ਮਿਸ਼ਨ ਫਤਿਹ ਦੇ ਤਹਿਤ ਧਾਰਮਿਕ ਸਥਾਨਾਂ ਤੋਂ ਜਾਰੀ ਹੋਇਆ ਕੋਰੋਨਾ ਵਾਇਰਸ ਦੇ ਖਿਲਾਫ ਸਾਵਧਾਨੀਆਂ ਵਰਤਣ ਦਾ ਸੰਦੇਸ਼
ਲੋਕਾਂ ਨੂੰ ਜਾਗਰੂਕ ਕਰਨ ਲਈ ਸੇਵਾਦਾਰਾਂ ਨੇ ਲਾਊਂਡ ਸਪੀਕਰਾਂ ਰਾਹੀਂ ਸਮਾਜਿਕ ਦੂਰੀਆਂ, ਮਾਸਕ ਪਹਿਨਣ ਅਤੇ ਹੱਥ ਧੋਣ ਵਰਗੇ ਸੰਦੇਸ਼ਾਂ ਦਾ ਕੀਤਾ ਪ੍ਰਚਾਰ ਪ੍ਰਸਾਰ
ਫਿਰੋਜ਼ਪੁਰ 29 ਜੂਨ 2020 ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਦੇ ਨਾਲ ਜੁੜਦੇ ਹੋਏ ਜ਼ਿਲੇ ਦੇ ਵੱਖ-ਵੱਖ ਧਾਰਮਿਕ ਸਥਾਨਾਂ ਤੋਂ ਕੋਰੋਨਾ ਵਾਇਰਸ ਵਿਰੁੱਧ ਸਾਵਧਾਨੀ ਵਰਤਣ ਦਾ ਸੰਦੇਸ਼ ਦਿੱਤਾ ਗਿਆ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਵਿਰੁੱਧ ਜਾਗਰੂਕ ਕਰਨ ਲਈ ਧਾਰਮਿਕ ਸਥਾਨਾਂ ਤੋਂ ਇੱਕ ਖਾਸ ਸੰਦੇਸ਼ ਜਾਰੀ ਕਰਵਾਇਆ ਗਿਆ। ਇਸ ਵਿਚ ਲੋਕਾਂ ਨੂੰ ਸਮਾਜਿਕ ਦੂਰੀਆਂ, ਵਾਰ ਵਾਰ ਹੱਥ ਧੋਣ, ਮਾਸਕ ਪਹਿਨਣ, ਘਰ ਦੇ ਬਜ਼ੁਰਗਾਂ ਅਤੇ ਬੱਚਿਆਂ ਦੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣ ਬਾਰੇ ਜਾਗਰੂਕ ਕੀਤਾ ਗਿਆ।
ਵਿਸਤ੍ਰਿਤ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਦੇ ਨਾਲ ਜੁੜੇ ਹੋਏ ਧਾਰਮਿਕ ਸਥਾਨਾਂ ਦੇ ਸੇਵਾਦਾਰਾਂ ਵੱਲੋਂ ਇਹ ਵਿਸ਼ੇਸ਼ ਘੋਸ਼ਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ਤੋਂ ਸਾਵਧਾਨੀਆਂ ਬਾਰੇ ਸੰਦੇਸ਼ ਜਾਰੀ ਕੀਤੇ ਜਾਣ ਕਾਰਨ ਅਜਿਹੇ ਸੰਦੇਸ਼ਾਂ ਦਾ ਲੋਕਾਂ ਦੇ ਦਿਲਾਂ ਅਤੇ ਦਿਮਾਗ ‘ਤੇ ਡੂੰਘਾ ਪ੍ਰਭਾਵ ਪੈਂਦਾ ਹੈ, ਜੋ ਮਿਸ਼ਨ ਫਤਿਹ ਨੂੰ ਇੱਕ ਲੋਕ ਲਹਿਰ ਵਿੱਚ ਬਦਲਣ ਵਿੱਚ ਬਹੁਤ ਸਹਾਹਿਤਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਜਿੱਤਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗਾ। ਉਸਨੇ ਲੋਕਾਂ ਨੂੰ ਸਮਾਜਿਕ ਦੂਰੀਆਂ, ਹੱਥ ਧੋਣ, ਮਾਸਕ ਪਹਿਨਣ ਵਰਗੇ ਨਿਯਮਾਂ ਦੀ ਪਾਲਣਾ ਕਰਦਿਆਂ ਆਪਣੀ ਅਤੇ ਆਪਣੇ ਨਜ਼ਦੀਕੀ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਸਮੇਂ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਜ਼ਿਲ੍ਹਾ ਪੰਚਾਇਤ ਅਤੇ ਵਿਕਾਸ ਅਫਸਰ ਫਿਰੋਜ਼ਪੁਰ ਸ੍ਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ 836 ਪਿੰਡਾਂ ਵਿੱਚ ਧਾਰਮਿਕ ਸਥਾਨਾਂ ਤੋਂ ਇਸ ਤਰ੍ਹਾਂ ਦੀਆਂ ਘੋਸ਼ਣਾਵਾਂ ਕੀਤੀਆਂ ਜਾ ਰਹੀਆਂ ਹਨ। ਇਹ ਐਲਾਨ ਸਾਰੇ ਛੇ ਡਿਵੈਲਪਮੈਂਟ ਬਲਾਕਾਂ ਮਮਦੋਟ, ਘੱਲਖੁਰਦ, ਗੁਰੂ ਹਰ ਸਹਾਏ, ਜੀਰਾ, ਫਿਰੋਜ਼ਪੁਰ ਅਤੇ ਮਖੂ ਵਿੱਚ ਸਬੰਧਤ ਬੀਡੀਪੀਓ ਅਤੇ ਪੰਚਾਇਤ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਬੀ.ਡੀ.ਪੀ.ਓਜ਼ ਅਤੇ ਪੰਚਾਇਤਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਧਾਰਮਿਕ ਸਥਾਨਾਂ ਦੇ ਪ੍ਰਬੰਧਨ ਨਾਲ ਸੰਪਰਕ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਤਰ੍ਹਾਂ ਦੀਆਂ ਅਨਾਊਸਮੈਂਟਾਂ ਕਰਵਾਉਣ।