ਭਾਰਤੀ ਮਿਆਰ ਬਿਊਰੋ ਦੁਆਰਾ ਕਰਵਾਇਆ ਗਿਆ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਜਾਗਰੂਕਤਾ ਪ੍ਰੋਗਰਾਮ ਆਯੋਜਨ
ਭਾਰਤੀ ਮਿਆਰ ਬਿਊਰੋ ਦੁਆਰਾ ਕਰਵਾਇਆ ਗਿਆ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਜਾਗਰੂਕਤਾ ਪ੍ਰੋਗਰਾਮ ਆਯੋਜਨ
ਫਿਰੋਜ਼ਪੁਰ 11 ਅਗਸਤ, 2024: ਭਾਰਤੀ ਮਿਆਰ ਬਿਓਰੋ (ਬਿਊਰੋ ਆਫ ਇੰਡੀਅਨ ਸਟੈਂਡਰਡਜ਼) ਦੁਆਰਾ ਚੰਡੀਗੜ੍ਹ ਸ਼ਾਖਾ ਦੇ ਮੁਖੀ ਅਤੇ ਸੀਨੀਅਰ ਡਾਰੈਕਟਰ ਸ਼੍ਰੀ ਵਿਸ਼ਾਲ ਤੋਮਰ ਦੀ ਯੋਗ ਅਗਵਾਈ ਹੇਠ ਜਾਗਰੂਕਤਾ ਪ੍ਰੋਗਰਾਮ ਕਰਾਇਆ ਗਿਆ। ਸਥਾਨਕ ਦਫਤਰ ਸੀਨੀਅਰ ਸਿਟੀਜਨ ਕੌਂਸਲ ਵਿਖੇ ਹੋਏ ਇਸ ਜਾਗਰੂਕਤਾ ਪ੍ਰੋਗਰਾਮ ਵਿੱਚ 70 ਤੋਂ ਵੱਧ ਉਪਭੋਗਤਾਵਾਂ ਨੇ ਭਾਗ ਲਿਆ। ਪ੍ਰੋਗਰਾਮ ਦੀ ਆਯੋਜਕ ਸੰਸਥਾ “ਸੰਕਲਪ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ (ਰਜਿ.)” ਦੇ ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਮੌਕੇ ਉਪਭੋਗਤਾਵਾਂ ਨੂੰ ਅਸਲੀ ਨਕਲੀ ਚੀਜ਼ਾਂ ਦੀ ਪਰਖ, ਸੋਨੇ ਦੀ ਹਾਲਮਾਰਕਿੰਗ ਅਤੇ ਆਈ.ਐਸ.ਆਈ ਉਤਪਾਦਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਸਾਬਕਾ ਮੈਡੀਕਲ ਕਮਿਸ਼ਨਰ ਡਾਕਟਰ ਗੁਰਿੰਦਰਜੀਤ ਸਿੰਘ ਢਿੱਲੋ ਅਤੇ ਸ੍ਰੀ ਪੀ. ਡੀ. ਸ਼ਰਮਾ ਪ੍ਰਧਾਨ ਸੀਨੀਅਰ ਸਿਟੀਜਨ ਕੌਂਸਲ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਭਜਨ ਗਾ ਕੇ ਸ਼ੁਰੂ ਕੀਤੀ ਗਈ।
ਪ੍ਰਧਾਨ ਪੀ. ਡੀ ਸ਼ਰਮਾ ਨੇ ਇਸ ਮੌਕੇ ਪੁੱਜੇ ਮਹਿਮਾਨਾਂ ਅਤੇ ਉਪਭੋਗਤਾਵਾਂ ਨੂੰ ਜੀ ਆਇਆ ਆਖਿਆ ਅਤੇ ਇਸ ਪ੍ਰੋਗਰਾਮ ਦੇ ਰੂਪ ਰੇਖਾ ਦੀ ਚਾਣਨਾ ਪਾਇਆ। ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਜਾਗਰੂਕਤਾ ਪ੍ਰੋਗਰਾਮ ਬਾਰੇ ਉਪਭੋਗਤਾਵਾਂ ਨੂੰ ਜਾਣਕਾਰੀ ਦਿੰਦਿਆਂ ਸੰਕਲਪ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਭਾਰਤੀ ਮਿਆਰ ਬਿਊਰੋ ਦੁਆਰਾ ਮੋਬਾਇਲ ਫੋਨਾਂ ਦੇ ਪਲੇ ਸਟੋਰ ਤੇ ਮੌਜੂਦ ਬੀ. ਆਈ.ਐਸ ਕੇਅਰ ਐਪਲੀਕੇਸ਼ਨ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਉਪਭੋਗਤਾਵਾਂ ਨੂੰ ਬੀ.ਆਈ.ਐਸ ਹਾਲਮਾਰਕਿੰਗ ਵਾਲਾ ਸੋਨਾ ਹੀ ਖਰੀਦਣ ਲਈ ਆਖਿਆ। ਇਸ ਦੇ ਨਾਲ ਹੀ ਉਹਨਾਂ ਨੇ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਚੀਜ਼ਾਂ ਜਿਵੇਂ ਕਿ ਬਿਜਲੀ ਦਾ ਸਮਾਨ, ਇੰਟਰਲਾਕ ਟਾਈਲਾਂ, ਸੀਮੈਂਟ ਦੀਆਂ ਪਾਈਪਾਂ, ਬੱਚਿਆਂ ਦੇ ਖਿਡਾਉਣੇ, ਹੈਲਮਟ, ਪਾਣੀ ਵਾਲੇ ਪਲਾਸਟਿਕ ਟੈਂਕ ਆਦਿ ਆਈ.ਐੱਸ.ਆਈ ਮਾਰਕਾ ਖਰੀਦਣ ਤੋਂ ਇਲਾਵਾ ਦੁਕਾਨਦਾਰ ਪਾਸੋਂ ਖਰੀਦੀ ਚੀਜ ਦੇ ਬਿੱਲ ਲੈਣ ਬਾਰੇ ਵੀ ਚੁਕੰਨੇ ਕੀਤਾ।
ਉਹਨਾਂ ਆਖਿਆ ਕਿ ਜੇਕਰ ਉਪਭੋਗਤਾ ਨੇ ਕਿਸੇ ਖਰੀਦੀ ਹੋਈ ਚੀਜ਼ ਬਾਰੇ ਸ਼ਿਕਾਇਤ ਕਰਨੀ ਹੋਵੇ ਤਾਂ ਉਸ ਪਾਸ ਬਿੱਲ ਹੋਣਾ ਅਤੀ ਜਰੂਰੀ ਹੁੰਦਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਬੀ.ਆਈ.ਐਸ ਕੇਅਰ ਉੱਪਰ ਜਾ ਕੇ ਉਪਭੋਗਤਾਵਾਂ ਨੂੰ ਆਪਣੀ ਸ਼ਿਕਾਇਤ ਦਰਜ ਕਰਾਉਣ ਬਾਰੇ ਸਾਰੀ ਜਾਣਕਾਰੀ ਦਿੱਤੀ। ਵਿਸ਼ੇਸ਼ ਤੌਰ ਤੇ ਪੁੱਜੇ ਸਾਬਕਾ ਮੈਡੀਕਲ ਕਮਿਸ਼ਨਰ ਡਾ. ਗੁਰਿੰਦਰਜੀਤ ਸਿੰਘ ਢਿੱਲੋ ਨੇ ਭਾਰਤੀ ਮਿਆਰ ਬਿਊਰੋ ਦੇ ਇਸ ਜਾਗਰੂਕਤਾ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕਰਦਿਆਂ ਉਪਭੋਗਤਾਵਾਂ ਨੂੰ ਖਰੀਦੋ ਉਪਰੋਕਤ ਕਰਦਿਆਂ ਸੁਚੇਤ ਰਹਿਣ ਦੀ ਅਪੀਲ ਕੀਤੀ। ਉਹਨਾਂ ਆਖਿਆ ਕਿ ਸਾਨੂੰ ਜੇਕਰ ਬਾਜ਼ਾਰ ਵਿੱਚ ਵਿਕ ਰਹੀ ਕਿਸੇ ਨਕਲੀ ਜਾਂ ਘੱਟ ਘਟੀਆ ਗੁਣਵੱਤਾ ਵਾਲੀ ਚੀਜ਼ ਬਾਰੇ ਪਤਾ ਲੱਗਦਾ ਹੈ ਤਾਂ ਬਿਨਾਂ ਦੇਰੀ ਇਸ ਦੀ ਸ਼ਿਕਾਇਤ ਬੀ.ਆਈ.ਐਸ ਐਪਲੀਕੇਸ਼ਨ ਰਾਹੀਂ ਵਿਭਾਗ ਨੂੰ ਕੀਤੀ ਜਾ ਸਕਦੀ ਹੈ। ਇੱਥੇ ਜ਼ਿਕਰਯੋਗ ਹੈ ਕਿ ਬੀ.ਆਈ.ਐਸ ਕੇਅਰ ਐਪਲੀਕੇਸ਼ਨ ਰਾਹੀਂ ਕੀਤੀ ਸ਼ਿਕਾਇਤ ਨੂੰ ਪੂਰਨ ਤੌਰ ਤੇ ਗੁਪਤ ਰੱਖਿਆ ਜਾਂਦਾ ਹੈ।
ਡਾਕਟਰ ਢਿੱਲੋ ਨੇ ਮੈਡੀਕਲ ਕਿੱਤੇ ਨਾਲ ਸੰਬੰਧਿਤ ਵੱਡੀ ਗਿਣਤੀ ਵਿੱਚ ਔਜਾਰਾਂ ਅਤੇ ਮਸ਼ੀਨਰੀ ਨੂੰ ਵੀ ਭਾਰਤੀ ਮਿਆਰ ਬਿਓਰੋ ਅਧੀਨ ਪ੍ਰਮਾਣਿਤ ਹੋਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਉਪਭੋਗਤਾਵਾਂ ਨੂੰ ਮੁਖਾਤਿਬ ਹੁੰਦਿਆਂ ਸੀਨੀਅਰ ਸਿਟੀਜਨ ਕੌਂਸਲ ਦੇ ਪ੍ਰਧਾਨ ਸ੍ਰੀ ਪੀ.ਡੀ ਸ਼ਰਮਾ ਨੇ ਭਾਰਤੀ ਮਿਆਰ ਬਿਊਰੋ ਦੁਆਰਾ ਕਰਵਾਏ ਇਸ ਪ੍ਰੋਗਰਾਮ ਲਈ ਧੰਨਵਾਦ ਕੀਤਾ।
ਉਹਨਾਂ ਆਖਿਆ ਕਿ ਅਜਿਹੇ ਪ੍ਰੋਗਰਾਮ ਸਾਡੇ ਸਮਾਜ ਦੇ ਅੱਧ ਸੁੱਤੇ ਲੋਕਾਂ ਨੂੰ ਹਲੂਣਾ ਦੇ ਕੇ ਜਗਾਉਣ ਦਾ ਕੰਮ ਕਰਦੇ ਹਨ। ਬਤੌਰ ਸਟੇਜ ਸਕੱਤਰ ਦੀ ਭੂਮਿਕਾ ਜਨਰਲ ਸਕੱਤਰ ਸਵਰਨ ਸਿੰਘ ਸੁਹਾਨਾ ਨੇ ਬਾਖੂਬੀ ਨਿਭਾਈ। ਸੀਨੀਅਰ ਸਿਟੀਜਨ ਕੌਂਸਲ ਦੁਆਰਾ ਇਸ ਮੌਕੇ ਵਿਸ਼ੇਸ਼ ਤੌਰ ਤੇ ਸੰਕਲਪ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ (ਰਜਿ.) ਦੇ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਆਏ ਹੋਏ ਮਹਿਮਾਨਾਂ ਅਤੇ ਸਾਰੇ ਉਪਭੋਗਤਾਵਾਂ ਲਈ ਚਾਹ ਪਾਣੀ ਅਤੇ ਰਿਫਰੈਸ਼ਮੈਂਟ ਅਤੇ ਬੈਠਣ ਦੇ ਸੁਚੱਜੇ ਇੰਤਜ਼ਾਮ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਰਲ ਸਕੱਤਰ ਸਵਰਨ ਸਿੰਘ ਸੁਹਾਨਾ ਜਨਰਲ ਸਕੱਤਰ ਹਰੀ ਚੰਦ ਚੋਪੜਾ ਖਜ਼ਾਨਚੀ ਮੱਖਣ ਲਾਲ ਖਜਾਨਚੀ ਵਿਨੋਦ ਗਰੋਵਰ ਅਤੇ ਵੱਡੀ ਗਿਣਤੀ ਵਿੱਚ ਸੀਨੀਅਰ ਸਿਟੀਜਨ ਕੌਂਸਲ ਦੇ ਅਹੁਦੇਦਾਰ ਅਤੇ ਮੈਂਬਰ ਆਦਿ ਹਾਜ਼ਰ ਸਨ।