ਮੁੱਖ ਮੰਤਰੀ ਵੱਲੋਂ ਵਰਚੂਅਲ ਸਮਾਗਮ ਦੌਰਾਨ ਦੁੱਗਣੀ ਕੀਤੀ ਪੈਨਸ਼ਨ ਦੀ ਹੋਈ ਸ਼ੁਰੂਆਤ
ਜਿਲ੍ਹੇ ਦੇ ਕੁੱਲ 114802 ਲਾਭਪਾਤਰੀਆਂ ਨੂੰ ਮਿਲੇਗਾ ਲਾਭ
ਮੁੱਖ ਮੰਤਰੀ ਵੱਲੋਂ ਵਰਚੂਅਲ ਸਮਾਗਮ ਦੌਰਾਨ ਦੁੱਗਣੀ ਕੀਤੀ ਪੈਨਸ਼ਨ ਦੀ ਹੋਈ ਸ਼ੁਰੂਆਤ
ਜਿਲ੍ਹੇ ਦੇ ਕੁੱਲ 114802 ਲਾਭਪਾਤਰੀਆਂ ਨੂੰ ਮਿਲੇਗਾ ਲਾਭ
ਫਿਰੋਜ਼ਪੁਰ ਦੇ ਵੱਖੋ-ਵੱਖ ਖੇਤਰਾਂ ਵਿੱਚ 4804 ਪੈਨਸ਼ਨਰਾਂ ਨੂੰ ਵੰਡੇ ਗਏ ਚੈੱਕ
ਫਿਰੋਜ਼ਪੁਰ, 31 ਅਸਗਤ, 2021: ਪੰਜਾਬ ਸਰਕਾਰ ਵੱਲੋਂ ਮੰਗਲਵਾਰ ਨੂੰ ਵਧਾਈ ਗਈ ਦੁੱਗਣੀ ਪੈਨਸ਼ਨ ਦੇ ਚੈੱਕ ਵੰਡ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਨਲਾਈਨ ਸਮਾਗਮ ਦੌਰਾਨ ਸ਼ੁਰੂਆਤ ਕੀਤੀ ਗਈ। ਇਸੇ ਸੂਬਾ ਪੱਧਰੀ ਵਰਚੁਅਲ ਸਮਾਗਮ ਵਿੱਚ ਹਿੱਸਾ ਲੈਂਦਿਆਂ ਜ਼ਿਲ੍ਹਾ ਪੱਧਰ ‘ਤੇ ਡਿਪਟੀ ਕਮਿਸ਼ਨਰ ਸ੍ਰ. ਗੁਰਪਾਲ ਸਿੰਘ ਚਾਹਲ ਨੇ ਵੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੈਨਸ਼ਨਾਂ ਦੇ ਚੈੱਕ ਲਾਭਪਾਤਰੀਆਂ ਨੂੰ ਵੰਡ ਕੇ ਸਕੀਮ ਦੀ ਸ਼ੁਰੂਆਤ ਕੀਤੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪਹਿਲੀ ਜੁਲਾਈ ਤੋਂ ਬਾਅਦ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਦਿਵਿਆਂਗ ਪੈਨਸ਼ਨ ਅਤੇ ਆਸ਼ਰਿਤ ਪੈਨਸ਼ਨ 750 ਰੁਪਏ ਦੀ ਥਾਂ ‘ਤੇ 1500 ਰੁਪਏ ਪ੍ਰਤੀ ਮਹੀਨਾ ਮਿਲੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਤਰਾਂ ਹਰ ਮਹੀਨੇ 400 ਕਰੋੜ ਰੁਪਏ ਅਤੇ ਹਰ ਸਾਲ 4800 ਕਰੋੜ ਰੁਪਏ ਦੀ ਰਕਮ ਸਰਕਾਰ ਪੈਨਸ਼ਨਾਂ ਦੇ ਰੂਪ ਵਿਚ ਲਾਭਪਾਤਰੀਆਂ ਨੂੰ ਅਦਾ ਕਰੇਗੀ।
ਮੁੱਖ ਮੰਤਰੀ ਨੇ ਇਸ ਮੌਕੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਕਰਜ਼ਾ ਮੁਆਫੀ ‘ਤੇ 4700 ਕਰੋੜ ਰੁਪਏ ਖਰਚ ਕੀਤੇ ਗਏ ਹਨ ਜਦਕਿ ਔਰਤਾਂ ਨੂੰ ਬਸ ਕਿਰਾਇਆ ਮੁਆਫੀ, ਪੰਚਾਇਤੀ ਰਾਜ ਸੰਸਥਾਵਾਂ ਅਤੇ ਸਥਾਨਕ ਸਰਕਾਰਾਂ ਵਿੱਚ ਔਰਤਾਂ ਲਈ 50 ਫੀਸਦੀ ਤੇ ਸਰਕਾਰੀ ਨੌਕਰੀਆਂ ਵਿੱਚ 33 ਫੀਸਦੀ ਦਾ ਰਾਖਵਾਂਕਰਨ ਵੀ ਸੂਬਾ ਸਰਕਾਰ ਨੇ ਦਿੱਤਾ ਹੈ।
ਇਸ ਤੋਂ ਪਹਿਲਾਂ ਸਮਾਜਿਕ ਸੁੱਰਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ, ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਵੀ ਸੰਬੋਧਨ ਕੀਤਾ।
ਇਸ ਸਮਾਗਮ ਵਿੱਚ ਫਿਰੋਜ਼ਪੁਰ ਤੋਂ ਹਿੱਸਾ ਲੈਂਦਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸਮਾਜਿਕ ਸੁਰੱਖਿਆ ਪੈਨਸ਼ਨਾਂ ਦੇ 1,14,802 ਲਾਭਪਾਤਰੀ ਹਨ। ਉਨ੍ਹਾਂ ਨੇ ਦੱਸਿਆ ਕਿ ਚੈੱਕ ਰਾਹੀਂ ਜਿਲ੍ਹੇ ਵਿੱਚ ਕੁੱਲ 4804 ਲਾਭਪਾਤਰੀਆਂ ਨੂੰ ਹੀ ਪੈਨਸ਼ਨ ਵੰਡੀ ਗਈ ਹੈ ਜਦਕਿ ਬਾਕੀ ਸਭ ਲਾਭਪਾਤਰੀਆਂ ਨੂੰ ਪੈਨਸ਼ਨ ਪਹਿਲਾਂ ਵਾਂਗ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਹੀ ਭੇਜੀ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨ.) ਸੁਖਪ੍ਰੀਤ ਸਿੰਘ ਸਿੱਧੂ, ਐਸ.ਡੀ.ਐਮ ਫ਼ਿਰੋਜ਼ਪੁਰ ਅਮਰਿੰਦਰ ਸਿੰਘ ਮੱਲੀ ਵੀ ਹਾਜ਼ਰ ਸਨ।