Ferozepur News
ਰਾਜਪਾਲ ਵੱਲੋਂ 66ਵੇਂ ਵਣਮਹਾਂ ਉਤਸਵ ਮੌਕੇ ਮਿਸ਼ਨ 'ਗਰੀਨ ਟ੍ਰਿਬਿਊਟ' ਦੀ ਸ਼ੁਰੂਆਤ
ਜੀਵਨ ਦੀ ਰੱਖਿਆ ਲਈ ਰੁੱਖਾਂ ਦੀ ਸੰਭਾਲ ਜਰੂਰੀ-ਰਾਜਪਾਲ ਕਪਤਾਨ ਸਿੰਘ ਸੋਲੰਕੀ
-ਰਾਜਪਾਲ ਵੱਲੋਂ 66ਵੇਂ ਵਣਮਹਾਂ ਉਤਸਵ ਮੌਕੇ ਮਿਸ਼ਨ 'ਗਰੀਨ ਟ੍ਰਿਬਿਊਟ' ਦੀ ਸ਼ੁਰੂਆਤ
-ਪੰਜਾਬ ਦੀ ਗੌਰਵਗਾਥਾ ਤੇ ਰਾਸ਼ਟਰ ਨੂੰ ਮਾਣ-ਰਾਜਪਾਲ
-ਪ੍ਰੋਜੈਕਟ 'ਗਰੀਨ ਟ੍ਰਿਬਿਊਟ' ਕੌਮੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ-ਕਮਲ ਸ਼ਰਮਾ
-25 ਕਰੋੜ ਦੀ ਲਾਗਤ ਨਾਲ ਰਾਜ ਵਿਚ ਬਣੇਗਾ ਵਣ ਖੋਜ ਕੇਂਦਰ-ਚੂਨੀ ਲਾਲ ਭਗਤ
-ਪ੍ਰੋਜੈਕਟ ਗਰੀਨ ਟ੍ਰਿਬਿਊਟ ਨਿਖਾਰੇਗਾ ਫ਼ਿਰੋਜ਼ਪੁਰ ਦੀ ਦਿੱਖ-ਵਿਧਾਇਕ ਜਿੰਦੂ
ਫ਼ਿਰੋਜ਼ਪੁਰ, 2 ਅਗਸਤ, 2015 🙁 Harish Monga ): ਜੀਵਨ ਦੀ ਰੱਖਿਆ ਲਈ ਰੁੱਖਾਂ ਦੀ ਸੰਭਾਲ ਬਹੁਤ ਜ਼ਰੂਰੀ ਹੈ ਅਤੇ ਜੇਕਰ ਮਨੁੱਖ ਨੇ ਆਪਣੇ ਵਣਾਂ ਦੀ ਸੰਭਾਲ ਸਮਾਂ ਰਹਿੰਦੇ ਨਾ ਕੀਤੀ ਤਾਂ ਸਮੁੱਚਾ ਮਨੁੱਖੀ ਜੀਵਨ ਹੀ ਖ਼ਤਰੇ ਵਿਚ ਪੈ ਜਾਵੇਗਾ। ਇਹ ਪ੍ਰਗਟਾਵਾ ਪੰਜਾਬ ਦੇ ਰਾਜਪਾਲ ਸ੍ਰੀ ਕਪਤਾਨ ਸਿੰਘ ਸੋਲੰਕੀ ਨੇ ਅੱਜ ਇੱਥੇ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਵੱਲੋਂ ਇੱਥੇ 66ਵੇਂ ਵਣ ਮਹਾਂਉਤਸਵ ਮੌਕੇ 'ਗਰੀਨ ਟ੍ਰਿਬਿਊਟ' ਪ੍ਰੋਜੈਕਟ ਦਾ ਆਗਾਜ਼ ਕਰਨ ਤੋਂ ਬਾਅਦ ਜੈਨਸਿਜ਼ ਡੈਂਟਲ ਕਾਲਜ ਵਿਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਰਾਜਪਾਲ ਸ੍ਰੀ ਕਪਤਾਨ ਸਿੰਘ ਸੋਲੰਕੀ ਨੇ ਕਿਹਾ ਕਿ ਭਾਰਤੀ ਸਮਾਜ ਵਿਚ ਧਾਰਮਿਕ, ਰਾਸ਼ਟਰੀ ਅਤੇ ਸਮਾਜਿਕ ਤਿਉਹਾਰ ਮਨਾਏ ਜਾਂਦੇ ਹਨ ਜਿਨ੍ਹਾਂ ਦਾ ਸਬੰਧ ਧਰਮ, ਸਭਿਆਚਾਰ ਅਤੇ ਖ਼ੁਸ਼ੀਆਂ ਖੇੜਿਆਂ ਨਾਲ ਹੈ ਪਰ ਵਣ ਲਗਾਉਣ ਦਾ ਉਤਸਵ ਮਹਾਂਉਤਸਵ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਕਿਉਂਕਿ ਰੁੱਖਾਂ ਦਾ ਸਿੱਧਾ ਸਬੰਧ ਮਨੁੱਖ ਦੀ ਹੋਂਦ ਨਾਲ ਜੁੜਿਆ ਹੋਇਆ ਹੈ।
