ਯੂਨਾਈਟਿਡ ਸਿੱਖ ਮਿਸ਼ਨ ਵੱਲੋਂ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਲਗਾਇਆ ਗਿਆ ਮੁਫ਼ਤ ਅੱਖਾਂ ਦਾ ਕੈਂਪ
ਫ਼ਿਰੋਜ਼ਪੁਰ, 16 ਅਕਤੂਬਰ: (ਅਭਿਸ਼ੇਕ) ਅਮਰੀਕਾ ਦੀ ਸਮਾਜ ਸੇਵੀ ਸੰਸਥਾ ਯੂਨਾਈਟਿਡ ਸਿੱਖ ਮਿਸ਼ਨ ਵੱਲੋਂ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਫ਼ਿਰੋਜ਼ਪੁਰ ਛਾਉਣੀ ਵਿਖੇ ਮੁਫ਼ਤ ਅੱਖਾਂ ਦਾ ਕੈਂਪ ਲਗਾਇਆ ਗਿਆ, ਇਸ ਕੈਂਪ ਦਾ ਉਦਘਾਟਨ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ੍ਰ: ਪਰਮਿੰਦਰ ਸਿੰਘ ਪਿੰਕੀ ਨੇ ਕੀਤਾ। ਇਸ ਕੈਂਪ ਵਿਚ ਕੁੱਲ 559 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ।
ਇਸ ਦੌਰਾਨ ਵਿਧਾਇਕ ਪਿੰਕੀ ਨੇ ਕਿਹਾ ਕਿ ਯੂਨਾਈਟਿਡ ਸਿੱਖ ਮਿਸ਼ਨ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਜੋ ਕਿ ਇੰਨੇ ਸਾਲਾਂ ਤੋਂ ਲੋਕਾਂ ਦੀ ਭਲਾਈ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਦੇ ਕੈਂਪ ਵਿਚ ਅੱਖਾਂ ਦੇ ਮਾਹਿਰ ਡਾਕਟਰਾਂ ਵੱਲੋਂ ਵੱਡੀ ਗਿਣਤੀ ਵਿਚ ਲੋਕਾਂ ਦੀਆਂ ਅੱਖਾਂ ਦਾ ਮੁਫ਼ਤ ਟੈੱਸਟ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਅੱਖਾਂ ਦੀ ਦਵਾਈਆਂ ਅਤੇ ਐਨਕਾਂ ਵੀ ਦਿੱਤੀਆਂ ਗਈਆਂ ਹਨ। ਇਸ ਉਪਰੰਤ ਵਿਧਾਇਕ ਪਿੰਕੀ ਨੇ ਸਕੂਲ ਦੀ ਮੰਗ ਨੂੰ ਪੂਰਾ ਕਰਦਿਆਂ ਸਕੂਲ ਨਾਲ ਲੱਗਦਾ ਖੇਡ ਮੈਦਾਨ ਸਕੂਲ ਦੇ ਬੱਚਿਆ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਸਾਢੇ ਪੰਜ ਏਕੜ ਸਾਢੇ 5 ਏਕੜ ਗਰਾਊਂਡ ਦਾ ਵਿਕਾਸ ਕਰਕੇ ਖੇਡ ਸਟੇਡੀਅਮ ਬਣਾਇਆ ਜਾਵੇਗਾ। ਜਿਸ ਵਿਚ ਕੰਟੋਨਮੈਂਟ ਬੋਰਡ ਅਤੇ ਗੁਰੂ ਹਰ ਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀ ਖੇਡ ਸਕਣਗੇ। ਉਨ੍ਹਾਂ ਕਿਹਾ ਤੰਦਰੁਸਤ ਜੀਵਨ ਲਈ ਬੱਚਿਆਂ ਲਈ ਖੇਡ ਮੈਦਾਨ ਵਿਚ ਜਾਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ ਸਕੂਲ ਦੇ ਬੱਚੇ ਇਸ ਵੱਡੇ ਖੇਡ ਮੈਦਾਨ ਵਿਚ ਵੀ ਖੇਡਿਆ ਕਰਨਗੇ ਤੇ ਆਪਣੀ ਮਨਪਸੰਦ ਖੇਡ ਨੂੰ ਹੋਰ ਮਜ਼ਬੂਤ ਕਰ ਸਕਣਗੇ।
ਇਸ ਦੇ ਨਾਲ ਹੀ ਵਿਧਾਇਕ ਵੱਲੋਂ ਸਕੂਲ ਦੇ ਖੇਡ ਮੈਦਾਨ ਲਈ 10 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਜੀਵਨ ਵਿਚ ਪੜਾਈ ਦੇ ਨਾਲ ਨਾਲ ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਵੀ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਸਕੂਲ ਦੀ ਮੰਗ ਹੈ ਕਿ ਸਕੂਲ ਨੂੰ ਸੀਬੀਐਸਈ ਬੋਰਡ ਰਾਹੀਂ ਮਾਨਤਾ ਦਵਾਈ ਜਾਵੇ ਅਤੇ ਉਨ੍ਹਾਂ ਦੇ ਇਸ ਕੰਮ ਨੂੰ ਵੀ ਜਲਦ ਹੀ ਪੂਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਵਿਚ ਬਾਬਾ ਮਨਜੀਤ ਸਿੰਘ ਨਾਮ ਦਾ ਲੰਗਰ ਲੱਗਦਾ ਹੈ ਜੋ ਕਿ ਹੁਣ ਫ਼ਿਰੋਜ਼ਪੁਰ ਵਿਚ ਵੀ ਲੱਗਿਆ ਕਰੇਗਾ। ਉਨ੍ਹਾਂ ਕਿਹਾ ਕਿ ਇਸ ਲੰਗਰ ਦੇ ਸ਼ੁਰੂ ਹੋਣ ਨਾਲ ਜ਼ਰੂਰਤਮੰਦਾਂ ਨੂੰ ਮੱਦਦ ਮਿਲੇਗੀ।