ਮੁੱਖ ਮੰਤਰੀ ਦੀਆਂ ਹਦਾਇਤਾਂ ‘ਤੇ ਫਿਰੋਜ਼ਪੁਰ ਦੇ 62 ਪ੍ਰਤੀਸ਼ਤ ਪਰਿਵਾਰਾਂ ਨੂੰ ਮੁਫਤ ਕਣਕ ਅਤੇ ਦਾਲਾਂ ਵੰਡੀਆਂ ਗਈਆਂ, 31 ਮਾਰਚ ਤੱਕ ਸਾਰੇ ਪਰਿਵਾਰ ਮੁਕੰਮਲ ਕੀਤੇ ਜਾਣਗੇ: ਡਿਪਟੀ ਕਮਿਸ਼ਨਰ
ਜ਼ਿਲ੍ਹੇ ਦੇ 1.45 ਲੱਖ ਸਮਾਰਟ ਕਾਰਡ ਧਾਰਕਾਂ ਦੇ ਪਰਿਵਾਰਾਂ ਨੂੰ ਕਣਕ ਅਤੇ ਦਾਲਾਂ ਦੀ ਕੀਤੀ ਜਾਵੇਗੀ ਵੰਡ, ਹੁਣ ਤੱਕ 90,000 ਲਾਭਪਾਤਰੀ ਲਾਭ ਪ੍ਰਾਪਤ ਕਰ ਚੁੱਕੇ ਹਨ
ਫਿਰੋਜ਼ਪੁਰ, 24 ਮਈ
ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਸੰਕਟ ਦੇ ਮਦੇਨਜ਼ਰ ਲੋੜਵੰਦ ਅਤੇ ਗਰੀਬ ਪਰਿਵਾਰਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ‘ਤੇ ਫਿਰੋਜ਼ਪੁਰ ਜ਼ਿਲ੍ਹੇ ਦੇ 62 ਪ੍ਰਤੀਸ਼ਤ ਪਰਿਵਾਰਾਂ ਨੂੰ ਤਿੰਨ ਮਹੀਨਿਆਂ ਲਈ ਮੁਫਤ ਕਣਕ ਅਤੇ ਦਾਲ ਵੰਡਣ ਦਾ ਲਾਭ ਦਿੱਤਾ ਗਿਆ ਹੈ। ਇਹ ਲਾਭ ਜ਼ਿਲ੍ਹੇ ਦੇ ਕੁੱਲ 1.45 ਲੱਖ ਸਮਾਰਟ ਕਾਰਡ ਧਾਰਕਾਂ ਨੂੰ ਦਿੱਤਾ ਜਾਵੇਗਾ, ਜਿਸ ਤਹਿਤ ਹਰ ਲਾਭਪਾਤਰੀ ਨੂੰ 5 ਕਿਲੋ ਕਣਕ ਅਤੇ 1 ਕਿਲੋ ਦਾਲ ਮੁਫਤ ਦਿੱਤੀ ਜਾਵੇਗੀ।
ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖੁਰਾਕ ਤੇ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ 1,45,212 ਪਰਿਵਾਰਾਂ ਨੂੰ ਮੁਫਤ ਕਣਕ ਅਤੇ ਦਾਲ ਵੰਡਣ ਦੀ ਯੋਜਨਾ ਤੇਜ਼ੀ ਨਾਲ ਅੱਗੇ ਆ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹਾ ਫੂਡ ਐਂਡ ਸਪਲਾਈਜ਼ ਕੰਟਰੋਲਰ ਸ੍ਰੀ ਪਿੰਦਰ ਸਿੰਘ ਵੱਲੋਂ ਰਾਸ਼ਨ ਡਿਪੂਆਂ ਦੀ ਸਹਾਇਤਾ ਨਾਲ ਘਰ-ਘਰ ਜਾ ਕੇ ਕਣਕ ਅਤੇ ਦਾਲਾ ਪਹੁੰਚਾਉਣ ਦਾ ਕੰਮ ਚੱਲ ਰਿਹਾ ਹੈ, ਜਿਸ ਤਹਿਤ ਵਿਸਤ੍ਰਿਤ ਕਾਰਜ ਯੋਜਨਾ ਤਿਆਰ ਕੀਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਯੋਜਨਾ ਦੀ ਰੁਟੀਨ ਪੱਧਰ ‘ਤੇ ਸਮੀਖਿਆ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ 90 ਹਜ਼ਾਰ ਲਾਭਪਾਤਰੀਆਂ ਨੇ ਇਸ ਯੋਜਨਾ ਦਾ ਲਾਭ ਉਠਾਇਆ ਹੈ ਅਤੇ ਬਾਕੀ ਲਾਭਪਾਤਰੀਆਂ ਨੂੰ 31 ਮਈ 2020 ਤੱਕ ਇਸ ਯੋਜਨਾ ਦਾ ਲਾਭ ਮੁਹੱਈਆ ਕਰਵਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਬਿਮਾਰੀ ਦੇ ਮੱਦੇਨਜ਼ਰ 5 ਕਿਲੋ ਕਣਕ ਅਤੇ ਇੱਕ ਕਿਲੋ ਦਾਲ ਪ੍ਰਤੀ ਮਹੀਨਾ ਹਰੇਕ ਲਾਭਪਾਤਰੀ ਨੂੰ ਮੁਫਤ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ। ਸਾਰੇ ਰਾਸ਼ਨ ਡਿਪੂਆਂ ਦੀ ਤਰਫੋਂ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਇਹ ਰਾਹਤ ਘਰ-ਘਰ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਸੰਕਟ ਦੀ ਘੜੀ ਵਿੱਚ ਗਰੀਬ ਅਤੇ ਲੋੜਵੰਦ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ।