ਯਾਦਗਾਰੀ ਰਿਹਾ ਜ਼ਿਲਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵੱਲੋਂ ਕਰਵਾਇਆ ਗਿਆ ‘ਪੰਜਾਬੀ ਮਾਹ-2023’ ਨੂੰ ਸਮਰਪਿਤ ਸਾਹਿਤਕ ਸਮਾਗਮ
ਯਾਦਗਾਰੀ ਰਿਹਾ ਜ਼ਿਲਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵੱਲੋਂ ਕਰਵਾਇਆ ਗਿਆ ‘ਪੰਜਾਬੀ ਮਾਹ-2023’ ਨੂੰ ਸਮਰਪਿਤ ਸਾਹਿਤਕ ਸਮਾਗਮ
ਫਿਰੋਜ਼ਪੁਰ, ਨਵੰਬਰ 22, 2023: ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਭਾਸ਼ਾ ਵਿਭਾਗ,ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ‘ਪੰਜਾਬੀ ਮਾਹ- 2023’ ਨੂੰ ਸਮਰਪਿਤ ਸਮਾਗਮ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਿਰੋਜ਼ਪੁਰ ਵੱਲੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਿਰੋਜ਼ਪੁਰ ਡਾ.ਜਗਦੀਪ ਸਿੰਘ ਸੰਧੂ ਦੀ ਅਗਵਾਈ ਵਿੱਚ ਡੀ.ਏ.ਵੀ. ਕਾਲਜ ਫ਼ਾਰ ਵਿਮੈੱਨ ਫ਼ਿਰੋਜ਼ਪੁਰ ਛਾਉਣੀ ਦੇ ਸਹਿਯੋਗ ਨਾਲ ‘ਪੰਜਾਬੀ ਭਾਸ਼ਾ ਦੀ ਮੌਜੂਦਾ ਸਥਿਤੀ ਅਤੇ ਪੁਸਤਕ ਲੋਕ ਅਰਪਣ’ ਸਮਾਗਮ ਕਰਵਾਇਆ ਗਿਆ ।
ਆਏ ਹੋਏ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਸਮਾਗਮ ਦੇ ਮੰਤਵ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਸਮਾਗਮ ਦਾ ਮੂਲ ਮੰਤਵ ਜਿੱਥੇ ਮਾਤ ਭਾਸ਼ਾ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਹੈ ਉੱਥੇ ਪੰਜਾਬੀ ਭਾਸ਼ਾ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ ਚਰਚਾ ਕਰਨੀ ਹੈ।ਉਹਨਾਂ ਨੇ ਮਾਤ ਭਾਸ਼ਾ ਲਈ ਪੰਜਾਬ ਸਰਕਾਰ ਦੁਆਰਾ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਾਰੇ ਦਫ਼ਤਰਾਂ ਦੀਆਂ ਸੰਕੇਤਕ ਪੱਟੀਆਂ 100% ਪੰਜਾਬੀ ਭਾਸ਼ਾ ਵਿੱਚ ਹੋ ਚੁੱਕੀਆਂ ਹਨ ਅਤੇ ਬਾਕੀ ਰਹਿੰਦੇ ਪ੍ਰਾਈਵੇਟ ਅਦਾਰੇ,ਬੋਰਡ,ਨਿਗਮ,ਸੰਸਥਾਵਾਂ ਅਤੇ ਦੁਕਾਨਾਂ ਦਾ ਕੰਮ ਪ੍ਰਗਤੀ ਅਧੀਨ ਹੈ।ਸਮਾਗਮ ਵਿੱਚ ਪ੍ਰਮੁੱਖ ਬੁਲਾਰੇ ਵਜੋਂ ਪਹੁੰਚੇ ਉੱਘੇ ਭਾਸ਼ਾ ਵਿਗਿਆਨੀ ਡਾ.ਜੋਗਾ ਸਿੰਘ ਨੇ ਕਿਹਾ ਕਿ ਮਾਤ ਭਾਸ਼ਾ ਤੋਂ ਬਿਨਾਂ ਗਿਆਨ ਪ੍ਰਾਪਤ ਕਰਨਾ ਅਤੇ ਮਨੁੱਖ ਦਾ ਸਮੁੱਚਾ ਵਿਕਾਸ ਅਸੰਭਵ ਹੈ।ਉਹਨਾਂ ਚਿੰਤਾ ਪ੍ਰਗਟਾਉਂਦਿਆ ਕਿਹਾ ਕਿ ਪੰਜਾਬ ਵਿੱਚ ਮਾਤ ਭਾਸ਼ਾ ਦੀ ਸਥਿਤੀ ਕੋਈ ਸੰਤੋਖਜਨਕ ਨਹੀਂ ਹੈ ਪਰੰਤੂ ਉਹਨਾਂ ਨੂੰ ਪੰਜਾਬ ਸਰਕਾਰ ਤੋਂ ਵੱਡੀਆਂ ਆਸਾਂ ਹਨ ਅਤੇ ਉਹ ਇਸ ਪਾਸੇ ਜਥੇਬੰਦਕ ਰੂਪ ਵਿੱਚ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਲੋੜੀਂਦੇ ਉਪਰਾਲੇ ਕਰ ਰਹੇ ਹਨ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ. ਰਣਬੀਰ ਸਿੰਘ ਭੁੱਲਰ (ਵਿਧਾਇਕ,ਹਲਕਾ ਫ਼ਿਰੋਜ਼ਪੁਰ ਸ਼ਹਿਰੀ) , ਐਡਵੋਕੇਟ ਸ਼੍ਰੀ ਰਜਨੀਸ਼ ਕੁਮਾਰ ਦਹੀਯਾ(ਵਿਧਾਇਕ, ਹਲਕਾ ਫ਼ਿਰੋਜ਼ਪੁਰ ਦਿਹਾਤੀ) ਅਤੇ ਸ.ਫੌਜਾ ਸਿੰਘ ਸਰਾਰੀ(ਵਿਧਾਇਕ,ਹਲਕਾ ਗੁਰੂਹਰਸਹਾਏ) ਪਹੁੰਚੇ ।ਤਿੰਨਾਂ ਵਿਧਾਇਕਾਂ ਨੇ ਇਸ ਗੱਲ ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਸਾਨੂੰ ਮਾਤ ਭਾਸ਼ਾ ਨੂੰ ਬਣਦਾ ਸਤਿਕਾਰ ਦੇਣਾ ਚਾਹੀਦਾ ਹੈ ਅਤੇ ਇਸਦੇ ਪ੍ਰਚਾਰ ਤੇ ਪ੍ਰਸਾਰ ਲਈ ਲੋੜੀਂਦੇ ਉਪਰਾਲੇ ਕਰਨੇ ਚਾਹੀਦੇ ਹਨ। ਸ.ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਭਾਸ਼ਾ ਵਿਭਾਗ ਬਹੁਤ ਹੀ ਸ਼ਾਨਦਾਰ ਉਪਰਾਲੇ ਕਰ ਰਿਹਾ ਹੈ ਅਤੇ ਉਹ ਖ਼ੁਦ ਵੀ ਮਾਤ ਭਾਸ਼ਾ ਦਾ ਦਿਲੋਂ ਸਤਿਕਾਰ ਕਰਦੇ ਹਨ।ਐਡਵੋਕੇਟ ਸ਼੍ਰੀ ਰਜਨੀਸ਼ ਕੁਮਾਰ ਦਹੀਯਾ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਪੰਜਾਬ ਸਰਕਾਰ ਮਾਤ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਨਿੱਘਰ ਅਤੇ ਵੱਡੇ ਉਪਰਾਲੇ ਕਰ ਰਹੀ ਹੈ।ਸ.ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਸਾਨੂੰ ਮਾਤ ਭਾਸ਼ਾ ਲਈ ਕੰਮ ਕਰ ਰਹੇ ਸਾਹਿਤਕਾਰਾਂ ਤੇ ਕਲਾਕਾਰਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਅਤੇ ਉਹਨਾਂ ਦੇ ਪਾਏ ਯੋਗਦਾਨ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਲੈ ਕੇ ਜਾਣਾ ਚਾਹੀਦਾ ਹੈ।ਤਿੰਨਾਂ ਵਿਧਾਇਕਾਂ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਪੰਜਾਬ ਸਰਕਾਰ ਮਾਤ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਭਵਿੱਖ ਵਿੱਚ ਹੋਰ ਵੀ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ।ਇਸ ਮੌਕੇ ਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵੱਲੋਂ ਪੁਸਤਕ ਪ੍ਰਦਰਸ਼ਨੀ,ਭਜਨ ਰੰਗਸਾਜ਼ ਦਾ ਕਿਰਤੀ ਰੱਥ ,ਡਾ. ਇੰਦਰਪ੍ਰੀਤ ਸਿੰਘ ਧਾਮੀ ਦੀ ਕੈਲੀਗਰਾਫ਼ੀ ਅਤੇ ਤੇਜਿੰਦਰ ਸਿੰਘ ਖਾਲਸਾ ਦੀ ਵਿਰਾਸਤੀ ਪ੍ਰਦਰਸ਼ਨੀ ਦਾ ਸਰੋਤਿਆਂ ਨੇ ਖੂਬ ਲਾਹਾ ਲਿਆ ਅਤੇ ਇਹ ਪ੍ਰਦਰਸ਼ਨੀਆਂ ਸਮਾਗਮ ਦਾ ਯਾਦਗਾਰੀ ਹਿੱਸਾ ਬਣ ਗਈਆਂ।