ਮਿਸ਼ਨ ਫਤਿਹ: ਜਿਲੇ ਵਿੱਚ ਹੁਣ ਤੱਕ 3665 ਲੋਕਾਂ ਦੀ ਹੋਈ ਸਕਰੀਨਿੰਗ, 90 ਫੀਸਦੀ ਤੋਂ ਵੱਧ ਸੈਂਪਲਾਂ ਦੀ ਰਿਪੋਰਟ ਆਈ ਨੈਗੇਟਿਵ
ਕਿਹਾ, ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਦੀ ਪਾਲਨਾ ਕਰਕੇ ਹੀ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
ਫਿਰੋਜਪੁਰ, 4 ਜੂਨ
ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਵਿਚ ਕੋਰੋਨਾ ਲਈ ਲਏ ਗਏ ਸੈਂਪਲਾਂ ਵਿਚੋਂ ਹੁਣ ਤੱਕ 90 ਫੀਸਦੀ ਤੋਂ ਵੱਧ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਜੋ ਕਿ ਫਿਰੋਜ਼ਪੁਰ ਜ਼ਿਲ੍ਹੇ ਲਈ ਇਹ ਇੱਕ ਚੰਗੀ ਖਬਰ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਨੂੰ ਕੋਰੋਨਾ ਮੁਕਤ ਰੱਖਣ ਅਤੇ ਇਸ ਬਿਮਾਰੀ ਤੇ ਪੂਰੀ ਤਰ੍ਹਾਂ ਜਿੱਤ ਪਾਉਣ ਲਈ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਦੀ ਪਾਲਨਾ ਕਰਨੀ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਇਸ ਬਿਮਾਰੀ ਤੇ ਜਿੱਤ ਪਾਉਣ ਦੇ ਮਕਸਦ ਅਤੇ ਲੋਕਾਂ ਨੂੰ ਇਸ ਸਬੰਧੀ ਸਾਵਧਾਨੀਆਂ ਬਾਰੇ ਜਾਗਰੂਕ ਕਰਨ ਲਈ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਵੀ ਚਲਾਇਆ ਗਿਆ ਹੈ ਜਿਸ ਨੂੰ ਸਫਲ ਬਣਾਉਣ ਲਈ ਸਾਡੇ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ।
ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ ਕੁਲ 3665 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਨੂੰ ਕੋਰੋਨਾ ਟੇਸਟ ਲਈ ਲੈਬੋਰੇਟਰੀ ਵਿੱਚ ਭੇਜਿਆ ਗਿਆ ਸੀ । ਇਸ ਵਿੱਚੋਂ ਕੁਲ 3330 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਹੁਣ ਲੈਬੋਰੇਟਰੀਜ ਦੇ ਕੋਲ 176 ਸੈੰਪਲਾਂ ਦੀ ਟੇਸਟ ਰਿਪੋਰਟ ਪੇਂਡਿੰਗ ਪਈ ਹੋਈ ਹੈ, ਜਿਨ੍ਹਾਂ ਦੀ ਰਿਪੋਰਟ ਵੀ ਜਲਦੀ ਹਾਸਲ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਕੁਲ 43 ਕੋਰੋਨਾ ਪਾਜਿਟਿਵ ਮਰੀਜ ਰਿਪੋਰਟ ਹੋਏ ਸਨ, ਜੋ ਕਿ ਠੀਕ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬੇਸ਼ਕ ਸਾਡੇ ਜ਼ਿਲ੍ਹੇ ਵਿਚ ਕੋਈ ਵੀ ਕੋਰੋਨਾ ਪੋਜ਼ਿਟਿਵ ਮਰੀਜ ਨਹੀਂ ਹੈ ਪਰ ਖਤਰਾ ਹਜੇ ਟੱਲਿਆ ਨਹੀਂ ਹੈ ਇਸ ਲਈ ਸਾਨੂੰ ਸੋਸ਼ਲ ਡਿਸਟੈਂਸਿੰਗ, ਮਾਸਕ ਪਾਉਣ ਅਤੇ ਬੇਵਜਹ ਘਰੋਂ ਬਾਹਰ ਨਾ ਨਿਕਲ ਆਦਿ ਨਿਯਮਾਂ ਦੀ ਪਾਲਨਾ ਕਰਨ ਦੀ ਸਖਤ ਲੋੜ ਹੈ।