ਰੇਲਵੇ ਟਰੈਕ ਉੱਤੇ ਲੱਗੇ ਪੱਕੇ ਮੋਰਚੇ ਦੇ ਤੀਜੇ ਦਿਨ ਭਰਵੀਂ ਸ਼ਮੂਲੀਅਤ, ਪੰਜਾਬ ਦੇ ਸੰਸਦ ਮੈਂਬਰਾਂ ਦੇ ਅਸਤੀਫੇ ਦੇਣ ਦੀ ਮੰਗ, ਸੰਸਦ ਮੈਂਬਰ ਤੇ ਆਗੂਆਂ ਨੂੰ ਪਿੰਡਾਂ ਵਿੱਚ ਨਾ ਵੜਨ ਦੇਣ ਦਾ ਐਲਾਨ
ਰੇਲਵੇ ਟਰੈਕ ਉੱਤੇ ਲੱਗੇ ਪੱਕੇ ਮੋਰਚੇ ਦੇ ਤੀਜੇ ਦਿਨ ਭਰਵੀਂ ਸ਼ਮੂਲੀਅਤ, ਪੰਜਾਬ ਦੇ ਸੰਸਦ ਮੈਂਬਰਾਂ ਦੇ ਅਸਤੀਫੇ ਦੇਣ ਦੀ ਮੰਗ, ਸੰਸਦ ਮੈਂਬਰ ਤੇ ਆਗੂਆਂ ਨੂੰ ਪਿੰਡਾਂ ਵਿੱਚ ਨਾ ਵੜਨ ਦੇਣ ਦਾ ਐਲਾਨ
26-9-2020: ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨੇ ਆਰਡੀਨੈਂਸ ਤੇ ਹੰਕਾਰੀ ਰਵੱਈਏ ਦੇ ਵਿਰੋਧ ਵਿਚ ਪੰਜਾਬ ਬੰਦ ਨੂੰ ਪੰਜਾਬ ਦੇ ਸਾਰੇ ਵਰਗਾਂ ਵੱਲੋਂ ਦੇਸ਼ ਭਰ ਵਿੱਚ ਮਿਲੇ ਭਰਪੂਰ ਹੁੰਗਾਰੇ ਦਾ ਧੰਨਵਾਦ ਕਰਦਿਆਂ ਅੱਜ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਵਲੋਂ ਰੇਲਵੇ ਟਰੈਕ ਬਸਤੀ ਟੈਂਕਾਂ ਵਾਲੀ ਉੱਤੇ ਲੱਗੇ ਪੱਕੇ ਮੋਰਚੇ ਦੇ ਤੀਜੇ ਦਿਨ ਭਰਵੀਂ ਸ਼ਮੂਲੀਅਤ ਕੀਤੀ ਤੇ ਮੋਦੀ ਸਰਕਾਰ ਖਰਾਬ ਜੋਰਦਾਰ ਨਾਅਰੇਬਾਜ਼ੀ ਕੀਤੀ।
ਧਰਨਾਕਾਰੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ,ਜਸਬੀਰ ਸਿੰਘ ਪਿੱਦੀ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਰਣਬੀਰ ਸਿੰਘ ਠੱਠਾ, ਮੰਗਲ ਸਿੰਘ ਗੁੰਦੜਢੰਡੀ, ਗੁਰਬਖਸ਼ ਸਿੰਘ ਪੰਜ ਗਰਾਈ ਤੇ ਸੁਰਿੰਦਰ ਸਿੰਘ ਫਾਜ਼ਿਲਕਾ ਨੇ ਪੰਜਾਬ ਦੇ 13 ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰਾਂ ਦੇ ਤੁਰੰਤ ਅਸਤੀਫੇ ਦੇਣ ਦੀ ਮੰਗ ਕਰਦਿਆਂ ਭਾਜਪਾ ਦੇ ਸੰਸਦ ਮੈਂਬਰਾਂ ਤੇ ਆਗੂਆਂ ਨੂੰ ਪਿੰਡਾਂ ਵਿੱਚ ਨਾ ਵੜਨ ਦੇਣ ਦਾ ਐਲਾਨ ਕੀਤਾ।
