ਰਾਜ ਸੂਚਨਾ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਆਰ.ਟੀ.ਆਈ. ਐਕਟ ਬਾਰੇ ਦਿੱਤੀ ਗਈ ਅਹਿਮ ਜਾਣਕਾਰੀ
ਰਾਜ ਸੂਚਨਾ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਆਰ.ਟੀ.ਆਈ. ਐਕਟ ਬਾਰੇ ਦਿੱਤੀ ਗਈ ਅਹਿਮ ਜਾਣਕਾਰੀ
ਆਰ.ਟੀ.ਆਈ. ਐਕਟ 2005 ਤੋਂ ਘਬਰਾਉਣਾ ਨਹੀਂ, ਸਗੋਂ ਸਮੇਂ ਸਿਰ ਮੁਹੱਈਆ ਕਰਵਾਈ ਜਾਵੇ ਜਾਣਕਾਰੀ – ਅਨੁਮੀਤ ਸਿੰਘ ਸੋਢੀ
ਗੁਰੂਹਰਸਹਾਏ/ਫਿਰੋਜ਼ਪੁਰ, 18 ਅਕਤੂਬਰ 2023.
ਰਾਜ ਸੂਚਨਾ ਕਮਿਸ਼ਨਰ ਪੰਜਾਬ ਅਨੁਮੀਤ ਸਿੰਘ ਸੋਢੀ ਨੇ ਐਸ.ਡੀ.ਐਮ. ਦਫ਼ਤਰ ਗੁਰੂਹਰਸਹਾਏ ਵਿਖੇ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਦੇ ਮੁਖੀਆਂ ਨਾਲ ਆਰ.ਟੀ.ਆਈ ਐਕਟ 2005 ਸਬੰਧੀ ਵਿਚਾਰ ਵਟਾਂਦਰਾ ਕਰਦੇ ਹੋਏ ਕਿਹਾ ਕਿ ਅਧਿਕਾਰੀ ਆਰ.ਟੀ.ਆਈ. ਐਕਟ ਤੋਂ ਬਿਲਕੁਲ ਨਾ ਘਬਰਾਉਣ ਅਤੇ ਪ੍ਰਾਰਥੀਆਂ ਵੱਲੋਂ ਮੰਗੀ ਜਾਂਦੀ ਸੂਚਨਾ ਸਮੇਂ ਸਿਰ ਮੁਹੱਈਆ ਕਰਵਾਉਣ।
ਉਨ੍ਹਾ ਨੇ ਕਿਹਾ ਕਿ ਆਰ.ਟੀ.ਆਈ ਐਕਟ ਸਬੰਧੀ ਪ੍ਰਾਰਥੀਆਂ ਵੱਲੋਂ ਮੰਗੀ ਗਈ ਜਾਣਕਾਰੀ ਨੂੰ ਸਮੇਂ ਸਿਰ ਮੁਹੱਈਆ ਕਰਵਾਉਣ ਦੇ ਲਈ ਜਿੱਥੇ ਆਨਲਾਈਨ ਤਕਨੀਕਾਂ ਦਾ ਸਹਾਰਾ ਲਿਆ ਜਾ ਰਿਹਾ ਹੈ, ਉੱਥੇ ਪ੍ਰਾਰਥੀਆਂ ਨੂੰ ਸਮੇਂ ਸਿਰ ਅਤੇ ਸਹੀ ਜਾਣਕਾਰੀ ਲੈਣ ਦੇ ਲਈ ਸਮੇਂ ਸਮੇਂ ਸਿਰ ਪ੍ਰੇਰਿਤ ਵੀ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਰ.ਟੀ.ਆਈ. ਐਕਟ ਨੂੰ ਅਧਿਕਾਰੀ ਸਹੀ ਢੰਗ ਨਾਲ ਸਮਝਣ ਦੇ ਲਈ ਕਮਿਸ਼ਨ ਵੱਲੋਂ ਲਗਾਏ ਜਾਂਦੇ ਆਨਲਾਈਨ ਸੈਮੀਨਾਰਾਂ ਅਤੇ ਆਨਲਾਈਨ ਤਕਨੀਕਾਂ ਰਾਹੀਂ ਜਾਣਕਾਰੀ ਲੈਂਦੇ ਰਹਿਣ ਤਾਂ ਜੋ ਪ੍ਰਾਰਥੀਆਂ ਦਾ ਜਵਾਬ ਦੇਣ ਸਬੰਧੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ।
ਇਸ ਦੌਰਾਨ ਉਨ੍ਹਾਂ ਨੇ ਆਰ.ਟੀ.ਆਈ. ਨਾਲ ਸਬੰਧਿਤ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਪੁੱਛੇ ਗਏ ਸਵਾਲਾਂ ਸਬੰਧੀ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਅਤੇ ਨਿਰਦੇਸ਼ ਦਿੰਦਿਆਂ ਕਿਹਾ ਕਿ ਆਰ.ਟੀ.ਆਈ. ਐਕਟ ਤੋਂ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ। ਇਸ ਸਬੰਧੀ ਪ੍ਰਾਰਥੀਆਂ ਵੱਲੋਂ ਜੋ ਵੀ ਜਾਣਕਾਰੀ ਮੰਗੀ ਜਾਂਦੀ ਹੈ, ਉਸਨੂੰ ਉਸੇ ਰੂਪ ਵਿੱਚ ਜਾਣਕਾਰੀ ਮੁਹੱਈਆ ਕਰਵਾਉਣ ਨੂੰ ਪਹਿਲ ਦੇਣੀ ਚਾਹੀਦੀ ਹੈ।
ਇਸ ਮੌਕੇ ਐਸ.ਡੀ.ਐਮ. ਗੁਰੂਹਰਸਹਾਏ ਸ੍ਰੀ ਸੂਰਜ, ਡੀ.ਡੀ.ਪੀ.ਓ. ਸ੍ਰੀ ਜਸਵੰਤ ਸਿੰਘ ਬੜੈਚ, ਡੀ.ਐਸ.ਪੀ. ਸ੍ਰੀ ਯਾਦਵਿੰਦਰ ਸਿੰਘ, ਸਕੱਤਰ ਰੈੱਡ ਕਰਾਸ ਸ੍ਰੀ ਅਸ਼ੋਕ ਬਹਿਲ, ਨਾਇਬ ਤਹਿਸੀਲਦਾਰ ਸ੍ਰੀ ਬਲਵਿੰਦਰ ਸਿੰਘ, ਸ੍ਰੀ ਕੇਵਲ ਕ੍ਰਿਸ਼ਨ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਵੀ ਹਾਜ਼ਰ ਸਨ।