Ferozepur News

ਰੈੱਡ ਕਰਾਸ ਦਿਵਸ ਤੇ ਵਿਸ਼ੇਸ਼

ਮੋਜੂਦਾ ਦੋਰ ਵਿੱਚ ਮਨੁੱਖਤਾ ਦੀ ਭਲਾਈ ਲਈ ਰੈਡ ਕਰਾਸ ਦੀ ਜਿੰਮੇਵਾਰੀ ਹੋਰ ਵਧੀ-ਡਾ. ਸਤਿੰਦਰ ਸਿੰਘ

ਰੈੱਡ ਕਰਾਸ ਦਿਵਸ ਤੇ ਵਿਸ਼ੇਸ਼
ਮੋਜੂਦਾ ਦੋਰ ਵਿੱਚ ਮਨੁੱਖਤਾ ਦੀ ਭਲਾਈ ਲਈ ਰੈਡ ਕਰਾਸ ਦੀ ਜਿੰਮੇਵਾਰੀ ਹੋਰ ਵਧੀ
ਰੈੱਡ ਕਰਾਸ ਦਿਵਸ ਤੇ ਵਿਸ਼ੇਸ਼
08 ਮਈ ਦਾ ਦਿਨ ਪੂਰੇ ਵਿਸ਼ਵ ਵਿਚ ਰੈੱਡ ਕਰਾਸ ਦਿਵਸ ਵਜੋਂ ਮਨਾਇਆ ਜਾਂਦਾ ਹੈ । ਇਹ ਦਿਹਾੜਾ ਰੈੱਡ ਕਰਾਸ ਦੇ ਬਾਨੀ ਸਰ ਜੀਨ ਹੈਨਰੀ ਡਿਊਨਾ ਦੇ ਜਨਮ ਦਿਨ ਨੂੰ ਸਮਰਪਿਤ ਕਰਕੇ ਮਨਾਇਆ ਜਾਂਦਾ ਹੈ ।ਰੈੱਡ ਕਰਾਸ ਦਾ ਨਾਮ ਆਉਂਦਿਆਂ ਹੀ ਸਾਡੇ ਸਾਹਮਣੇ ਮਨੁੱਖੀ ਸੇਵਾ ਦੀ ਭਾਵਨਾ ਪੈਦਾ ਹੋ ਜਾਂਦੀ ਹੈ, ਕਿਉਂਕਿ ਇਸ ਸੰਸਥਾ ਦਾ ਜਨਮ ਹੀ ਜੰਗ ਸਮੇਂ ਫੱਟੜ ਹੋਏ ਸੈਨਿਕਾਂ ਦੀ ਸੇਵਾ ਸੰਭਾਲ ਕਰਨਾ, ਵਿਸ਼ਵ ਵਿੱਚ ਕੁਦਰਤੀ ਆਫ਼ਤਾਂ, ਹੜ੍ਹਾਂ ,ਸੋਕੇ ,ਭੂਚਾਲ ਅਤੇ ਭਿਅੰਕਰ  ਬੀਮਾਰੀਆਂ ਤੋਂ ਪੀੜਤ ਲੋਕਾਂ ਦੀ ਬਿਨਾਂ ਕਿਸੇ ਭੇਦ ਭਾਵ, ਜਾਤ ਪਾਤ ,ਨਸਲ ,ਕੌਮ, ਦਲਗਤ ਰਾਜਨੀਤੀ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਕਰਨਾ ਹੈ ।
ਮੌਜੂਦਾ ਦੌਰ ਵਿੱਚ ਜਦੋਂ ਪੂਰਾ ਵਿਸ਼ਵ ਕੋਵਿਡ -19 ਦੇ ਕਹਿਰ ਨਾਲ ਭਿਅੰਕਰ ਮਹਾਂਮਾਰੀ ਨਾਲ ਜੂਝ ਰਿਹਾ ਹੈ ,ਤਾਂ ਉਸ ਮੌਕੇ ਅਜਿਹੀ ਸੰਸਥਾ ਅਤੇ ਉਸ ਦੇ ਮੈਂਬਰਾਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਕਿਉਂਕਿ ਇਸ ਦਾ ਉਦੇਸ਼ ਹੀ ਮਨੁੱਖੀ ਮੁਸੀਬਤ ਨੂੰ ਘੱਟ ਕਰਨਾ ਹੈ ,ਪੂਰਾ ਵਿਸ਼ਵ ਅੱਜ ਇੱਕ ਹੀ ਕਿਸਮ ਦੀ ਬੀਮਾਰੀ ਖਿਲਾਫ ਲੜ ਰਿਹਾ ਹੈ ,ਤਾਂ ਉਸ ਮੌਕੇ ਰੈੱਡ ਕਰਾਸ ਸੁਸਾਇਟੀ ਜਿਸ ਦੀਆਂ 195 ਤੋਂ ਵੱਧ ਦੇਸ਼ਾਂ ਵਿੱਚ ਸ਼ਾਖਾਵਾ ਹਨ ,ਜੋ ਪੂਰੇ ਵਿਸ਼ਵ ਨੂੰ ਮਨੁੱਖਤਾ ਦੀ ਭਲਾਈ ਵਿੱਚ ਲੱਗੀਆਂ ਸਮਾਜ ਸੇਵੀ ਸੰਸਥਾਵਾਂ ਲਈ ਵਿਸ਼ਵ ਵਿਆਪੀ ਸੇਧ ਦੇ ਕੇ ਮੋਹਰੀ ਰੋਲ ਅਦਾ ਕਰ ਸਕਦੀ ਹੈ ।