ਕਿਸਾਨ ਆਗੂ ਅੱਗੇ ਕਿਹਾ ਕਿ ਪੰਜਾਬ ਬੰਦ ਦੇ ਸੱਦੇ ਨੂੰ ਸਾਰੇ ਵਰਗਾਂ ਤੇ ਦੇਸ਼ ਵਾਸੀਆਂ ਵੱਲੋਂ ਮਿਲੇ ਜ਼ਬਰਦਸਤ ਹੁੰਗਾਰੇ ਨੂੰ ਦੇਖਦਿਆਂ ਮੋਦੀ ਸਰਕਾਰ ਨੂੰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ, ਤੁਰੰਤ ਤਿੰਨੇ ਖੇਤੀ ਆਰਡੀਨੈੱਸ ਤੇ ਹੋਰ ਲੋਕ ਵਿਰੋਧੀ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ। ਕਿਉਂਕਿ ਇਨ੍ਹਾਂ ਆਰਡੀਨੈਂਸਾਂ ਨਾਲ ਦੇਸ਼ ਦਾ 85% ਅੰਨਦਾਤਾ ਖੇਤੀ ਕਿੱਤੇ ਵਿੱਚੋਂ ਬਾਹਰ ਹੋ ਜਾਵੇਗਾ। ਕਾਰਪੋਰੇਟ ਜ਼ਮੀਨਾਂ ਉੱਤੇ ਕਬਜ਼ੇ ਕਰਕੇ ਕਿਸਾਨਾਂ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜ ਦੇਣਗੇ। ਕਿਸਾਨ ਆਗੂਆਂ ਨੇ ਭਾਜਪਾ ਸਰਕਾਰ ਨੂੰ ਸਖ਼ਤ ਤਾੜਨਾ ਕਰਦਿਆਂ ਜ਼ੋਰਦਾਰ ਮੰਗ ਕੀਤੀ ਹੈ ਉਕਤ ਤਿੰਨੇ ਖੇਤੀ ਆਰਡੀਨੈਂਸ ਰੱਦ ਕੀਤੇ ਜਾਣ, ਬਿਜਲੀ ਸੋਧ ਬਿੱਲ 2020 ਦਾ ਖਰੜਾ ਰੱਦ ਕੀਤਾ ਜਾਵੇ, ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਕੇ ਡਾ: ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ 23 ਫਸਲਾਂ ਦੇ ਭਾਅ ਲਾਗਤ ਖਰਚਿਆਂ ਵਿੱਚ 50% ਮੁਨਾਫਾ ਜੋੜ ਕੇ ਦਿੱਤੇ ਜਾਣ, ਸਾਰੀਆਂ ਫ਼ਸਲਾਂ ਦੀ ਸਰਕਾਰੀ ਖ਼ਰੀਦ ਗਾਰੰਟੀ ਹੋਵੇ, 60 ਸਾਲ ਤੋਂ ਵੱਧ ਉਮਰ ਵਾਲੇ ਕਿਸਾਨਾਂ ਮਜ਼ਦੂਰਾਂ ਨੂੰ ਸਮਾਜਿਕ ਸੁਰੱਖਿਆ ਅਧੀਨ 10 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ, ਉਨ੍ਹਾਂ ਦੇ ਬੱਚਿਆਂ ਨੂੰ ਬੀ. ਏ. ਤੱਕ ਮੁਫਤ ਵਿੱਦਿਆ ਤੇ ਰੁਜ਼ਗਾਰ ਦੇਣ ਦੀ ਗਰੰਟੀ ਸਰਕਾਰ ਦੀ ਹੋਵੇ।
ਇਸ ਮੌਕੇ ਅਮਨਦੀਪ ਸਿੰਘ ਕੱਚਰ ਭੰਨ, ਬਲਜਿੰਦਰ ਸਿੰਘ ਤਲਵੰਡੀ, ਸੁਖਵੰਤ ਸਿੰਘ ਲੋਹੁਕਾ, ਮਹਿਤਾਬ ਸਿੰਘ, ਬਲਰਾਜ ਸਿੰਘ ਫੇਰੋਕੇ, ਐਡਵੋਕੋਟ ਮਨਜਿੰਦਰ ਸਿੰਘ ਭੁੱਲਰ, ਹਾਈਕੋਰਟ ਦੇ ਐਡਵੋਕੇਟ ਤਰੁਣ ਝੱਟਾ, ਮੇਹਰ ਸਿੰਘ ਤਲਵੰਡੀ, ਗੁਰਭੇਜ ਸਿੰਘ ਧਾਰੀਵਾਲ, ਰਣਜੀਤ ਸਿੰਘ ਚੀਮਾ, ਗੁਰਸਾਹਿਬ ਸਿੰਘ ਪਹੁਵਿੰਡ, ਦਿਲਬਾਗ ਸਿੰਘ ਮਾੜੀਮੇਘਾ, ਮੇਜਰ ਸਿੰਘ ਗਜਨੀਵਾਲਾ, ਫੁੰਮਣ ਸਿੰਘ ਰਾਉਕੇ,ਗੁਰਦੀਪ ਸਿੰਘ, ਮੱਖਣ ਸਿੰਘ, ਜਗਦੀਸ਼ ਸਿੰਘ, ਕੁਲਵੰਤ ਸਿੰਘ ਹਸਤੇਕਲਾਂ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।