ਬੇ-ਰੋਜਗਾਰ ਲਾਈਨਮੈਨਾਂ ਤੇ ਵਿਸਾਖੀ ਮੌਕੇ ਢਾਹੇ ਤਸ਼ੱਦਦ ਨਾਲ ਬਾਦਲ ਸਰਕਾਰ ਦਾ ਰੋਜਗਾਰ ਮਾਰੂ ਨੀਤੀਆਂ ਵਾਲਾ ਚਿਹਰਾ ਨੰਗਾ ਹੋਇਆ – ਯੂਨੀਅਨ ਆਗੂ।
ਬੇ-ਰੋਜਗਾਰ ਲਾਈਨਮੈਨਾਂ ਤੇ ਵਿਸਾਖੀ ਮੌਕੇ ਢਾਹੇ ਤਸ਼ੱਦਦ ਨਾਲ ਬਾਦਲ ਸਰਕਾਰ ਦਾ ਰੋਜਗਾਰ ਮਾਰੂ ਨੀਤੀਆਂ ਵਾਲਾ ਚਿਹਰਾ ਨੰਗਾ ਹੋਇਆ – ਯੂਨੀਅਨ ਆਗੂ।
ਮਮਦੋਟ,16 ਅਪ੍ਰੈਲ () ਵਿਸਾਖੀ ਮੌਕੇ ਤਖਤ ਸ਼ੀ੍ਰ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਅਕਾਲੀ ਦਲ ਦੀ ਰੈਲੀ ਸਮੇ ਮੁੱਖ ਮੰਤਰੀ, ਉੱਪ ਮੁੱਖ ਮੰਤਰੀ ਅਤੇ ਕੇਦਰੀ ਮੰਤਰੀ ਸਾਹਮਣੇ ਰੋਜਗਾਰ ਹਾਸਲ ਕਰਨ ਲਈ ਆਪਣੀ ਆਵਾਜ ਸਰਕਾਰ ਦੇ ਕੰਨਾ ਤੱਕ ਪਹੁਚਾ ਰਹੇ ਬੇਰੋਜਗਾਰ ਲਾਈਨਮੈਨ ਯੂਨੀਅਨ ਦੇ ਆਗੂਆਂ ਅਤੇ ਉਹਨਾਂ ਦੇ ਪ੍ਰੀਵਾਰਕ ਮੈਬਰਾਂ ਤੇ ਅਕਾਲੀ ਦਲ ਦੇ ਤਾਇਨਾਤ ਕੀਤੇ ਕਥਿਤ ਗੁੰਡਿਆਂ ਵੱਲੋ ਪੁਲਸ ਦੀ ਹਾਜਰੀ ਵਿਚ ਢਾਹੇ ਤਸ਼ੱਦਦ ਨਾਲ ਬਾਦਲ ਸਰਕਾਰ ਦਾ ਰੋਜਗਾਰ ਮਾਰੂ ਨੀਤੀਆਂ ਵਾਲਾ ਚਿਹਰਾ ਨੰਗਾ ਹੋਇਆ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਮਦੋਟ ਵਿਖੇ ਬੇ-ਰੋਜਗਾਰ ਲਾਈਨਮੈਨ ਯੂਨੀਅਨ ਦੇ ਜਿਲਾ ਪ੍ਰਧਾਨ ਗੁਰਦੇਵ ਸਿੰਘ ਨੇ ਕੀਤਾ। ਉਹਨਾ ਦੱਸਿਆ ਕਿ ਇਕ ਪਾਸੇ ਤਾਂ ਸੂਬੇ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸੂਬੇ ਦੇ ਨੌਜਵਾਨਾਂ ਨੂੰ ਲੱਖਾਂ ਨੌਕਰੀਆਂ ਦੇਣ ਦੇ ਐਲਾਨ ਕਰਦੇ ਹਨ ਤੇ ਦੂਜੇ ਪਾਸੇ ਪੰਜਾਬ ਸਰਕਾਰ ਜਨਵਰੀ 2011ਵਿਚ ਪਾਵਰਕਾਮ ਅੰਦਰ 5 ਹਜਾਰ ਲਾਈਨਮੈਨਾਂ ਦੀ ਭਰਤੀ ਦਾ ਇਸ਼ਤਿਹਾਰ ਦੇ ਕੇ ਕੌਸਲਿੰਗ ਹੋਣ ਤੋ ਬਾਦ ਸਿਰਫ ਇਕ ਹਜਾਰ ਲਾਈਨਮੈਨਾਂ ਨੂੰ ਨਿਯੁਕਤੀ ਪੱਤਰ ਦੇ ਕੇ ਬਾਅਦ ਰਹਿੰਦੇ 4 ਹਜਾਰ ਲਾਈਨਮੈਨਾਂ ਨੂੰ ਨਿਯੁਕਤੀ ਪੱਤਰ ਨਾ ਦੇ ਕੇ ਉਹਨਾਂ ਨੂੰ ਤੇ ਉਹਨਾਂ ਦੇ ਪ੍ਰੀਵਾਰਾਂ ਨੂੰ ਬੇ-ਰੋਜਗਾਰੀ ਦੇ ਆਲਮ ਵਿਚ ਧੱਕ ਦਿੱਤਾ ਹੈ । ਉਹਨਾ ਕਿਹਾ ਕਿ ਨਿਯੂਕਤੀ ਪੱਤਰ ਲੈਣ ਤੋ ਵਾਂਝੇ ਰਹਿ ਗਏ 4ਹਜਾਰ ਬੇ-ਰੋਜਗਾਰ ਲਾਈਨਮੈਨਾ ਅਤੇ ਉਹਨਾ ਦੇ ਪ੍ਰੀਵਾਰਕ ਮੈਬਰਾਂ ਤੇ ਬੱਚਿਆਂ ਤੇ ਤਲਵੰਡੀ ਸਾਬੋ ਵਿਖੇ ਢਾਹੇ ਤਸ਼ੱਦਦ ਦੀ ਬੇ-ਰੋਜਗਾਰ ਯੂਨੀਅਨ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੀ ਹੈ ਉਹਨਾ ਕਿਹਾ ਕਿ ਕਿ ਜੇਕਰ ਪੰਜਾਬ ਸਰਕਾਰ ਨੇ ਬਾਕੀ ਰਹਿੰਦੇ 4 ਹਜਾਰ ਲਾਈਨਮੈਨਾਂ ਨੂੰ ਨਿਯੁਕਤੀ ਪੱਤਰ ਨਾ ਦਿੱਤੇ ਤਾਂ ਤੇ ਹੁਣ ਇਹ ਯੂਨੀਅਨ ਰੋਜਗਾਰ ਦਿਓ ਜਾਂ ਮਾਰ ਦਿਓ ਦੀ ਨੀਤੀ ਅਪਨਾਉਣ ਲਈ ਮਜਬੂਰ ਹੋਵੇਗੀ ਤੇ ਆਉਣ ਵਾਲੇ ਸਮੇ ਦੇ ਸੰਘਰਸ਼ ਦੌਰਾਨ ਕਿਸੇ ਵੀ ਕੁਰਬਾਨੀ ਤੋ ਪਿਛੇ ਨਹੀ ਹਟਣਗੇ। ਇਸ ਮੌਕੇ ਰਣਬੀਰ ਸਿੰਘ ਸੌਢੀ, ਪ੍ਰਤਾਪ ਸਿੰਘ ਹਜਾਰਾ ਸਿੰਘ ਵਾਲਾ, ਗੁਰਦੀਪ ਸਿੰਘ ਰਾਓ ਕੇ ਅਤੇ ਕੁਲਵੰਤ ਸਿੰਘ ਮਮਦੋਟ ਵੀ ਹਾਜਰ ਸਨ।