ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਜਨਮ ਦਿਵਸ ਤੇ ਵਿਧਾਇਕ ਪਿੰਕੀ ਨੇ ਬਾਬਾ ਜੀ ਦੀ ਫੋਟੋ ਤੇ ਫੁੱਲ ਮਾਲਾਵਾਂ ਭੇਟ ਕਰਕੇ ਦਿੱਤੀ ਸ਼ਰਧਾਜ਼ਲੀ
ਲੋੜਵੰਦ 270 ਸਕੂਲੀ ਬੱਚਿਆਂ ਨੂੰ ਸਕੂਲੀ ਬੈਗ ਵੀ ਵੰਡੇ
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਜਨਮ ਦਿਵਸ ਤੇ ਵਿਧਾਇਕ ਪਿੰਕੀ ਨੇ ਬਾਬਾ ਜੀ ਦੀ ਫੋਟੋ ਤੇ ਫੁੱਲ ਮਾਲਾਵਾਂ ਭੇਟ ਕਰਕੇ ਦਿੱਤੀ ਸ਼ਰਧਾਜ਼ਲੀ, ਲੋੜਵੰਦ 270 ਸਕੂਲੀ ਬੱਚਿਆਂ ਨੂੰ ਸਕੂਲੀ ਬੈਗ ਵੀ ਵੰਡੇ
ਕਿਹਾ, ਡਾ. ਭੀਮ ਰਾਓ ਅੰਬੇਦਕਰ ਨੇ ਸੰਵਿਧਾਨ ਰਚ ਕੇ ਦੇਸ਼ ਦੇ ਹਰੇਕ ਨਾਗਰਿਕ ਨੂੰ ਦਿੱਤਾ ਬਰਾਬਰਤਾ ਦਾ ਹੱਕ
50 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਵਿੱਚ ਬਾਬਾ ਅੰਬੇਦਕਰ ