Ferozepur News
ਬਿਰਧ ਆਸ਼ਰਮ ਵਿਖੇ ਵਿਸ਼ਵ ਓਰਲ ਹੈਲਥ ਦਿਵਸ ਸੰਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ
ਮੂੰਹ ਦੀ ਸਿਹਤ ਦੀ ਜਾਂਚ ਲਈ ਲਗਾਇਆ ਵਿਸ਼ੇਸ਼ ਕੈਂਪ
ਬਿਰਧ ਆਸ਼ਰਮ ਵਿਖੇ ਵਿਸ਼ਵ ਓਰਲ ਹੈਲਥ ਦਿਵਸ ਸੰਬੰਧੀ ਜਾਗਰੂਕਤਾ ਸੈਮੀਨਾਰ ਲਗਾਇਆਮੂੰਹ ਦੀ ਸਿਹਤ ਦੀ ਜਾਂਚ ਲਈ ਲਗਾਇਆ ਵਿਸ਼ੇਸ਼ ਕੈਂਪ
ਫ਼ਿਰੋਜ਼ਪੁਰ, 20 ਮਾਰਚ, 2025: ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਿਸ਼ਵ ਓਰਲ ਹੈਲਥ ਦਿਵਸ ਦੇ ਸੰਬਧ ਵਿਚ ਕਾਰਜ਼ਕਾਰੀ ਡਿਪਟੀ ਮੈਡੀਕਲ ਕਮਿਸ਼ਨਰ ਡਾ ਨਵੀਨ ਸੇਠੀ ਅਤੇ ਕਾਰਜ਼ਕਾਰੀ ਡਿਪਟੀ ਡਾਇਰੈਕਟਰ ਡੈਂਟਲ ਹੈਲਥ ਡਾ ਪੰਕਜ ਗੁਪਤਾ ਦੀ ਅਗਵਾਈ ਵਿਚ ਬਿਰਧ ਆਸ਼ਰਮ ਵਿਖੇ ਜਾਗਰੂਕਤਾ ਸੈਮੀਨਾਰ ਅਤੇ ਮੂੰਹ ਦੀ ਸਿਹਤ ਜਾਂਚ ਸੰਬਧੀ ਕੈਂਪ ਲਗਾਇਆ ਗਿਆ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਦੰਦਾ ਦੇ ਰੋਗਾਂ ਦੇ ਮਾਹਿਰ ਡਾ ਪੰਕਜ ਗੁਪਤਾ ਨੇ ਕਿਹਾ ਕਿ ਵਿਸ਼ਵ ਓਰਲ ਹੈਲਥ ਦਿਵਸ ਮਨਾਉਣ ਦਾ ਮੁੱਖ ਮਕਸਦ ਲੋਕਾਂ ਵਿੱਚ ਮੂੰਹ ਦੀ ਸਿਹਤ ਦੀ ਜਰੂਰਤ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਲੋਕਾਂ ਨੂੰ ਆਪਣੇ ਮੂੰਹ ਨੂੰ ਸਿਹਤਮੰਦ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਪ੍ਰੇਰਿਤ ਕਰਨਾ ਹੈ। ਇਸੇ ਤਹਿਤ ਜ਼ਿਲਾ ਫਿਰੋਜ਼ਪੁਰ ਦੇ ਸਰਕਾਰੀ ਸਿਹਤ ਸੰਸਥਾਵਾਂ ਵਿੱਖੇ ਜਾਗਰੂਕਤਾ ਕੈਂਪ ਲਗਾਉਣ ਦੇ ਨਾਲ-ਨਾਲ ਮੂੰਹ ਦੇ ਰੋਗਾਂ ਸਬੰਧੀ ਜਾਂਚ ਕੈਂਪ ਵੀ ਆਯੋਜਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਕਾਰਨ ਸਾਡੇ ਮੂੰਹ ’ਚ ਕੋਈ ਇਨਫੈਕਸ਼ਨ ਹੋਵੇ ਤਾਂ ਸਾਡੇ ਮੂੰਹ ਰਾਹੀਂ ਚਬਾਇਆ ਭੋਜਨ ਵੀ ਦੂਸ਼ਿਤ ਹੋ ਸਕਦਾ ਹੈ, ਜਿਸ ਨਾਲ ਮਨੁੱਖੀ ਸ਼ਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਸੈਮੀਨਾਰ ਦੌਰਾਨ ਜਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਦਿਨ ਵਿਚ ਘੱਟੋ-ਘੱਟ ਦੋ ਵਾਰ ਬੁਰਸ਼ ਜ਼ਰੂਰ ਕਰਨਾ ਚਾਹੀਦਾ ਹੈ। ਤਾਜ਼ਾ ਅਤੇ ਪਚਣ ਵਾਲਾ ਭੋਜਨ ਜਿਵੇਂ ਕਿ ਤਾਜ਼ੇ ਫਲ, ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਸਾਬਤ ਅਨਾਜ ਦਾ ਸੇਵਨ ਕਰਨਾ ਚਾਹੀਦਾ ਹੈ। ਭੋਜਨ ਨੂੰ ਚੰਗੀ ਤਰ੍ਹਾਂ ਚਬਾਉਣ ਨਾਲ ਜ਼ਰੂਰੀ ਐਨਜ਼ਾਈਮਜ਼ ਸਹੀ ਢੰਗ ਨਾਲ ਨਿਕਲਦੇ ਹਨ ਜੋ ਪਾਚਨ ਕਿਰਿਆ ਨੂੰ ਠੀਕ ਰੱਖਣ ‘ਚ ਬਹੁਤ ਫਾਇਦੇਮੰਦ ਹੁੰਦਾ ਹੈ। ਜਿਆਦਾ ਮਿੱਠੇ ਅਤੇ ਪ੍ਰੋਸੈਸਡ ਭੋਜਨ ਤੋਂ ਪਰਹੇਜ ਕਰਨਾ ਚਾਹੀਦਾ ਹੈ। ਉਨ੍ਹਾਂ ਹਦਾਇਤ ਕੀਤੀ ਕਿ ਸਾਲ ਵਿੱਚ ਇੱਕ ਵਾਰ ਆਪਣੇ ਦੰਦਾਂ ਅਤੇ ਆਪਣੇ ਮੂੰਹ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ ਤਾਂ ਕਿ ਦੰਦਾਂ ਜਾਂ ਮੂੰਹ ਵਿੱਚ ਕੋਈ ਸਮੱਸਿਆ ਹੋਵੇ ਤਾਂ ਉਸ ਦਾ ਸਮੇਂ ਸਿਰ ਪਤਾ ਲਗਾ ਕੇ ਇਲਾਜ ਕੀਤਾ ਜਾ ਸਕੇ।
ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਨੇ ਕਿਹਾ ਕਿ ਦੰਦਾਂ ਅਤੇ ਮੂੰਹ ਦੀ ਦੇਖਭਾਲ ਹੀ ਚੰਗੀ ਸਿਹਤ ਦਾ ਆਧਾਰ ਬਣਦੀ ਹੈ। ਇਸ ਲਈ ਸਾਨੂੰ ਆਪਣੇ ਮੂੰਹ ਅਤੇ ਦੰਦਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਮਸੂੜਿਆਂ ਵਿਚ ਖੂਨ ਆਉਣਾਂ, ਮੂੰਹ ਵਿਚੋਂ ਬਦਬੂ ਆਉਣਾਂ,
ਦੰਦਾ ਦਾ ਪੀਲਾ ਜਾ ਕਾਲਾ ਪੈ ਜਾਣਾ, ਦੰਦਾਂ ਵਿਚ ਖੋੜ ਪੈ ਜਾਣੀ, ਠੰਡਾ-ਗਰਮ ਲੱਗਣਾ ਅਤੇ ਦਰਦ ਦਾ ਹੋਣਾਂ ਆਮ ਬੀਮਾਰੀਆਂ ਹਨ, ਪਰ ਜੇਕਰ ਅਸੀ ਸਮੇਂ ਸਿਰ ਇਨ੍ਹਾਂ ਦਾ ਇਲਾਜ ਕਰਵਾ ਲਈਏ ਤਾਂ ਅਸੀ ਆਪਣੇ ਦੰਦਾਂ ਨੂੰ ਗੰਭੀਰ ਬੀਮਾਰੀਆਂ ਤੋਂ ਬਚਾਅ ਸਕਦੇ ਹਾਂ। ਉਨ੍ਹਾਂ ਨੇ ਦੰਦਾਂ ਦੀਆਂ ਬੀਮਾਰੀਆਂ ਦੀ ਰੋਕਥਾਮ, ਇਲਾਜ ਅਤੇ ਮੂੰਹ ਦੇ ਕੈਂਸਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਬਿਰਧ ਆਸ਼ਰਮ ਵਿੱਚ ਰਹਿੰਦੇ ਬਜ਼ੁਰਗਾਂ ਅਤੇ ਗੁਰੂਕੁਲ ਦੇ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਕੀਤੀ ਗਈ ਅਤੇ ਲੋੜੀਂਦੀ ਦਵਾਈਆਂ ਅਤੇ ਫਲ ਵੀ ਵੰਡੇ ਗਏ। ਇਸ ਮੌਕੇ ਬਹੁਮੰਤਵੀ ਸਿਹਤ ਕਰਮਚਾਰੀ ਅਮਰਜੀਤ ਸਿੰਘ ਵੀ ਮੌਜੂਦ ਸੀ।