ਮਾਮਲਾ ਭੱਠਾ ਵਰਕਰਾਂ ਅਤੇ ਮਾਲਕਾਂ ਵਿਚਾਲੇ ਸਰਕਾਰੀ ਰੇਟ ਨੂੰ ਲੈ ਕੇ ਚੱਲ ਰਹੇ ਵਿਵਾਦ ਦਾ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਐਸ.ਡੀ.ਐਮ ਦੀ ਭੱਠਾ ਮਾਲਕਾਂ ਨਾਲ ਹੋਈ ਮੀਟਿੰਗ
ਮਾਮਲਾ ਭੱਠਾ ਵਰਕਰਾਂ ਅਤੇ ਮਾਲਕਾਂ ਵਿਚਾਲੇ ਸਰਕਾਰੀ ਰੇਟ ਨੂੰ ਲੈ ਕੇ ਚੱਲ ਰਹੇ ਵਿਵਾਦ ਦਾ
ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਐਸ.ਡੀ.ਐਮ ਦੀ ਭੱਠਾ ਮਾਲਕਾਂ ਨਾਲ ਹੋਈ ਮੀਟਿੰਗ
– ਐਸ.ਡੀ.ਐਮ ਨੇ ਭੱਠਾ ਮਾਲਕਾਂ ਨੂੰ 6 ਅਗਸਤ ਤੱਕ ਦੇ ਆਦੇਸ਼ ਜਾਰੀ
ਗੁਰੂਹਰਸਹਾਏ, 30 ਜੁਲਾਈ (ਪਰਮਪਾਲ ਗੁਲਾਟੀ)- ਪੰਜਾਬ ਭੱਠਾ ਵਰਕਰਜ਼ ਯੂਨੀਅਨ ਸਬੰਧਿਤ ਏਟਕ ਦੇ ਸਮੂਹ ਲੇਬਰ ਵਰਕਰਾਂ ਅਤੇ ਭੱਠਾ ਮਾਲਕਾਂ ਵਿਚਾਲੇ ਰੇਟ ਨੂੰ ਲੈ ਕੇ ਚੱਲ ਰਹੇ ਵਿਵਾਦ ਸਬੰਧੀ ਉਪ ਮੰਡਲ ਮਜਿਸਟ੍ਰੇਟ ਪ੍ਰੋ. ਜਸਪਾਲ ਸਿੰਘ ਗਿੱਲ ਵਲੋਂ ਭੱਠਾ ਮਾਲਕਾਂ ਨਾਲ ਇਕ ਮੀਟਿੰਗ ਕੀਤੀ ਗਈ। ਜਿਸ ਵਿਚ ਐਸ.ਡੀ.ਐਮ ਪ੍ਰੋ. ਜਸਪਾਲ ਸਿੰਘ ਗਿੱਲ ਨੇ ਸਮੂਹ ਭੱਠਾ ਮਾਲਕਾਂ ਨੂੰ ਹਦਾਇਤ ਕੀਤੀ ਕਿ ਉਹ ਭੱਠਾ ਲੇਬਰ ਮਜ਼ਦੂਰਾਂ ਨੂੰ ਸਰਕਾਰੀ ਰੇਟਾਂ ਅਨੁਸਾਰ ਹੀ ਅਦਾਇਗੀ ਕਰਨ ਅਤੇ ਇਸ ਸੰਬੰਧੀ ਮਜ਼ਦੂਰਾਂ ਨਾਲ ਸਹਿਮਤੀ ਫੈਸਲਾ ਰਿਪੋਰਟ 6 ਅਗਸਤ ਤੱਕ ਐਸ.ਡੀ.ਐਮ ਦਫ਼ਤਰ ਵਿਖੇ ਕਰਨ। ਉਹਨਾਂ ਕਿਹਾ ਕਿ ਜੇਕਰ ਇਸ ਸਬੰਧੀ ਭੱਠਾ ਮਾਲਕਾਂ ਨੇ ਕੁਤਾਹੀ ਵਰਤੀ ਤਾਂ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਉਧਰ ਇਸ ਹੋਣ ਵਾਲੀ ਫੈਸਲਾ ਮੀਟਿੰਗ ਦਾ ਫੈਸਲਾ ਜਾਣਨ ਲਈ ਤਹਿਸੀਲ ਕੰਪਲੈਕਸ 'ਚ ਵੱਡੀ ਗਿਣਤੀ ਭੱਠਾ ਮਜ਼ਦੂਰ ਤੇ ਆਗੂ ਪਹੁੰਚੇ। ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਪੰਜਾਬ ਮੀਤ ਪ੍ਰਧਾਨ ਕਾਮਰੇਡ ਗੁਰਨਾਮ ਸਿੰਘ ਨੇ ਕਿਹਾ ਕਿ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਐਸ.ਡੀ.ਐਮ ਗੁਰੂਹਰਸਹਾਏ ਪ੍ਰੋ. ਜਸਪਾਲ ਸਿੰਘ ਗਿੱਲ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਉਹਨਾਂ ਕਿਹਾ ਕਿ ਭੱਠਾ ਮਾਲਕ ਸਾਨੂੰ ਇਕ ਹਜਾਰ ਇੱਟਾਂ ਦਾ ਰੇਟ 530 ਰੁਪਏ ਦੇਣਾ ਚਾਹੁੰਦੇ ਹਨ ਜੋ ਕਿ ਇਹ ਸਰਕਾਰੀ ਰੇਟ ਨਹੀਂ ਹੈ ਜਦ ਕਿ ਸਰਕਾਰੀ ਰੇਟ 608 ਰੁਪਏ ਪ੍ਰਤੀ ਹਜ਼ਾਰ ਇੱਟ ਹੈ। ਉਹਨਾਂ ਕਿਹਾ ਕਿ ਭੱਠਾ ਮਾਲਕਾਂ ਵਲੋਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਜਦ ਕਿ ਸਾਰੇ ਮਜ਼ਦੂਰ ਭੱਠਿਆ ਤੋਂ ਇਹ ਰੇਟ ਲੈਣ ਨੂੰ ਤਿਆਰ ਨਹੀਂ ਹਨ ਅਤੇ ਸਮੂਹ ਲੇਬਰ ਮਜ਼ਦੂਰਾਂ ਨੂੰ ਸਰਕਾਰੀ ਰੇਟ 608 ਰੁਪਏ ਪ੍ਰਤੀ ਹਜ਼ਾਰ ਅਨੁਸਾਰ ਦਿੱਤਾ ਜਾਵੇ। ਉਹਨਾਂ ਕਿਹਾ ਕਿ ਮਜ਼ਦੂਰਾਂ ਦੀ ਹੁੰਦੀ ਅੰਨ•ੀ ਲੁੱਟ ਖਸੁੱਟ ਉਹ ਸਹਿਣ ਨਹੀਂ ਕਰਨਗੇ ਅਤੇ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਤਿੱਖਾ ਸੰਘਰਸ਼ ਵਿੱਢਣਗੇ। ਇਸ ਮੌਕੇ ਕਾਮਰੇਡ ਨਾਜ਼ਰ ਸਿੰਘ, ਕਾਮਰੇਡ ਹਰਚੰਦ ਸਿੰਘ, ਬਲਾਕ ਪ੍ਰਧਾਨ ਕਾਮਰੇਡ ਦਰਸ਼ਨ ਸਿੰਘ, ਕਾਮਰੇਡ ਕਰਨੈਲ ਸਿੰਘ, ਕਾਮਰੇਡ ਮਿੱਠੂ ਸਿੰਘ ਮੀਤ ਪ੍ਰਧਾਨ, ਕਾਮਰੇਡ ਮੰਗਲ ਸਿੰਘ ਸਕੱਤਰ, ਕਾਮਰੇਡ ਕਾਲਾ ਸਿੰਘ ਕੈਸ਼ੀਅਰ ਆਦਿ ਸਮੂਹ ਮਜ਼ਦੂਰ ਹਾਜ਼ਰ ਸਨ।