ਬੱਚਿਆਂ ਦੀ ਸੁਰੱਖਿਆ ਦੇ ਮਾਮਲੇ ਵਿਚ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ- ਡਿਪਟੀ ਕਮਿਸ਼ਨਰ
ਜ਼ਿਲ੍ਹੇ ਵਿਚ 120 ਸਕੂਲੀ ਵਾਹਨਾਂ ਦੀ ਹੋਈ ਜਾਂਚ, 42 ਦੇ ਕੱਟੇ ਚਲਾਨ, 18 ਹੋਏ ਜਬਤ
ਸਕੂਲੀ ਵਾਹਨਾਂ ਵਿਚ ਬੱਚਿਆਂ ਦੀ ਸੁਰੱਖਿਆ ਪਰਖਣ ਲਈ ਆਰ.ਟੀ.ਏ ਅਤੇ ਐਸ.ਡੀ.ਐਮ ਨੇ ਚਲਾਈ ਵਿਸ਼ੇਸ਼ ਮੁਹਿੰਮ
ਬੱਚਿਆਂ ਦੀ ਸੁਰੱਖਿਆ ਦੇ ਮਾਮਲੇ ਵਿਚ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ- ਡਿਪਟੀ ਕਮਿਸ਼ਨਰ
ਫਿਰੋਜ਼ਪੁਰ 17 ਫਰਵਰੀ2020 ( ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਰਾਂਸਪੋਰਟ ਵਿਭਾਗ ਅਤੇ ਡਿਪਟੀ ਕਮਿਸ਼ਨਰਾਂ ਨੂੰ ਸਕੂਲੀ ਵਾਹਨਾਂ ਦੀ ਜਾਂਚ ਅਤੇ ਨਿਯਮਾਂ ਨੂੰ ਤੋੜ ਕੇ ਚੱਲਣ ਵਾਲੇ ਵਾਹਨਾਂ ਤੇ ਕਾਰਵਾਈ ਕਰਨ ਦੇ ਆਦੇਸ਼ ਤੋਂ ਬਾਅਦ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਜ਼ਿਲ੍ਹੇ ਸਕੂਲੀ ਵਾਹਨਾਂ ਦੀ ਚੈਕਿੰਗ ਸ਼ੁਰੂ ਕਰਵਾਈ ਗਈ ਹੈ। ਸੋਮਵਾਰ ਨੂੰ ਚੈਕਿੰਗ ਦੇ ਪਹਿਲੇ ਦਿਨ 120 ਵਾਹਨਾਂ ਦੀ ਜਾਂਚ ਕੀਤੀ ਗਈ ਹੈ, ਜਿਸ ਵਿਚੋਂ 42 ਬਸਾਂ ਦੇ ਚਲਾਨ ਕੀਤੇ ਗਏ ਅਤੇ 18 ਸਕੂਲੀ ਵਾਹਨ ਜਬਤ ਕੀਤੇ ਗਏ। ਆਰਟੀਏ ਤਰਲੋਚਨ ਸਿੰਘ ਸਹੋਤਾ ਅਤੇ ਜ਼ਿਲ੍ਹੇ ਦੇ ਤਿੰਨਾਂ ਐਸਡੀਐਮ ਵੱਲੋਂ ਆਪਣੇ-ਆਪਣੇ ਏਰੀਏ ਵਿਚ ਖੁਦ ਨਾਕੇ ਲਗਾ ਕੇ ਚੈਕਿੰਗ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਬਹੁਤ ਹੀ ਜ਼ਰੂਰੀ ਹੈ, ਇਸ ਲਈ ਜ਼ਿਲ੍ਹੇ ਦੇ ਸਮੂਹ ਐਸਡੀਐਮਜ਼ ਨੂੰ ਸਕੂਲੀ ਵਾਹਨਾਂ ਦੀ ਚੈਕਿੰਗ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਜੰਗੀ ਪੱਧਰ ਤੇ ਚਲਾਇਆ ਜਾਵੇਗਾ ਅਤੇ ਬੱਚਿਆਂ ਦੀ ਸੁਰੱਖਿਆ ਦੇ ਮਾਮਲੇ ਵਿਚ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਇਸ ਮੁਹਿੰਮ ਦੀ ਖੁਦ ਨਿਗਰਾਨੀ ਕਰਨਗੇ ਅਤੇ ਨਿਯਮਾਂ ਦੀ ਉਲੰਘਨਾ ਕਰਨ ਵਾਲਿਆ ਨੂੰ ਬੱਖਸ਼ਿਆ ਨਹੀਂ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਰੋਜਾਨਾ ਸਕੂਲ ਦੇ ਵਾਹਨਾਂ ਦੀ ਚੈਕਿੰਗ ਕਰਨ ਅਤੇ ਖਾਮਿਆਂ ਮਿਲਣ ਤੋਂ ਬਾਅਦ ਹੋਣ ਵਾਲੀ ਕਾਰਵਾਈ ਦੀ ਰਿਪੋਰਟ ਉਨ੍ਹਾਂ ਨੂੰ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕੋਈ ਵੀ ਢਿੱਲ ਨਾਂ ਵਰਤੀ ਜਾਵੇ। ਉਨ੍ਹਾਂ ਸਮੂਹ ਸਕੂਲਾਂ ਦੇ ਮੁਖੀਆਂ ਨੂੰ ਵੀ ਕਿਹਾ ਕਿ ਉਹ ਇਸ ਗੱਲ ਦਾ ਧਿਆਨ ਰੱਖਣ ਕਿ ਉਨ੍ਹਾਂ ਦੇ ਸਕੂਲੀ ਵਾਹਲ ਸੇਫ ਸਕੂਲ ਵਾਹਨ ਪਾਲਿਸੀ ਦੇ ਅਧੀਨ ਆਉਂਦੀਆਂ ਸ਼ਰਤਾ ਪੂਰੀਆਂ ਕਰਦੇ ਹੋਣ ਤਾਂ ਜੋ ਉਨ੍ਹਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਬੱਚਿਆਂ ਦੀ ਸੁਰੱਖਿਆ ਬਣੀ ਰਹੇ।
ਰੀਜਨਲ ਟਰਾਂਸਪੋਰਟ ਅਥਾਰਟਿੀ ਤਰਲੋਚਨ ਸਿੰਘ ਸਹੋਤਾ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਸਕੂਲੀ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤਹਿਤ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਵੱਖ ਵੱਖ ਏਰੀਆਂ ਵਿਚ ਸਕੂਲੀ ਵਾਹਨਾਂ ਦੀ ਚੈਕਿੰਗ ਕਰਨ ਉਪਰੰਤ 42 ਸਕੂਲੀ ਵਾਹਨਾਂ ਦੇ ਚਲਾਨ ਕੱਟੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਅੱਗੇ ਵੀ ਜਾਰੀ ਰੱਖੀ ਜਾਵੇਗੀ।