ਅਜਿਹੇ ਉਪਰਾਲੇ ਕੁਝ ਹੱਦ ਤੱਕ ਕੀਤੇ ਵੀ ਜਾ ਰਹੇ ਹਨ।
ਪੰਜਾਬ ਦੀ ਪਵਿੱਤਰ ਧਰਤੀ ਤੇ ਤਾਂ ਇਹ ਮਨੁੱਖਤਾ ਦੀ ਸੇਵਾ ਦੀ ਭਾਵਨਾ ਭਾਈ ਘਨ੍ਹੱਈਆ ਜੀ ਨੇ ਸੈਂਕੜੇ ਸਾਲ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਮੁਗਲਾਂ ਅਤੇ ਪਹਾੜੀ ਰਾਜਿਆਂ ਵਿਰੁੱਧ ਹੋਈ ਲੜਾਈ ਮੌਕੇ ਜ਼ਖ਼ਮੀ ਸਿਪਾਹੀਆਂ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਪਾਣੀ ਪੀਲਾ ਅਤੇ ਮਰਹਮ ਪੱਟੀ ਕਰਕੇ, ਅਜਿਹੀ ਹੀ ਸੋਚ ਅਤੇ ਭਾਵਨਾ ਦੀ ਜੋਤ ਨੂੰ ਰੋਸ਼ਨ ਕੀਤਾ ਸੀ ਅਤੇ ਮਨੁੱਖਤਾ ਦੀ ਰੱਜ ਕੇ ਸੇਵਾ ਕੀਤੀ । ਮਨੁੱਖੀ ਸੇਵਾ ਦੀ ਅਜਿਹੀ ਮਿਸਾਲ ਪੂਰੇ ਵਿਸ਼ਵ ਵਿੱਚ ਸਰਵ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਿਚ ਸਫਲ ਰਹੀ, ਜਿਸ ਉੱਪਰ ਚੱਲ ਕੇ ਰੈੱਡ ਕਰਾਸ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਮਾਨਵਤਾ ਦੀ ਸੇਵਾ ਵਿਚ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ ।
ਅੱਜ ਦੇ ਪਦਾਰਥਵਾਦੀ ਯੁੱਗ ਵਿਚ ਜਿੱਥੇ ਪੈਸੇ ਦੀ ਖਾਤਰ ਖ਼ੂਨ ਸਫ਼ੈਦ ਹੋ ਰਿਹਾ ਹੈ, ਉੱਥੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਰੈੱਡ ਕਰਾਸ ਸੰਸਥਾ ਵੱਲੋਂ ਆਰਥਿਕ ਪੱਖੋਂ ਕਮਜ਼ੋਰ ਲੋਕਾਂ, ਵਿਧਵਾਵਾਂ ,ਅਪਾਹਜਾਂ, ਲੋੜਵੰਦਾ,ਰੋਗੀਆਂ ਅਤੇ ਬੇਸਹਾਰਾ ਲੋਕਾਂ ਨੂੰ ਹਰ ਸੰਭਵ ਮੱਦਦ ਕੀਤੀ ਜਾਂਦੀ ਹੈ ।