ਇਸ ਮੌਕੇ ਆਲੋਚਕ ਸੁਖਜਿੰਦਰ ਦੁਆਰਾ ਅਨੁਵਾਦਿਤ ਨਾਟ ਪੁਸਤਕ ‘ਇੱਕ ਸੇਲਜ਼ਮੈਨ ਦੀ ਮੌਤ’ ਅਤੇ ਜੀਵਨ ਸਿੰਘ ਹਾਣੀ ਦਾ ਕਾਵਿ- ਸੰਗ੍ਰਿਹ ‘ਆਪਣੇ ਹਿੱਸੇ ਦੀ ਚੁੱਪ’ ਲੋਕ ਅਰਪਣ ਕੀਤੀਆਂ ਗਈਆਂ।ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ.ਸੀਮਾ ਅਰੋੜਾ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਭਾਸ਼ਾ ਵਿਭਾਗ, ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਵੱਲੋਂ ਇਸ ਤਰ੍ਹਾਂ ਦਾ ਸਾਹਿਤਕ ਤੇ ਕਲਾਤਮਿਕ ਸਮਾਗਮ ਇਸ ਕਾਲਜ ਵਿੱਚ ਕਰਵਾਇਆ ਗਿਆ ਅਤੇ ਇਸ ਮੌਕੇ ਤੇ ਤਿੰਨ ਵਿਧਾਇਕਾਂ ਤੇ ਉੱਘੇ ਭਾਸ਼ਾ ਵਿਗਿਆਨੀ ਡਾ. ਜੋਗਾ ਸਿੰਘ ਦੀ ਆਮਦ ਨੇ ਇਸ ਸਮਾਗਮ ਨੂੰ ਚਾਰ ਚੰਨ ਲਾ ਦਿੱਤੇ।ਸਹਾਇਕ ਪ੍ਰੋਫੈਸਰ ਡਾ.ਅੰਮ੍ਰਿਤ ਪਾਲ ਕੌਰ ਦੇ ਢੁੱਕਵੇਂ ਅਤੇ ਮਾਤ ਭਾਸ਼ਾ ਦੀ ਰੰਗਤ ਵਿੱਚ ਰੰਗੇ ਹੋਏ ਮੰਚ ਸੰਚਾਲਨ ਨੇ ਸਮਾਗਮ ਨੂੰ ਵਿਲੱਖਣ ਰੂਪ ਦੇ ਦਿੱਤਾ।ਉੱਭਰ ਰਹੇ ਨੌਜਵਾਨ ਗਾਇਕ ਅਨਹਦ ਗੋਪੀ ਦੇ ਮਾਤ ਭਾਸ਼ਾ ਵਿੱਚ ਰੰਗੀ ਹੋਈ ਸਾਹਿਤਿਕ ਅਤੇ ਮਿਆਰੀ ਗਾਇਕੀ ਨੇ ਭਾਵੁਕ ਅਤੇ ਮਾਣ ਭਰੇ ਅਹਿਸਾਸ ਪੈਦਾ ਕੀਤੇ।ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾਂ ਦੇ ਪ੍ਰਿੰਸੀਪਲ ਸ਼੍ਰੀਮਤੀ ਸੀਮਾ,ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਸ.ਲਖਵਿੰਦਰ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਸਾਹਿਤਿਕ ਜਗਤ ਤੋਂ ਸੁਖਚਰਨ ਸਿੰਘ ਸਿੱਧੂ ,ਸਿਮਰਨ ਧਾਲੀਵਾਲ, ਬਲਵਿੰਦਰ ਪਨੇਸਰ,ਜੀਵਨ ਸਿੰਘ ਹਾਣੀ,ਕੁਲਵਿੰਦਰ ਸਿੰਘ ਬੀੜ, ਸੁਖਦੇਵ ਭੱਟੀ,ਡਾ. ਕੁਲਬੀਰ ਮਲਿਕ ਅਤੇ ਸ਼੍ਰੀ ਮੰਗਤ ਰਾਮ ਹਾਜ਼ਰ ਸਨ।ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਖੋਜ ਅਫ਼ਸਰ ਸ.ਦਲਜੀਤ ਸਿੰਘ, ਸੀਨੀਅਰ ਸਹਾਇਕ ਸ਼੍ਰੀ ਰਮਨ ਕੁਮਾਰ ਅਤੇ ਸ.ਜਸਵੀਰ ਸਿੰਘ, ਰਵੀ ਕੁਮਾਰ, ਵਿਜੇ ਕੁਮਾਰ, ਦੀਪਕ ਅਤੇ ਕਾਲਜ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ।ਸਮਾਗਮ ਦੇ ਅੰਤ ਤੇ ਡਾ. ਰਾਮੇਸ਼ਵਰ ਸਿੰਘ ਕਟਾਰਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਜ਼ਿਲ੍ਹਾ ਭਾਸ਼ਾ ਦਫ਼ਤਰ ,ਫ਼ਿਰੋਜ਼ਪੁਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।