ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਵੱਖ ਵੱਖ ਪਿੰਡਾਂ ਦਾ ਦੋਰਾ ਕਰਕੇ ਜਨਸਭਾਵਾਂ ਕੀਤੀਆਂ
ਫਾਜ਼ਿਲਕਾ, 14 ਜਨਵਰੀ (ਵਿਨੀਤ ਅਰੋੜਾ): ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਆਪਣੇ ਚੋਣ ਅਭਿਆਨ ਦੇ ਤਹਿਤ ਫਾਜ਼ਿਲਕਾ ਦੇ ਸਰਹੱਦੀ ਖੇਤਰ ਦੇ ਲਗਭਗ ਇੱਕ ਦਰਜ਼ਨ ਪਿੰਡਾਂ ਵਿਚ ਜਨਸਭਾਵਾਂ ਕੀਤੀਆਂ ਅਤੇ ਪਿੰਡਾਂ ਦੇ ਵਾਸੀਆਂ ਨੂੰ ਭਾਜਪਾ ਦੇ ਪੱਖ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ।
ਪਿੰਡਾਂ ਦੇ ਵਾਸੀਆਂ ਨੂੰ ਸੰਬੋਧਤ ਕਰਦੇ ਹੋਏ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਨਾ ਸਿਰਫ਼ ਫਾਜ਼ਿਲਕਾ ਸਗੋਂ ਪੂਰੇ ਰਾਜ ਦਾ ਸੰਪੂਰਨ ਵਿਕਾਸ ਕਰਵਾਇਆ ੲੈ। ਉੱਥੇ ਗਰੀਬਾਂ ਦੇ ਲਈ ਆਟਾ ਦਾਲ ਵਰਗੀ ਯੋਜਨਾ ਨੂੰ ਵੀ ਜਾਰੀ ਰੱਖਿਆ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਇਲਾਕੇ ਵਿਚ ਆਪਸੀ ਭਾਈਚਾਰੇ ਨੂੰ ਕਦੇ ਵਿਗੜਨ ਨਹੀਂ ਦਿੱਤਾ ਅਤੇ ਪਾਰਟੀ ਤੋਂ ਉਪਰ ਉੱਠਕੇ ਪੂਰੇ ਪੰਜ ਸਾਲ ਜਨਤਾ ਦੇ ਲਈ ਮੁਹੱਈਆ ਰਹੇ। ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਰਾਜ ਵਿਚ ਬੇਰੁਜ਼ਗਾਰੀ ਖ਼ਤਮ ਕਰਨ ਲਈ ਹਜ਼ਾਰਾਂ ਨੋਜ਼ਵਾਨਾਂ ਨੂੰ ਨੌਕਰੀਆਂ ਦਿੱਤੀਆਂ, ਜਦਕਿ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਸਮੇਂ ਸਰਕਾਰ ਨੇ ਲਗੇ ਹੋਏ ਸਿਹਤ ਕਰਮਚਾਰੀਆਂ ਨੂੰ ਹੀ ਕੱਢ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਜੇਕਰ ਰਾਜ ਦਾ ਸੰਪੂਰਨ ਵਿਕਾਸ ਕਰਵਾ ਸਕਦੀ ਹੈ ਤਾਂ ਉਹ ਇੱਕੋ ਇੱਕ ਪਾਰਟੀ ਭਾਜਪਾ ਹੈ। ਕਾਂਗਰਸ ਪਾਰਟੀ ਤੇ ਵਰਦੇ ਹੋਏ ਮੰਤਰੀ ਜਿਆਣੀ ਨੇ ਕਿਹਾ ਕਿ ਕਾਂਗਰਸ ਦੀ ਤਾਂ ਅੱਜ ਇਹ ਹਾਲਤ ਹੋ ਗਈ ਹੈ ਕਿ ਉਨ੍ਹਾਂ ਦੇ ਕੋਲ ਚੋਣ ਲੜਨ ਤੱਕ ਨੂੰ ਲੀਡਰ ਨਹੀਂ ਹਨ। ਇਸ ਲਈ ਬਾਹਰੋਂ ਪੈਰਾਸ਼ੂਟ ਨੇਤਾ ਨੂੰ ਟਿਕਟ ਦਿੱਤੇ ਜਾ ਰਹੇ ਹਨ। ਜਦਕਿ ਇੱਕੋ ਇੱਕ ਭਾਜਪਾ ਅਜਿਹੀ ਪਾਰਟੀ ਹੈ ਜੋ ਆਪਣੇ ਵਰਕਰਾਂ ਨੂੰ ਪੂਰਾ ਮਾਨ ਸਨਮਾਨ ਦਿੰਦੀ ਹੈ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਤੇ ਪਿਛੜੇਪਨ ਦਾ ਦਾਗ ਮਿਟਾਉਣ ਲਈ ਪਿਛਲੇ 10 ਵਰ੍ਹਿਆਂ ਤੋਂ ਉਹ ਕੋਸ਼ਿਸ਼ਾਂ ਵਿਚ ਲੱਗੇ ਹਨ ਅਤੇ ਕਾਫ਼ੀ ਹੱਦ ਤੱਕ ਕਾਮਯਾਬ ਵੀ ਹੋਏ ਹਨ।
ਜੋ ਇਲਾਕੇ ਫਾਜ਼ਿਲਕਾ ਤੋਂ ਵਿਕਾਸ ਦੇ ਮਾਮਲੇ ਵਿਚ ਅੱਗੇ ਸਨ ਉਹ ਪਿਛਲੇ ਪੰਜ ਵਰ੍ਹਿਆਂ ਵਿਚ ਵਿਕਾਸ ਦੇ ਮਾਮਲੇ ਵਿਚ ਫਾਜ਼ਿਲਕਾ ਤੋਂ ਕਾਫ਼ੀ ਪਿਛੜ ਗਏ ਹਨ। ਉਨ੍ਹਾਂ ਕਿਹਾ ਕ ਪੰਜਾਬ ਵਿਚ ਅਕਾਲੀ ਭਾਜਪਾ ਵਿਕਾਸ ਦੇ ਨਾਂ ਤੇ ਵੋਟ ਮੰਗ ਰਹੀ ਹੈ। ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਪੰਜਾਬ ਵਿਚ ਲਗਾਤਾਰ ਤੀਸਰੀ ਵਾਰ ਸਰਕਾਰ ਆਉਣ ਤੋਂ ਬਾਅਦ ਵਿਕਾਸ ਕੰਮ ਲਗਾਤਾਰ ਜਾਰੀ ਰਹਿਣਗੇ। ਇਸ ਦੌਰਾਨ ਉਨ੍ਹਾਂ ਨੇ ਪਿੰਡ ਗੁਲਾਬ ਵਾਲੇ ਝੁੱਗੇ, ਨੂਰ ਸਮੰਦ, ਬਹਿਕ ਹਸਤਾ ਉਤਾੜ, ਘੁਰਕਾਂ, ਗੁਦੜ ਭੈਣੀ, ਵੱਲੇਸ਼ਾਹ ਉਤਾੜ, ਨਵਾਂ ਹਸਤਾ, ਹਸਤਾ ਕਲਾਂ, ਬਾਰੇਕਾਂ ਅਤੇ ਸਾਬੂਆਦਾ ਪਿੰਡਾਂ ਦਾ ਦੋਰਾ ਕਰਕੇ ਲੋਕਾਂ ਨੂੰ ਵਿਕਾਸ ਦੇ ਨਾਂ ਤੇ ਵੋਟ ਪਾਉਣ ਦੀ ਅਪੀਲ ਕੀਤੀ।