ਮਿਸ਼ਨ ਫਤਿਹ ਦੇ ਤਹਿਤ ਘਰ-ਘਰ ਜਾ ਕੇ ਸਿਹਤ ਜਾਂਚ ਮੁਹਿੰਮ ਛੇਤੀ ਹੀ ਸ਼ੁਰੂ ਹੋਵੇਗੀ, ਡਿਪਟੀ ਕਮਿਸ਼ਨਰ ਨੇ ਦਿੱਤੇ ਨਿਰਦੇਸ਼
ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਵਿਰੁੱਧ ਜਾਗਰੂਕ ਕਰਨ ਅਤੇ ਸਿਹਤ ਦੀ ਜਾਂਚ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ
ਫਿਰੋਜ਼ਪੁਰ 5 ਜੂਨ 2020
ਮਿਸ਼ਨ ਫਤਿਹ ਤਹਿਤ ਜ਼ਿਲ੍ਹੇ ਵਿੱਚ ਡੋਰ ਟੂ ਡੋਰ ਸਿਹਤ ਜਾਂਚ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਲੋਕਾਂ ਦੀ ਨਾ ਸਿਰਫ਼ ਜਾਂਚ ਕਰਨਗੀਆਂ, ਬਲਕਿ ਉਨ੍ਹਾਂ ਨੂੰ ਇਸ ਮਹਾਂਮਾਰੀ ਵਿਰੁੱਧ ਜਾਗਰੂਕ ਕਰਨਗੀਆਂ।
ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਦਰਮਿਆਨ ਇੱਕ ਵਾਰ ਪੂਰੇ ਜ਼ਿਲ੍ਹੇ ਦਾ ਡੋਰ-ਟੂ-ਡੋਰ ਸਰਵੇ ਕੀਤਾ ਗਿਆ। ਹੁਣ ਦੂਜੇ ਪੜਾਅ ਵਿਚ ਇਕ ਵਾਰ ਫਿਰ ਡੋਰ ਟੂ ਡੋਰ ਸਰਵੇਖਣ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਵਿਚ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਲੋਕਾਂ ਦੀ ਜਾਂਚ ਕਰਨਗੀਆਂ। ਇਸ ਜਾਂਚ ਵਿਚ ਸ਼ੱਕੀ ਮਰੀਜ਼ਾਂ ਦੇ ਨਮੂਨੇ ਕੋਰੋਨਾ ਟੈਸਟ ਲਈ ਲਏ ਜਾਣਗੇ ਅਤੇ ਲੋਕਾਂ ਨੂੰ ਇਸ ਬਿਮਾਰੀ ਬਾਰੇ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਉਹ ਪੂਰੀ ਸਾਵਧਾਨੀ ਵਰਤ ਸਕਣ।
ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਵਿਰੁੱਧ ਚੱਲ ਰਹੀ ਲੜਾਈ ਸਮੂਹਿਕ ਯਤਨਾਂ ਨਾਲ ਜਿੱਤੀ ਜਾ ਸਕਦੀ ਹੈ। ਇਸ ਲਈ ਲੋਕਾਂ ਨੂੰ ਵਿਸ਼ੇਸ਼ ਤੌਰ ‘ਤੇ ਸਰਕਾਰ ਦੁਆਰਾ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਆਪਣੇ ਮੂੰਹ ਤੇ ਮਾਸਕ ਪਹਿਨੋ, ਆਪਣੇ ਹੱਥਾਂ ਨੂੰ ਅਕਸਰ ਧੋਵੋ ਅਤੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਬਿਮਾਰੀ ਤੋਂ ਦੂਰ ਰੱਖਣ ਲਈ ਸਮਾਜਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕਰੋ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਨੂੰ ਕੋਰੋਨਾ ਵਾਇਰਸ ਦੇ ਪ੍ਰਭਾਵਾਂ ਤੋਂ ਮੁਕਤ ਰੱਖਣ ਲਈ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਤਹਿਤ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ।