ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਚੁੰਗਲ ਚ ਜਾਣ ਤੋਂ ਬਚਾਉਣਗੇ ਬੱਡੀਜ਼ ਗਰੁੱਪ : ਡਿਪਟੀਕਮਿਸ਼ਨਰ -ਹਰ ਸਕੂਲ ਤੇ ਕਾਲਜ ਵਿੱਚ ਬਣਨਗੇ55 ਬੱਚਿਆਂ ਦੇ ਬੱਡੀਜ਼ਗਰੁੱਪ
ਫਿਰੋਜ਼ਪੁਰ, 9 ਅਗਸਤ: Manish Bawa
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਡੈਪੋ ਦੀ ਸਫਲਤਾ ਤੋਂ ਬਾਅਦ ਹੁਣ ਸਰਕਾਰ ਇਸਦੇ ਦੂਜੇ ਪੜਾਅ ਬੱਡੀਜ਼ ਗਰੁੱਪ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਹਿਲੇ ਫੇਜ਼ ਡੈਪੋ ਦੌਰਾਨ ਨਸ਼ਿਆਂ ਖਿਲਾਫ਼ ਕਾਫ਼ੀ ਵਧੀਆ ਨਤੀਜੇ ਦੇਖਣ ਲਈ ਮਿਲੇ। ਇਸ ਦੌਰਾਨ ਜ਼ਿਲ੍ਹੇ ਦੇ ਹਰੇਕ ਪਿੰਡ, ਸ਼ਹਿਰ, ਵਾਰਡ, ਮੁਹੱਲਿਆਂ ਆਦਿ ਵਿੱਚ ਲੋਕਾਂ ਨੂੰ ਨਸ਼ੇ ਨਾ ਕਰਨ ਅਤੇ ਜੋ ਲੋਕ ਨਸ਼ਿਆਂ ਦੇ ਦਲਦਲ ਵਿੱਚ ਫਸੇ ਹੋਏ ਹਨ, ਉਨ੍ਹਾਂ ਨੂੰ ਨਰੋਈ ਜ਼ਿੰਦਗੀ ਜਿਓਣ ਲਈ ਆਪਣਾ ਮੁਫ਼ਤ ਇਲਾਜ ਸਬੰਧੀ ਜਾਗਰੂਕ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਹੁਣ ਦੂਜੇ ਪੜਾਅ ਬੱਡੀਜ਼ ਗਰੁੱਪ ਪਿੱਛੇ ਸੂਬਾ ਸਰਕਾਰ ਦਾ ਇਹੀ ਮੰਤਵ ਹੈ ਕਿ ਨੌਜਵਾਨਾਂ ਅਤੇ ਬੱਚਿਆਂ (6ਵੀਂ ਅਤੇ 6ਵੀਂ ਜਮਾਤ ਤੋਂ ਉਪਰ) ਨੂੰ ਪਹਿਲਾਂ ਤੋਂ ਹੀ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾ ਕੇ ਉਨ੍ਹਾਂ ਨੂੰ ਇਸ ਬੁਰੀ ਆਦਤ ਤੋਂ ਦੂਰ ਰੱਖਿਆ ਜਾ ਸਕੇ, ਤਾਂ ਜੋ ਪੰਜਾਬ ਦੀ ਨੌਜਵਾਨੀ ਨੂੰ ਪੂਰੀ ਤਰ੍ਹਾਂ ਨਾਲ ਨਸ਼ਿਆਂ ਤੋਂ ਮੁਕਤ ਕੀਤਾ ਜਾ ਸਕੇ। ਂਇਸ ਸਬੰਧੀ ਹਦਾਇਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰ ਸਕੂਲ ਅਤੇ ਕਾਲਜ ਦੇ ਸਾਰੇ ਵਿਦਿਆਰਥੀਆਂ ਦੇ 5-5 ਬੱਚਿਆਂ ਦਾ ਬੱਡੀਜ਼ ਗਰੁੱਪ ਬਣਾਵੇ ਅਤੇ ਇਹ ਪ੍ਰਿੰਸੀਪਲ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਨ੍ਹਾਂ ਉਪਰ ਇੱਕ ਅਧਿਆਪਕ ਨੂੰ ਲਗਾਇਆ ਜਾਵੇਗਾ, ਜਿਸਨੂੰ ਸੀਨੀਅਰ ਬਡੀ ਕਿਹਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਬੰਧੀ ਮਾਸਟਰ ਟ੍ਰੇਨਰਾਂ ਨੂੰ ਚੰਡੀਗੜ੍ਹ ਵਿਖੇ ਇਸ ਪ੍ਰੋਗਰਾਮ ਸਬੰਧੀ ਟ੍ਰੇਨਿੰਗ ਦਿੱਤੀ ਜਾਵੇਗੀ, ਜਿਸ ਉਪਰੰਤ ਉਹ ਜ਼ਿਲ੍ਹੇ ਦੇ ਬਾਕੀ ਬੱਡੀਜ਼ ਗਰੁੱਪ ਨੂੰ ਇਹ ਟ੍ਰੇਨਿੰਗ ਦੇਣਗੇ। ਉਨ੍ਹਾਂ ਕਿਹਾ ਕਿ ਬੱਡੀਜ਼ ਗਰੁੱਪ ਦਾ ਕੰਮ ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਜੋ ਬੱਚੇ ਅਤੇ ਨੌਜਵਾਨ ਨਸ਼ਿਆਂ ਵੱਲ ਆਪਣਾ ਰੁਝਾਨ ਦਿਖਾਉਂਦੇ ਹਨ, ਉਨ੍ਹਾਂ ਸਬੰਧੀ ਸੂਚਨਾ ਆਪਣੇ ਸਕੂਲ ਦੇ ਪ੍ਰਿੰਸੀਪਲ ਜਾਂ ਸੀਨੀਅਰ ਬਡੀ ਨੂੰ ਦੇਣਾ ਹੈ, ਤਾਂ ਜੋ ਅਜਿਹੇ ਨੌਜਵਾਨਾਂ ਜਾਂ ਬੱਚਿਆਂ ਨੂੰ ਸਮਾਂ ਰਹਿੰਦਿਆਂ ਹੀ ਨਸ਼ਿਆਂ ਦੇ ਜਾਲ ਵਿੱਚ ਜਾਣ ਤੋਂ ਰੋਕਿਆ ਜਾ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ. ਗੁਰਮੀਤ ਸਿੰਘ ਮੁਲਤਾਨੀ, ਸਹਾਇਕ ਕਮਿਸ਼ਨਰ (ਜ) ਸ. ਰਣਜੀਤ ਸਿੰਘ, ਜਿਲ੍ਹਾਂ ਸਿੱਖਿਆ ਅਫਸਰ ਸੈਕੰਡਰੀ ਸ. ਨੇਕ ਸਿੰਘ ਤੋਂ ਇਲਾਵਾ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਪਿ੍ਰੰਸੀਪਲ ਹਾਜ਼ਰ ਸਨ।