ਮੁਕਾਬਲੇ ਦੇ ਯੁੱਗ ਵਿਚ ਅੰਗਰੇਜ਼ੀ ਭਾਸ਼ਾ ਦੇ ਗਿਆਨ ਦਾ ਮੱਹਤਵਪੁਰਨ ਸਥਾਨ : ਵਨੀਤ ਕੁਮਾਰ
ਫਿਰੋਜ਼ਪੁਰ 17 ਜੁਲਾਈ 2017( ) ਹਿੰਦ ਪਾਕੀ ਸਰਹੱਦ ਤੇ ਸਤਲੁਜ ਦਰਿਆ ਦੇ ਕੰਡੇ ਸਥਿਤ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਗੱਟੀ ਰਾਜੋ ਕੇ ਵਿਚ ਪੜਦੇ ਵਿਦਿਆਰਥੀਆਂ ਦੀ ਅੰਗਰੇਜ਼ੀ ਵਿਸ਼ੇ ਦੀ ਕਮਜ਼ੋਰੀ ਨੂੰ ਦੂਰ ਕਰਨ ਦੇ ਉਦੇਸ਼ ਨਾਲ ਸਕੂਲ ਦੇ ਪ੍ਰਿੰਸੀਪਲ ਡਾ.ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਦੀ ਅਗਵਾਈ ਵਿਚ ਅੰਗਰੇਜ਼ੀ ਵਿਸ਼ੇ ਦੇ ਅਧਿਆਪਕਾ ਸੁਖਵਿੰਦਰ ਸਿੰਘ, ਲਲਿਤ ਕੁਮਾਰ ਅਤੇ ਮੀਨਾਕਸ਼ੀ ਸ਼ਰਮਾ ਵੱਲੋਂ ਆਉ ਅੰਗਰੇਜ਼ੀ ਨੂੰ ਆਸਾਨ ਅਤੇ ਰੋਚਿਕ ਬਣਾਈਏ ਨਾਮੀ ਬੂਕਲੈਟ ਭਾਗ ਪਹਿਲਾ ਤਿਆਰ ਕਰਨ ਦੀ ਨਿਵੇਕਲੀ ਪਹਿਲ ਕੀਤੀ ਹੈ। ਇਹ ਜਾਣਕਾਰੀ ਸ੍ਰੀ ਵਨੀਤ ਕੁਮਾਰ ਆਈ.ਏ.ਐਸ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਬੂਕਲੈਟ ਨੂੰ ਰਲੀਜ ਕਰਨ ਮੌਕੇ ਦਿੱਤੀ।
ਸ੍ਰੀ ਵਨੀਤ ਕੁਮਾਰ ਨੇ ਸਕੂਲ ਸਟਾਫ਼ ਦੇ ਉਪਰਾਲੇ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਅਜੋਕੇ ਮੁਕਾਬਲੇ ਦੇ ਯੁੱਗ ਵਿਚ ਅੰਗਰੇਜ਼ੀ ਵਿਸ਼ੇ ਦਾ ਮਹੱਤਵਪੂਰਨ ਸਥਾਨ ਹੈ, ਪ੍ਰੰਤੂ ਸਰਹੱਦੀ ਖੇਤਰ ਦੇ ਵਿਦਿਆਰਥੀਆਂ ਦੀ ਅੰਗਰੇਜ਼ੀ ਵਿਸ਼ੇ ਦੀ ਮੁਸ਼ਕਿਲ ਸਮਝਦੇ ਹਨ। ਜਿਸ ਕਾਰਨ ਨਤੀਜੇ ਵੀ ਖ਼ਰਾਬ ਆਉਂਦੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਬੁਕਲੈਟ ਨੂੰ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿਚ ਭੇਜਣ ਦੀ ਕੋਸ਼ਿਸ਼ ਕਰਨਗੇ ਅਤੇ ਰੈਮਡੀਅਲ ਕੋਚਿੰਗ ਵਿਚ ਇਸ ਬੂਕਲੈਟ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਪੜਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ।
ਇਸ ਮੌਕੇ ਸ੍ਰੀ ਲਲਿਤ ਕੁਮਾਰ ਅੰਗਰੇਜੀ ਅਧਿਆਪਕ ਨੇ ਦੱਸਿਆ ਕਿ ਇਸ ਬੂਕਲੈਟ ਵਿਚ ਰੋਜ਼ਾਨਾ ਵਰਤੋਂ ਦੇ 700 ਤੋਂ ਵੱਧ ਸ਼ਬਦ, 300 ਤੋਂ ਵੱਧ ਵਾਕ ਅਤੇ ਹੋਰ ਮਹੱਤਵਪੂਰਨ ਸ਼ਬਦਾਵਲੀ ਹੈ, ਜੋ ਵਿਦਿਆਰਥੀਆਂ ਦੀ ਜ਼ਰੂਰਤ ਨੂੰ ਪੂਰਾ ਕਰੇਗੀ ਅਤੇ ਆਉਣ ਵਾਲੇ ਸਮੇਂ ਵਿਚ ਇਸ ਬੁੱਕ ਦੇ ਹੋਰ ਵੀ ਭਾਗ ਤਿਆਰ ਕੀਤੇ ਜਾਣਗੇ।
ਡਾ.ਸਤਿੰਦਰ ਸਿੰਘ ਨੇ ਅੰਗਰੇਜ਼ੀ ਅਧਿਆਪਕਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਡਿਪਟੀ ਕਮਿਸ਼ਨਰ ਫ਼ਿਰੋਜਪੁਰ ਵੱਲੋਂ ਸ਼ੁਰੂ ਕੀਤੀ ਰੈਮਡੀਅਲ ਕੋਚਿੰਗ ਵਿਚ ਇਹ ਬੁਕਲੈਟ ਬੇਹੱਦ ਲਾਹੇਵੰਦ ਸਾਬਤ ਹੋਵੇਗੀ ਅਤੇ ਆਉਣ ਵਾਲੇ ਸਮੇਂ ਵਿਚ ਗੁਣਾਤਮਿਕ ਸਿੱਖਿਆ ਲਈ ਹੋਰ ਵੀ ਅਨੇਕਾਂ ਉਪਰਾਲੇ ਕੀਤੇ ਜਾਣਗੇ।