਰੋਏ ਨੇ ਕਿਹਾ ਕਿ ਲੇਖਕ ਦੇ ਮਨ ਵਿੱਚ ਲਤਾੜੇ ਗਏ ਲੋਕਾਂ ਲਈ ਬਹੁਤ ਦਰਦ ਹੈ। ਉਸਨੇ ਇਸ ਪੀੜ ਨੂੰ ਆਪਣੇ ਪਿੰਡੇ ਤੇ ਹੰਢਾਇਆ ਹੈ।
ਇਸ ਮੌਕੇ ਤੇ ਰਜਿੰਦਰ ਸਿੰਘ ਚੇਅਰਮੈਨ ਮਾਨਵ ਸੇਵਾ ਸੁਸਾਇਟੀ ਬਠਿੰਡਾ, ਸਿਮਰਨ ਕੌਰ ਐਮ.ਸੀ. ਬਠਿੰਡਾ ਵੱਲੋਂ ਪ੍ਰਧਾਨਗੀ ਮੰਡਲ ਅਤੇ ਬੁਲਾਰਿਆਂ ਦਾ ਸਨਮਾਨਿਤ ਕੀਤਾ ਗਿਆ।
ਸ਼ਾਇਰ ਹਰਮੀਤ ਵਿਦਿਆਰਥੀ ਨੇ ਕਿਹਾ ਕਿ ਬਹੁਜਨ ਦਾ ਫ਼ਲਸਫ਼ਾ ਗੁਰਬਾਣੀ ਦੇ ਫ਼ਲਸਫ਼ੇ ਨਾਲ ਇੱਕ ਸੁਰ ਹੈ ਇਸ ਨੂੰ ਵਿਰੋਧੀ ਜੁੱਟ ਬਣਾ ਲੋਕਾਂ ਨੂੰ ਆਪੋ ਵਿੱਚ ਲੜਾਉਣ ਦੀ ਸਾਜ਼ਿਸ਼ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ। ਉਹਨਾਂ ਨੇ ਫ਼ਿਰੋਜ਼ਪੁਰ ਵਿੱਚ ਹੋਏ ਇਸ ਵੱਖਰੀ ਤਰ੍ਹਾਂ ਦੀ ਵਿਚਾਰ ਚਰਚਾ ਲਈ ਲੋਕ ਚੇਤਨਾ ਵਿਕਾਸ ਮੰਚ ਨੂੰ ਮੁਬਾਰਕਬਾਦ ਦਿੱਤੀ ਅਤੇ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਲੇਖਕਾਂ, ਬੁੱਧੀਜੀਵੀਆਂ ਅਤੇ ਰਾਜਸੀ ਕਾਰਕੁੰਨਾਂ ਦਾ ਇਸ ਸਮਾਗਮ ਨੂੰ ਸਫ਼ਲ ਬਨਾਉਣ ਲਈ ਧੰਨਵਾਦ ਕੀਤਾ।
ਤਕਰੀਬਨ ਸਾਢੇ ਤਿੰਨ ਘੰਟੇ ਚੱਲੀ ਇਸ ਵਿਚਾਰ ਗੋਸ਼ਟੀ ਵਿੱਚ ਸਰਵ ਸ਼੍ਰੀ ਕਰਨੈਲ ਸਿੰਘ ਭਾਵੜਾ, ਗੁਰਿੰਦਰ ਪਾਲ ਸਿੰਘ ਸੁਲਹਾਣੀ, ਜਸਵਿੰਦਰ ਸਿੰਘ ਸੁਲਹਾਣੀ, ਗੁਰਦਿਆਲ ਸਿੰਘ ਵਿਰਕ , ਸੁਖਦੇਵ ਸਿੰਘ ਭੱਟੀ, ਕਰਨ ਭੀਖੀ ਸਾਹਿਬਦੀਪ ਪ੍ਰਕਾਸ਼ਨ ਮਾਨਸਾ, ਰਵਿੰਦਰ ਸਿੰਘ ਭੱਟੀ ਬਠਿੰਡਾ, ਡਾ.