Ferozepur News
ਮੀਟਿੰਗ ਕਰ ਰਹੇ ਕਿਸਾਨ ਆਗੂਆਂ ਨੂੰ ਬੇਇੱਜਤ ਕਰਨ ਨਾਲ ਮੁੱਖ ਮੰਤਰੀ ਦਾ ਲੋਕ ਵਿਰੋਧੀ ਚਿਹਰਾ ਹੋਇਆ ਨੰਗਾ- ਮਲਕੀਤ ਸਿੰਘ ਹਰਾਜ
ਕਿਸਾਨ ਆਗੂਆਂ ਦੀ ਗ੍ਰਿਫਤਾਰੀ ਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਸਖਤ ਸ਼ਬਦਾਂ 'ਚ ਨਿਖੇਧੀ
ਕਿਸਾਨ ਆਗੂਆਂ ਦੀ ਗ੍ਰਿਫਤਾਰੀ ਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਸਖਤ ਸ਼ਬਦਾਂ ‘ਚ ਨਿਖੇਧੀਮੀਟਿੰਗ ਕਰ ਰਹੇ ਕਿਸਾਨ ਆਗੂਆਂ ਨੂੰ ਬੇਇੱਜਤ ਕਰਨ ਨਾਲ ਮੁੱਖ ਮੰਤਰੀ ਦਾ ਲੋਕ ਵਿਰੋਧੀ ਚਿਹਰਾ ਹੋਇਆ ਨੰਗਾ- ਮਲਕੀਤ ਸਿੰਘ ਹਰਾਜ

ਫ਼ਿਰੋਜ਼ਪੁਰ 6 ਫਰਵਰੀ, 2025: ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨੀ ਮੰਗਾਂ ਨੂੰ ਲੈ ਕੇ ਇੱਕ ਹਫਤੇ ਲਈ ਚੰਡੀਗੜ੍ਹ ਵਿਖੇ ਲੱਗਣ ਜਾ ਰਹੇ ਮੋਰਚੇ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਵੱਲੋਂ ਸੰਯੁਕਤ ਕਿਸਾਨ ਮੋਰਚੇ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਲਈ ਸੱਦਾ ਦਿੱਤਾ ਗਿਆ ਸੀ। ਲਗਪਗ ਇਕ ਘੰਟੇ ਤੋਂ ਉੱਪਰ ਮੀਟਿੰਗ ਕਰਨ ਉਪਰੰਤ ਮੁੱਖ ਮੰਤਰੀ ਵੱਲੋਂ 5 ਮਾਰਚ ਦੇ ਧਰਨੇ ਦੇ ਸੱਦੇ ਉਪਰ ਰੇੜਕਾ ਬਣਾ ਕੇ ਮੀਟਿੰਗ ਨੂੰ ਅੱਧ ਵਿਚਕਾਰ ਛੱਡ ਕੇ ਚਲੇ ਗਏ ਅਤੇ ਜਿਹਨਾਂ ਮੰਗਾਂ ਉਪਰ ਸਹਿਮਤੀ ਬਣੀ ਸੀ ਉਹਨਾਂ ਨੂੰ ਵੀ ਰੱਦ ਸਮਝਣ ਦੀ ਧਮਕੀ ਦਿੱਤੀ।
ਇਸ ਉਪਰੰਤ ਬੁਖਲਾਹਟ ਵਿੱਚ ਆਏ ਮੁੱਖ ਮੰਤਰੀ ਵੱਲੋਂ 5 ਮਾਰਚ ਤੋਂ ਲੱਗਣ ਜਾ ਰਹੇ ਮੋਰਚੇ ਨੂੰ ਕਮਜ਼ੋਰ ਕਰਨ ਲਈ ਕਿਸਾਨ ਆਗੂਆਂ ‘ਤੇ ਛਾਪੇਮਾਰੀ ਕਰਵਾ ਕੇ ਬਹੁਤ ਸਾਰੇ ਬਲਾਕ ਪੱਧਰੀ ਅਤੇ ਸੂਬਾ ਪੱਧਰੀ ਆਗੂਆਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ।
ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ( ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ) ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਮਲਕੀਤ ਸਿੰਘ ਹਰਾਜ, ਅਮਿਤ ਕੁਮਾਰ, ਸਰਬਜੀਤ ਸਿੰਘ ਭਾਵੜਾ, ਸਵਰਨ ਸਿੰਘ ਜੋਸਨ, ਗੁਰਵਿੰਦਰ ਸਿੰਘ ਖੋਸਾ, ਸੰਦੀਪ ਕੁਮਾਰ ਮੱਖੂ, ਨਰਿੰਦਰ ਸਿੰਘ ਜੰਮੂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਦੀ ਮੀਟਿੰਗ ਦੌਰਾਨ ਕੀਤੀ ਬਦਸਲੂਕੀ ਅਤੇ ਕੱਲ੍ਹ ਰਾਤ ਤੋਂ ਕਿਸਾਨ ਆਗੂਆਂ ਦੀ ਕੀਤੀ ਜਾ ਰਹੀ ਗਈ ਫੜਾ ਫੜਾਈ ਨੂੰ ਗ਼ੈਰ ਜ਼ਮਹੂਰੀ ਕਾਰਾ ਐਲਾਨਦਿਆਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ।
ਉਹਨਾਂ ਕਿਹਾ ਕਿ ਇਹ ਸਿਰਫ ਕਿਸਾਨਾਂ ਉਪਰ ਕੀਤਾ ਗਿਆ ਹਮਲਾ ਨਹੀਂ, ਬਲਕਿ ਜਮਹੂਰੀ ਹੱਕਾਂ ਲਈ ਜੂਝ ਰਹੇ ਸਮੂਹ ਵਰਗਾਂ ਉੱਪਰ ਹਮਲਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਸੱਤਾ ਦੇ ਨਸ਼ੇ ਵਿੱਚ ਚੂਰ ਹੋ ਕੇ ਜ਼ਮਹੂਰੀਅਤ ਖਿਲਾਫ ਭੁਗਤ ਰਿਹਾ ਹੈ ਅਤੇ ਕਿਸਾਨੀ ਮੰਗਾਂ ਮਸਲਿਆਂ ਤੋਂ ਟਾਲਾ ਵੱਟਣ ਦੀ ਕੋਸ਼ਿਸ ਕਰ ਰਿਹਾ ਹੈ।
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਗਿਰਫ਼ਤਾਰ ਕੀਤੇ ਗਏ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਅਤੇ ਉਨ੍ਹਾਂ ਨੂੰ ਆਪਣੀਆਂ ਮੰਗਾਂ ਲਈ ਸੰਘਰਸ਼ ਕਰਨ ਦੇ ਜ਼ਮਹੂਰੀ ਅਧਿਕਾਰ ਵਿੱਚ ਰੁਕਾਵਟਾਂ ਪਾਉਣ ਤੋਂ ਗੁਰੇਜ਼ ਕਰਨ ਦੀ ਮੰਗ ਕੀਤੀ।