ਮਿਸ਼ਨ ਨਸ਼ਾ ਮੁਕਤ ਸੰਬੰਧੀ ਕੀਤੀ ਗਈ ਫ਼ਿਰੋਜ਼ਪੁਰ ਵਿੱਚ ਸ਼ੁਰੂਆਤ: ਸਿਵਲ ਸਰਜਨ
ਮਿਸ਼ਨ ਨਸ਼ਾ ਮੁਕਤ ਸੰਬੰਧੀ ਕੀਤੀ ਗਈ ਫ਼ਿਰੋਜ਼ਪੁਰ ਵਿੱਚ ਸ਼ੁਰੂਆਤ: ਸਿਵਲ ਸਰਜਨ
ਫ਼ਿਰੋਜ਼ਪੁਰ, 15.3.2022: ਜ਼ਿਲ੍ਹੇ ਅੰਦਰ ਸਿਹਤ ਸੰਸਥਾਵਾਂ ਦੀ ਕਾਰਜ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਲਈ ਸਿਵਲ ਸਰਜਨ ਡਾ.ਅਰੋੜਾ ਵੱਲੋਂ ਸਿਹਤ ਸੰਸਥਾਵਾਂ ਦਾ ਦੌਰਾ ਲਗਾਤਾਰ ਕੀਤਾ ਜਾ ਰਿਹਾ ਹੈ।ਸਿਹਤ ਵਿਭਾਗ ਫਿਰੋਜ਼ਪੁਰ ਸਿਵਲ ਹਸਪਤਾਲ ਵਿਖੇ ਸਿਵਲ ਸਰਜਨ ਡਾ.ਅਰੋੜਾ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ।ਇਸ ਸਿਲਸਿਲੇ ਵਿਚ ਡਾ.ਅਰੋੜਾ ਵੱਲੋਂ ਫਿਰੋਜ਼ਪੁਰ ਵਿਖੇ ਕਾਇਆ ਕਲਪ ਪ੍ਰੋਗਰਾਮ ਦੇ ਤਹਿਤ ਸਿਵਲ ਹਸਪਤਾਲ ਵਿੱਚ ਸਾਫ਼-ਸਫ਼ਾਈ ਅਤੇ ਬਾਇਓ ਮੈਡੀਕਲ ਵੇਸਟਜ਼ ਦੇ ਲਈ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ,ਜਿਸ ਵਿੱਚ ਪ੍ਰਦੂਸ਼ਣ ਕੰਟਰੋਲ ਦੇ ਐੱਸ.ਡੀ.ਓ. ਅਤੇ ਇਨਵਾਇਰੋਮੈਂਟ ਏਜੰਸੀ ਨੇ ਵੀ ਸ਼ਮੂਲੀਅਤ ਕੀਤੀ।ਇਸ ਮੌਕੇ ਡਾ.ਅਰੋੜਾ ਵੱਲੋਂ ਡੀ- ਐਡਿਕਸ਼ਨ ਰੀਹੈਬਲੀਟੇਸ਼ਨ ਸੈਂਟਰ ਅਤੇ ਓਟ-ਕਲੀਨਿਕਸ ਵਿੱਚ ਸੇਵਾਵਾਂ ਨਿਭਾ ਰਹੇ ਮਨੋਰੋਗਾਂ ਦੇ ਮਾਹਿਰ ਡਾਕਟਰ ਡਾ. ਰਚਨਾ ਮਿੱਤਲ ਨਾਲ ਫਿਰੋਜ਼ਪੁਰ ਨੂੰ ਮਿਸ਼ਨ ਨਸ਼ਾ ਮੁਕਤ ਕਰਨ ਬਾਰੇ ਵਿਸਥਾਰਪੂਰਬਕ ਚਰਚਾ ਕੀਤੀ।
ਇਸ ਮੌਕੇ ਦੌਰਾਨ ਡਾ. ਅਰੋੜਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਡੀ ਐਡਿਕਸ਼ਨ ਰੀਹੈਬਲੀਟੇਸ਼ਨ ਸੈਂਟਰ ਅਤੇ ਓਟ ਕਲੀਨਿਕ ਵਿੱਚ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਨਸ਼ਾ ਛੱਡਣ ਦੀ ਦਵਾਈ ਦਿੱਤੀ ਜਾਂਦੀ ਹੈ ਅਤੇ ਰੈਗੂਲਰ ਕਾਊਂਸਲਿੰਗ ਵੀ ਕੀਤੀ ਜਾਂਦੀ ਹੈ ,ਕਾਊਂਸਲਿੰਗ ਦੌਰਾਨ ਹੌਲੀ-ਹੌਲੀ ਮਰੀਜ਼ਾਂ ਦੀ ਡੋਜ਼ ਘੱਟ ਕਰ ਕੇ ਮਰੀਜ਼ਾਂ ਨੂੰ ਨਸ਼ਾ ਤਿਆਗਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਕਾਊਂਸਲਿੰਗ ਦੌਰਾਨ ਮਰੀਜ਼ਾਂ ਨੂੰ ਮੈਡੀਟੇਸ਼ਨ ਅਤੇ ਯੋਗ ਅਭਿਆਸ ਵੀ ਕਰਵਾਇਆ ਜਾਂਦਾ ਹੈ।ਇਸ ਮੌਕੇ ਦੌਰਾਨ ਡਾ. ਅਰੋੜਾ ਨੇ ਦੱਸਿਆ ਕਿ ਅੱਖਾਂ ਦੇ ਮਾਹਿਰ ਡਾ.ਮਨਦੀਪ ਕੌਰ ਦੇ ਵੱਲੋਂ ਮਰੀਜ਼ਾਂ ਦਾ ਇਲਾਜ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਹੀ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਡਾ.ਰਾਜਿੰਦਰ ਅਰੋਡ਼ਾ ਵੱਲੋਂ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਸਾਫ਼-ਸਫ਼ਾਈ ਅਤੇ ਪਾਰਕਿੰਗ ਦਾ ਪ੍ਰਬੰਧ ਕਰਨ ਬਾਰੇ ਐੱਸ.ਐੱਮ.ਓ.ਡਾ.ਭੁਪਿੰਦਰਜੀਤ ਕੌਰ ਅਤੇ ਡੀ.ਐਮ.ਸੀ.ਡਾ. ਰਾਜਿੰਦਰ ਮਨਚੰਦਾ ਅਤੇ ਹਾਜ਼ਰ ਸਟਾਫ ਨੂੰ ਜ਼ਰੂਰੀ ਨਿਰਦੇਸ਼ ਦਿੱਤੇ।ਸਿਵਲ ਸਰਜਨ ਨੇ ਸਮੂਹ ਸਟਾਫ ਨੂੰ ਇੱਕ ਮੀਟਿੰਗ ਦੌਰਾਨ ਆਪਣਾ ਕੰਮ ਮਿਹਨਤ,ਲਗਨ ਅਤੇ ਜ਼ਿੰਮੇਵਾਰੀ ਨਾਲ ਕਰਨ ਲਈ ਪ੍ਰੇਰਿਤ ਕੀਤਾ।