ਨਿਰਮਲ ਸਿੰਘ ਪੱਟੀ, ਬਲਦੇਵ ਸਿੰਘ ਭੁੱਲਰ, ਹਰਦੇਵ ਸਿੰਘ ਤਖਾਣਵੱਧ, ਸੁਨੀਤਾ ਰਾਣੀ ਮੋਗਾ, ਅਮਨਦੀਪ ਕੌਰ ਡਗਰੂ, ਐਡਵੋਕੇਟ ਅਵਤਾਰ ਕ੍ਰਿਸ਼ਨ ਕੋਟਕਪੂਰਾ, ਉਪਕਾਰ ਸਿੰਘ ਮੁਕਤਸਰ, ਇੰਜੀ: ਗਿਆਨ ਚੰਦ ਜਲਾਲਾਬਾਦ , ਗਗਨਦੀਪ ਸਿੰਘ ਫੂਲ, ਜਸਬੀਰ ਸਿੰਘ ਪਿਆਰੇਆਣਾ, ਐਡਵੋਕੇਟ ਮਲਕੀਤ ਖੋਖਰ, ਪ੍ਰਕਾਸ਼ ਦੋਸ਼ੀ ਜਲਾਲਾਬਾਦ , ਸੋਨੂੰ ਆਰਿਫੀ ਫਰੀਦਕੋਟ, ਕੁਲਵੰਤ ਸਿੰਘ ਜਗਰਾਉਂ, ਸ਼ਿੰਗਾਰਾ ਸਿੰਘ ਐਸ.ਡੀ.ਓ., ਬੂਟਾ ਸਿੰਘ ਜ਼ੀਰਾ. ਅਮਰਜੀਤ ਸਿੰਘ ਘਾਰੂ, ਗੁਰਚਰਨ ਸਿੰਘ ਬਜੀਦਪੁਰ, ਸਵਰਨਜੀਤ ਸਿੰਘ, ਤਸਵੀਰ ਲਾਲ, ਸੁਖਦੇਵ ਸਿੰਘ ਯੂਕੋ, ਹਦਾਇਤ ਪ੍ਰਧਾਨ, ਰਾਕੇਸ਼ ਲਹੌਰਾ, ਰਾਕੇਸ਼ ਭਾਰਤੀ, ਬਲਵਿੰਦਰ ਸਿੰਘ ਮੱਲਵਾਲ, ਸੁਖਦੇਵ ਸਿੰਘ ਸ਼ੀਰਾ, ਸੰਤ ਰਾਮ ਮੱਲੀ, ਤਰਲੋਕ ਸਿੰਘ ਸੁਪਰਡੈਂਟ, ਇੰਦਰਜੀਤ ਸਿੰਘ ਸੇਖਾ, ਨਾਇਬ ਸਿੰਘ ਗਿੱਲ ਮੋਗਾ, ਬਿੱਕਰ ਸਿੰਘ ਬਧਨੀ ਕਲਾਂ, ਡਾਕਟਰ ਬਲਜੀਤ ਸਿੰਘ ਮੋਗਾ, ਕਰਨੈਲ ਸਿੰਘ ਕਾਲੇਕੇ ਸਮੇਤ ਵੱਡੀ ਗਿਣਤੀ ਵਿੱਚ ਸਰੋਤੇ ਮੌਜੂਦ ਰਹੇ। ਲੋਕ ਚੇਤਨਾ ਵਿਕਾਸ ਮੰਚ ਦਾ ਇਹ ਸਮਾਗਮ ਲੰਮੇ ਸਮੇਂ ਤੱਕ ਇਤਿਹਾਸਿਕ ਸਮਾਗਮ ਵਜੋਂ ਯਾਦ ਰੱਖਿਆ ਜਾਵੇਗਾ