ਰਾਸ਼ਟਰੀ ਯੂਥ ਡੇਅ/ਯੂਥ ਵੀਕ ਸਬੰਧੀ ਸਭਿਆਚਾਰਕ ਸਮਾਗਮ ਦਾ ਆਯੋਜਨ
ਫ਼ਿਰੋਜ਼ਪੁਰ 26 ਮਾਰਚ (ਏ. ਸੀ. ਚਾਵਲਾ) ਇੰਜ: ਡੀ.ਪੀ.ਐਸ. ਖਰਬੰਦਾ ਆਈ.ਏ.ਐਸ. ਡਿਪਟੀ ਕਮਿਸ਼ਨਰ, ਫ਼ਿਰੋਜ਼ਪੁਰ ਦੀ ਰਹਿਨੁਮਾਈ ਅਤੇ ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫ਼ਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਅੰਤਰ-ਰਾਸ਼ਟਰੀ ਯੂਥ ਡੇ/ਯੂਥ ਵੀਕ ਦੇ ਸਬੰਧ ਵਿਚ ਕਮਿਊਨਿਟੀ ਹਾਲ ਫ਼ਿਰੋਜ਼ਸ਼ਾਹ ਵਿਖੇ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਸ਼੍ਰੀ ਲਖਵਿੰਦਰ ਸਿੰਘ ਢੀਂਡਸਾ, ਚੇਅਰਮੈਨ, ਬਲਾਕ ਸੰਮਤੀ ਨੇ ਕੀਤਾ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਕਾਲਜਾਂ, ਸਕੂਲਾਂ ਅਤੇ ਯੂਥ ਕਲੱਬਾਂ ਦੇ ਕਲਾਕਾਰਾਂ ਨੇ ਭਾਗ ਲਿਆ। ਪ੍ਰੋਗਰਾਮ ਦੌਰਾਨ ਗਿੱਧਾ, ਮਲਵਈ ਗਿੱਧਾ, ਲੋਕ ਗੀਤ, ਸ਼ਹੀਦ ਭਗਤ ਸਿੰਘ ਤੇ ਸਬੰਧਿਤ ਨਾਟਕ, ਵਿਭਾਗ ਵੱਲੋਂ ਸਟੇਟ ਵਿਜੇਤਾ ਪਰਗਟ ਗਿੱਲ, ਲਵਲੀ ਸੰਧੂ, ਗੁਰਨਾਮ ਸਿੱਧੂ ਨੈਸ਼ਨਲ ਐਵਾਰਡੀ, ਮੇਹਰਦੀਪ ਸਿੰਘ ਅੰਤਰ-ਰਾਸ਼ਟਰੀ ਭੰਗੜਾ ਕਲਾਕਾਰ ਅਤੇ ਦਲਵਿੰਦਰ ਸਿੰਘ ਬੱਬੂ ਵੱਲੋਂ ਗੀਤ ਪੇਸ਼ ਕੀਤੇ ਗਏ ਅਤੇ ਸਰਕਾਰੀ ਪ੍ਰਾਇਮਰੀ ਸਕੂਲ, ਫ਼ਿਰੋਜ਼ਸ਼ਾਹ ਦੇ ਬੱਚਿਆਂ ਵੱਲੋਂ ਕੋਰੀਓਗ੍ਰਾਫੀ ਪੇਸ਼ ਕੀਤੀ ਗਈ। ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ ਨੇ ਸ਼ਿਰਕਤ ਕੀਤੀ। ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਗਾਇਕ ਹਰਮਿਲਾਪ ਗਿੱਲ ਨੇ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਅਤੇ ਸਰੋਤਿਆਂ ਨੂੰ ਆਪਣੀ ਕਲਾ ਨਾਲ ਮੰਤਰ-ਮੁਗਧ ਕੀਤਾ। ਮੰਚ ਸੰਚਾਲਨ ਸ਼੍ਰੀ ਰਾਜਿੰਦਰ ਸਿੰਘ ਰਾਜਾ ਵੱਲੋਂ ਕੀਤਾ ਗਿਆ। ਇਹ ਪ੍ਰੋਗਰਾਮ ਸਵੇਰੇ 11.00 ਵਜੇ ਤੋਂ ਸ਼ਾਮ 5.00 ਤੱਕ ਲਗਭਗ 6 ਘੰਟੇ ਚੱਲਦਾ ਰਿਹਾ ਜਿਸ ਵਿੱਚ ਸਹਾਇਕ ਡਾਇਰੈਕਟਰ ਸ੍ਰ.ਜਗਜੀਤ ਸਿੰਘ ਚਾਹਲ ਮੁੱਖ ਮਹਿਮਾਨ ਅਤੇ ਵੱਖ-ਵੱਖ ਬੁਲਾਰਿਆਂ ਵੱਲੋਂ ਸਵਾਮੀ ਵਿਵੇਕਾਨੰਦ ਜੀ ਦੀਆਂ ਸਿੱਖਿਆਵਾਂ ਤੇ ਲੈਕਚਰ ਅਤੇ ਨੌਜਵਾਨਾਂ ਨੂੰ ਨਸ਼ੇ ਛੱਡਣ ਅਤੇ ਖ਼ੂਨਦਾਨ ਕਰਨ ਲਈ ਪ੍ਰੇਰਿਆ ਗਿਆ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਹਿਤ ਦਸਮੇਸ਼ ਯੂਥ ਕਲੱਬ, ਫ਼ਿਰੋਜ਼ਸ਼ਾਹ ਦੇ ਪ੍ਰਧਾਨ ਸ਼੍ਰੀ ਰਾਜਿੰਦਰ ਸਿੰਘ ਰਾਜਾ ਅਤੇ ਕਲੱਬ ਦੇ ਸਮੂਹ ਮੈਂਬਰ, ਸ਼੍ਰੀਮਤੀ ਸਰਬਜੀਤ ਕੌਰ ਪ੍ਰੋਗਰਾਮ ਅਫ਼ਸਰ ਸਰਕਾਰੀ ਸੀ.ਸੈ.ਸਕੂਲ, ਫ਼ਿਰੋਜ਼ਸ਼ਾਹ, ਪ੍ਰੋ. ਸੁਖਵੰਤ ਸਿੰਘ, ਸ੍ਰੀਮਤੀ ਤਰਨਜੀਤ ਕੌਰ ਸਟੈਨੋ, ਸ੍ਰੀ ਗੁਰਜੀਤ ਸਿੰਘ ਸਟੈਨੋ ਅਤੇ ਸ੍ਰੀ ਬਲਕਾਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਪ੍ਰੋਗਰਾਮ ਦੌਰਾਨ ਵਿਭਾਗ ਵੱਲੋਂ ਪ੍ਰਤੀ ਸਕੂਲ/ਕਾਲਜ ਯੂਥ ਕਲੱਬਾਂ ਲਈ ਭੇਜੀ ਗਈ 10,000/-ਰੁਪਏ ਦੀ ਰਾਸ਼ੀ ਵੀ ਸਕੂਲ/ਕਾਲਜਾਂ ਦੇ ਯੂਥ ਕੋਆਰਡੀਨੇਟਰਾਂ ਨੂੰ ਜਾਰੀ ਕੀਤੀ ਗਈ।