ਮੁੱਢਲੀ ਸਹਾਇਤਾ ਦੇਣ ਲਈ ਨੌਜਵਾਨਾਂ ਨੂੰ ਟਰੇਂਡ ਕਰਨ ਦਾ ਕੰਮ ਵੀ ਰੈੱਡ ਕਰਾਸ ਦਾ ਸ਼ਲਾਘਾਯੋਗ ਉਪਰਾਲਾ ਹੈ ਕਿਉਂਕਿ ਕਿਸੇ ਐਮਰਜੈਂਸੀ ਹਾਲਾਤ ਵਿੱਚ ਉੱਥੇ ਮੌਕੇ ਤੇ ਸਿਰਫ ਹਾਜ਼ਰ ਸਮਾਨ ਦੀ ਮਦਦ ਨਾਲ ਹੀ ਦਿੱਤੀ ਜਾਂਦੀ ਅਜਿਹੀ ਸਹਾਇਤਾ ਹੈ, ਜਿਸ ਦਾ ਮੁੱਖ ਉਦੇਸ਼ ਪੀੜਤ ਦੇ ਜੀਵਨ ਨੂੰ ਬਚਾਉਣਾ ,ਉਸ ਦੇ ਦਰਦ ਨੂੰ ਘੱਟ ਕਰਨਾ, ਅਤੇ ਸੁਰੱਖਿਅਤ ਢੰਗ ਨਾਲ ਸੁਰੱਖਿਆ ਸਥਾਨ ਤੇ ਪਹੁੰਚਾਉਣਾ ਹੈ ।ਸਾਡੇ ਆਲੇ ਦੁਆਲੇ ਵਿੱਚ ਸੜਕੀ ਹਾਦਸੇ ਹੋਣਾ, ਅੱਗ ਲੱਗਣਾ ,ਹੱਡੀ ਟੁੱਟਣਾ, ਸੱਪ ਜਾਂ ਜ਼ਹਿਰੀਲੇ ਕੀੜੇ ਦਾ ਕੱਟਨਾ ,ਕਰੰਟ ਲੱਗਣਾ ,ਦਿਲ ਦਾ ਦੌਰਾ ਪੈਣਾ ਆਂਦਿ ਘਟਨਾਵਾਂ ਅਕਸਰ ਹੀ ਵਾਪਰਦੀਆਂ ਹਨ। ਅਜਿਹੇ ਮੌਕੇ ਮੁੱਢਲੀ ਸਹਾਇਤਾ ਪੀੜਤ ਲਈ ਵਰਦਾਨ ਸਾਬਤ ਹੁੰਦੀ ਹੈ ।
      ਰੈੱਡ ਕਰਾਸ ਸੁਸਾਇਟੀ ਵੱਲੋਂ ਯੂਥ ਕਲੱਬਾਂ ਅਤੇ ਵਿੱਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਲਗਾਏ ਜਾਂਦੇ ਖੂਨਦਾਨ ਕੈਂਪ ਸਮਾਜ ਵਿੱਚ ਖ਼ੂਨਦਾਨ ਲਹਿਰ ਪੈਦਾ ਕਰਨ ਵਿੱਚ ਸਹਾਈ ਹੁੰਦੇ ਹਨ। ਸਮੇਂ ਸਮੇਂ ਤੇ ਪਿਛੜੇ ਇਲਾਕੇ ਵਿੱਚ ਪਹੁੰਚ ਕੇ ਰੈੱਡ ਕਰਾਸ ਵੱਲੋਂ ਲੋਕਾਂ ਨੂੰ ਸਿਹਤ ,ਸਫ਼ਾਈ ਅਤੇ ਸਿੱਖਿਆ ਪ੍ਰਤੀ ਜਾਗਰੂਕ ਕਰਨ ਦੀ ਪਹਿਲ ਵੀ ਸਮਾਜ ਲਈ ਲਾਹੇਵੰਦ ਸਾਬਿਤ ਹੁੰਦੀ ਹੈ ।
ਨਸ਼ਾ ਅੱਜ ਇੱਕ ਅੰਤਰਰਾਸ਼ਟਰੀ ਗੰਭੀਰ ਸਮੱਸਿਆ ਬਣ ਚੁੱਕਿਆ ਹੈ, ਇਸ ਦੇ ਖਿਲਾਫ ਰੈੱਡ ਕਰਾਸ ਦੀ ਪੰਜਾਬ ਇਕਾਈ ਵੱਲੋਂ ਸਮੇਂ ਸਮੇਂ ਤੇ ਜ਼ੋਰਦਾਰ ਮੁਹਿੰਮ ਚਲਾਈ ਜਾਂਦੀ ਰਹੀ ਹੈ ,ਨਸ਼ੇ ਛੁਡਾਊ ਕੇਂਦਰਾਂ ਵਿੱਚ ਰਸਤੇ ਤੋਂ ਭਟਕੇ ਨੌਜਵਾਨਾਂ ਦੀ ਹਰ ਸੰਭਵ ਮੱਦਦ ਵੀ ਕੀਤੀ ਜਾਦੀ ਹੈ।
     ਵਾਤਾਵਰਨ ਸੰਭਾਲ ,ਮੈਡੀਕਲ ਕੈਂਪ ਲਗਾਉਣਾ , ਸਿੱਖਿਆ ਅਤੇ ਸਿਹਤ ਵਿਭਾਗ ਦੀ ਮੱਦਦ ਨਾਲ ਲਗਾਏ ਜਾਂਦੇ ਸੈਮੀਨਾਰ ਅਤੇ ਜਾਗਰੂਕਤਾ ਕੈਂਪ ਵੀ ਰੈੱਡ ਕਰਾਸ ਦਾ ਸਮਾਜ ਨੂੰ  ਉਸਾਰੂ ਸੇਧ ਦੇਣ ਵਾਲਾ ਕਦਮ ਹੈ ।