ਫ਼ਿਰੋਜ਼ਪੁਰ ਵਿਖੇ ਵਣ ਮਹਾਂਉਤਸਵ ਦੇ ਉਦਘਾਟਨ ਕਰਨ ਮੌਕੇ ਰਾਜਪਾਲ ਪੰਜਾਬ ਨੇ ਇਸ ਪ੍ਰੋਜੈਕਟ ਨੂੰ ਸ਼ਹੀਦਾਂ ਦੀ ਸ਼ਰਧਾਂਜਲੀ ਨਾਲ ਜੋੜਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਦਾ ਦੇਸ਼ ਦੀ ਸੁਰੱਖਿਆ ਵਿਚ ਅਹਿਮ ਯੋਗਦਾਨ ਰਿਹਾ ਹੈ ਅਤੇ ਪੂਰੇ ਦੇਸ਼ ਨੂੰ ਪੰਜਾਬ ਦੇ ਦੇਸ਼ ਦੀ ਸੁਰੱਖਿਆ ਅਤੇ ਅੰਨ ਸੁਰੱਖਿਆ ਵਿਚ ਪਾਏ ਯੋਗਦਾਨ ਲਈ ਪੁਰੇ ਦੇਸ਼ ਨੂੰ ਇਸ ਸੂਬੇ ਤੇ ਮਾਣ ਹੈ। ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਵੀ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਇਤਿਹਾਸ ਸਿਰਜਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਗੌਰਵਸ਼ਾਲੀ ਪ੍ਰੰਪਰਾ ਹੀ ਪੰਜਾਬ ਦੀ ਅਸਲ ਪੂੰਜੀ ਹੈ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਦੀ ਗੌਰਵਗਾਥਾ ਨੂੰ ਸਮਝ ਕੇ ਪੰਜਾਬ ਦੀ ਵਿਰਾਸਤ ਦੀ ਰੱਖਿਆ ਕਰਨ ਦਾ ਪ੍ਰਣ ਲੈਣ।
ਇਸ ਮੌਕੇ ਪੰਜਾਬ ਦੇ ਲੋਕਾਂ ਨੂੰ ਪੰਜਾਬੀਆਂ ਦੀ ਵਿਰਾਸਤ ਅਨੁਸਾਰ ਰੁਖਾਂ ਨਾਲ ਪਿਆਰ ਕਰਨ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਤੇ ਸੰਭਾਲਣ ਦਾ ਸੱਦਾ ਦਿੰਦਿਆਂ ਪੰਜਾਬ ਦੇ ਰਾਜਪਾਲ ਸ੍ਰੀ ਕਪਤਾਨ ਸਿੰਘ ਸੋਲੰਕੀ ਨੇ ਕਿਹਾ ਕਿ ਰੁੱਖਾਂ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ। ਰੁੱਖਾਂ ਤੋਂ ਹੀ ਮਨੁੱਖ ਨੂੰ ਆਕਸੀਜਨ ਰੂਪੀ ਪ੍ਰਾਣ ਵਾਯੂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡਾ ਆਲਾ ਦੁਆਲਾ ਬੇਹੱਦ ਗੰਧਲਾ ਹੋ ਰਿਹਾ ਹੈ ਅਤੇ ਅਸੀ ਰੁੱਖਾਂ ਸਹਾਰੇ ਹੀ ਆਪਣੇ ਵਾਤਾਵਰਨ ਨੂੰ ਬਚਾਅ ਸਕਦੇ ਹਾਂ। ਉਨ੍ਹਾਂ ਨੇ ਸ਼ਹੀਦ ਸ: ਭਗਤ ਸਿੰਘ, ਰਾਜਗੁਰੂ, ਸੁਖਦੇਵ, ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ 'ਗਰੀਨ ਟ੍ਰਿਬਿਊਟ' ਪ੍ਰੋਜੈਕਟ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ।
ਰਾਜਪਾਲ ਨੇ ਕਿਹਾ ਕਿ ਵਣ ਅਤੇ ਜੰਗਲੀ ਜੀਵਾਂ ਦੀ ਸੰਭਾਲ ਨਾਲ ਹੀ ਅਸੀਂ ਜੀਵ ਵਿਭਿੰਨਤਾ ਦੀ ਰਾਖੀ ਕਰ ਸਕਦੇ ਹਾਂ ਅਤੇ ਇਸ ਨਾਲ ਹੀ ਕੁਦਰਤ ਵਿਚ ਸਮਤੋਲ ਮੁੜ ਬਹਾਲ ਹੋ ਸਕੇਗਾ ਕਿਉਂਕਿ ਮਨੁੱਖ ਦੀ ਹੋਂਦ ਬਚਾਈ ਰੱਖਣ ਲਈ ਕੁਦਰਤ ਦਾ ਸਮਤੋਲ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨੇ ਕਿਹਾ ਕਿ 'ਗਰੀਨ ਮਿਸ਼ਨ ਆਫ਼ ਇੰਡੀਆ' ਦੇਸ਼ ਵਿਚ ਜਿੱਥੇ ਹੋਰ ਰੁੱਖ ਲਗਾ ਕੇ ਵਾਤਾਵਰਨ ਦੀ ਸੁੱਧਤਾ ਵਿਚ ਆਪਣਾ ਯੋਗਦਾਨ ਪਾਏਗਾ ਉੱਥੇ ਹੀ ਇਹ ਮੁਹਿੰਮ ਦਿਹਾਤੀ ਖੇਤਰਾਂ ਖ਼ਾਸ ਕਰਕੇ ਕਬਾਇਲੀ ਖੇਤਰਾਂ ਵਿਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਸਾਲ ਪੰਜਾਬ ਸਰਕਾਰ ਵੱਲੋਂ ਰਾਜ ਅੰਦਰ 1.5 ਕਰੋੜ ਪੌਦੇ ਲਗਾਏ ਜਾਣਗੇ।
ਇਸ ਤੋਂ ਪਹਿਲਾਂ ਪੰਜਾਬ ਦੇ ਵਣ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ੍ਰੀ ਚੂਨੀ ਲਾਲ ਭਗਤ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿਚ ਵਣ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸੇ ਤਹਿਤ ਇਸ ਸਾਲ 60 ਲੱਖ ਕਨੋਲ ਪੌਦੇ ਲਗਾਏ ਜਾ ਰਹੇ ਹਨ। ਇਸ ਤੋਂ ਬਿਨ੍ਹਾਂ 3000 ਹੈਕਟੇਅਰ ਵਿਚ ਸਰਕਾਰੀ ਵਣ ਲਗਾਇਆ ਜਾ ਰਿਹਾ ਹੈ। 25 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ ਵਿਖੇ ਪੰਜਾਬ ਰਾਜ ਵਣ ਖੋਜ ਸੰਸਥਾਨ ਦੀ ਸਥਾਪਨਾ ਕੀਤੀ ਜਾ ਰਹੀ ਹੈ।