ਰੈੱਡ ਕਰਾਸ ਸੁਸਾਇਟੀ ਦੀ ਫਿਰੋਜ਼ਪੁਰ ਸ਼ਾਖਾ ਵੱਲੋਂ ਸਮੇਂ ਸਮੇਂ ਤੇ ਅੰਗਹੀਣਾਂ ਨੂੰ ਟਰਾਈਸਾਈਕਲ ,ਨਕਲੀ ਅੰਗ, ਕੈਲੀਪਰ ਅਤੇ ਫੌੜ੍ਹੀਆਂ ਦੇਣ ਲਈ ਲਗਾਏ ਜਾਂਦੇ ਕੈਂਪ ਲੋੜਵੰਦਾਂ ਲਈ ਬੇਹੱਦ ਸਹਾਈ ਹੁੰਦੇ ਹਨ। ਇਸ ਤੋਂ ਇਲਾਵਾ ਮਰੀਜ਼ਾਂ ਨੂੰ ਸਸਤੀ ਦਵਾਈ ਪ੍ਰਦਾਨ ਕਰਨ ਲਈ ਜਨ ਔਸ਼ਧੀ ਕੇਂਦਰ ,ਫਿਜੀਓਥਰੈਪੀ ਸੈਂਟਰ ਅਤੇ ਪੰਘੂੜਾ ਸਕੀਮ ਦਾ ਚਲਾਉਣਾ ਚੰਗਾ ਉਪਰਾਲਾ ਹੈ ।
ਮੌਜੂਦਾ ਦੌਰ ਵਿੱਚ ਪੂਰਾ ਵਿਸ਼ਵ ਭਿਅੰਕਰ  ਸਮੇਂ ਵਿਚੋਂ ਗੁਜ਼ਰ ਰਿਹਾ ਹੈ, ਆਉ ਅੱਜ ਰੈਡ ਕਰਾਸ ਦਿਵਸ ਮੌਕੇ ਸਰ ਹੈਨਰੀ ਡਿਊਨਾ ਦੇ ਦਿਖਾਏ ਰਸਤੇ ਤੇ ਚੱਲਣ ਦਾ ਪ੍ਰਣ ਕਰੀਏ ਅਤੇ ਗੁਰੂ ਸਾਹਿਬਾਨ ਵੱਲੋਂ ਦਿੱਤੇ ਸੰਦੇਸ਼ ਅਨੁਸਾਰ ਸਰਬੱਤ ਦਾ ਭਲਾ ਦੀ ਅਰਦਾਸ ਕਰੀਏ ।
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ॥
ਇਸ ਸੰਕਟ ਦੀ ਘੜੀ ਦੇ ਵਿੱਚ ਸਰਬੱਤ ਦਾ ਭਲਾ, ਸਮੁੱਚੀ ਮਨੁੱਖ ਜਾਤੀ ਵਿੱਚ ਪਰਮਾਤਮਾ ਦੀ ਜੋਤ ਸਮਝ ਕੇ ਬਿਨਾਂ ਕਿਸੇ ਮਜ਼ਹਬ ,ਜਾਤ ਪਾਤ, ਕੌਮ ਦੇ ਵਿਤਕਰੇ ਦੇ ਨਿਰਪੱਖ ਹੋ ਕੇ ਗੁਰਬਾਣੀ ਵਿੱਚ ਦਿੱਤੇ ਸੰਦੇਸ਼ ਅਨੁਸਾਰ ਕਰੀਏ
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕੋ ਬਣ ਆਈ ॥
ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਪ੍ਰਿੰਸੀਪਲ
ਮੈਬਰ ਜਿਲਾਂ ਰੈਡ ਕਰਾਸ ਸੁਸਾਇਟੀ ਫਿਰੋਜ਼ਪੁਰ .

Related Articles

Leave a Reply

Your email address will not be published. Required fields are marked *

Back to top button