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਕਿਹਾ ਕਿ 'ਗਰੀਨ ਟ੍ਰਿਬਿਊਟ' ਪ੍ਰੋਜੈਕਟ ਸ਼ਹੀਦਾਂ ਦੀ ਇਸ ਧਰਤੀ ਵੱਲੋਂ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਅਤੇ ਰਾਜਗੁਰੂ ਤੇ ਸੁਖਦੇਵ ਨੂੰ ਹਰਿਤ ਸ਼ਰਧਾਂਜਲੀ ਹੈ ਜਿਸ ਤਹਿਤ ਗੁਰਦੁਆਰਾ ਜ਼ਾਮਨੀ ਸਾਹਿਬ ਪਿੰਡ ਬਾਜ਼ੀਦਪੁਰ ਤੋਂ ਹੁਸੈਨੀਵਾਲਾ ਤੱਕ 13.02 ਕਿਲੋਮੀਟਰ ਦੀ ਮੁੱਖ ਸੜਕ ਦੇ ਦੋਹੇਂ ਪਾਸੇ ਪੌਦਿਆਂ ਦੀਆਂ 15-15 ਫੁੱਟ ਦੀਆਂ ਹਰਿਤ ਪੱਟੀਆਂ ਲਗਾਈਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ 3.30 ਲੱਖ ਪੌਦੇ ਲਗਾਏ ਜਾਣਗੇ। ਉਨ੍ਹਾਂ ਨੇ ਕੁਦਰਤ ਨਾਲ ਸਮਤੋਲ ਬਿਠਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਲੋਕਾਂ ਦੀ ਭਾਗੀਦਾਰੀ ਨਾਲ ਹੀ ਇਹ ਪ੍ਰੋਜੈਕਟ ਸਫਲ ਸਿੱਧ ਹੋਵੇਗਾ।
ਵਿਧਾਇਕ ਸ: ਜੋਗਿੰਦਰ ਸਿੰਘ ਜਿੰਦੂ ਨੇ ਆਪਣੇ ਸੰਬੋਧਨ ਵਿਚ ਜ਼ਿਲ੍ਹੇ ਵੱਲੋਂ ਇਸ ਪ੍ਰੋਜੈਕਟ ਵਿਚ ਭਰਪੂਰ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਇਸ ਵਕਾਰੀ ਪ੍ਰੋਜੈਕਟ ਲਈ ਫ਼ਿਰੋਜ਼ਪੁਰ ਜ਼ਿਲ੍ਹੇ ਨੂੰ ਚੁਣਨ ਅਤੇ ਇਸ ਦੇ ਅਗਾਜ ਮੌਕੇ ਪੁੱਜਣ ਲਈ ਪੰਜਾਬ ਦੇ ਰਾਜਪਾਲ ਸ੍ਰੀ ਕਪਤਾਨ ਸਿੰਘ ਸੋਲੰਕੀ ਦਾ ਵਿਸੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਬਾਜ਼ੀਦਪੁਰ ਤੋਂ ਹੁਸੈਨੀਵਾਲਾ ਤੱਕ ਇਸ ਪ੍ਰੋਜੈਕਟ ਨਾਲ ਜਿੱਥੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਉੱਥੇ ਹੀ ਇਸ ਮਾਰਗ ਦੀ ਦਿੱਖ ਨੂੰ ਨਵਾਂ ਰੂਪ ਮਿਲੇਗਾ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ. ਖਰਬੰਦਾ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ ਅਤੇ ਕਮਿਸ਼ਨਰ ਸ੍ਰੀ ਵੀਕੇ ਮੀਨਾ ਨੇ ਸਮਾਗਮ ਦੇ ਅੰਤ ਤੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਉਮੇਂਦਰ ਦੱਤ ਮੈਂਬਰ ਆਰਗੈਨਿਕ ਫਾਰਮਿੰਗ ਟਾਸਕ ਫੋਰਸ ਭਾਰਤ ਸਰਕਾਰ, ਪ੍ਰਧਾਨ ਮੁੱਖ ਵਣਪਾਲ ਸ੍ਰੀ ਕੁਲਦੀਪ ਕੁਮਾਰ, ਵਧੀਕ ਮੁੱਖ ਵਣ ਪਾਲ ਸ: ਗੁਰਬਾਜ਼ ਸਿੰਘ, ਡਾ: ਰਮੇਸ਼ਵਰ ਸਿੰਘ, ਡਾ: ਸਤਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।
ਇਸ ਤੋਂ ਪਹਿਲਾਂ ਰਾਜਪਾਲ ਸ੍ਰੀ ਕਪਤਾਨ ਸਿੰਘ ਸੋਲੰਕੀ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਜ਼ਾਮਨੀ ਸਾਹਿਬ ਪਿੰਡ ਬਾਜ਼ੀਦਪੁਰ ਵਿਖੇ ਮੱਥਾ ਟੇਕਿਆ ਅਤੇ ਹੁਸੈਨੀਵਾਲਾ ਵਿਖੇ ਸ਼ਹੀਦਾਂ ਦੀ ਸਮਾਧ ਤੇ ਜਾ ਕੇ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਉਨ੍ਹਾਂ ਨੇ ਬਾਜ਼ੀਦਪੁਰ ਵਿਖੇ ਪੌਦਾ ਲਗਾ ਕਿ ਪ੍ਰੋਜੈਕਟ ਗਰੀਨ ਟ੍ਰਿਬਿਊਟ ਦੀ ਸ਼ੁਰੂਆਤ ਵੀ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਸਭਾ ਮੈਂਬਰ ਸ: ਸ਼ੇਰ ਸਿੰਘ ਘੁਬਾਇਆ, ਸ: ਅਵਤਾਰ ਸਿੰਘ ਮਿੰਨਾਂ ਚੇਅਰਮੈਨ ਪੀ.ਏ.ਡੀ.ਬੀ., ਸ੍ਰੀਮਤੀ ਰੀਨਾ ਜੇਤਲੀ, ਉਪ ਚੇਅਰਪਰਸਨ ਪੀ.ਐਸ.ਐਫ.ਡੀ.ਸੀ. ਡੀ.ਆਈ.ਜੀ. ਸ੍ਰੀ ਅਮਰ ਸਿੰਘ ਚਾਹਲ, ਐਸ.ਐਸ.ਪੀ. ਸ੍ਰੀ ਹਰਦਿਆਲ ਸਿੰਘ ਮਾਨ, ਡਾ: ਕਮਲ ਬਾਗ਼ੀ, ਸ੍ਰੀ ਰਾਜੂ ਅਹੂਜਾ, ਵਣਪਾਲ ਸਰਕਲ ਫ਼ਿਰੋਜ਼ਪੁਰ ਸ੍ਰੀ ਤੁਸ਼ਾਰ ਕਾਂਤੀ ਬਹੇੜਾ, ਸ੍ਰੀਮਤੀ ਸ਼ਲਿੰਦਰ ਕੌਰ ਵਣਪਾਲ ਸਾਊਥ ਸਰਕਲ, ਸ੍ਰੀ ਧਰਿੰਦਰਾ ਸਿੰਘ, ਸ੍ਰੀ ਬਲਬੀਰ ਸਿੰਘ, ਸ੍ਰੀ ਸਤਨਾਮ ਸਿੰਘ ਡੀ.ਐਫ.ਓ. ਫ਼ਿਰੋਜ਼ਪੁਰ ਆਦਿ ਵੀ ਹਾਜਰ ਸਨ।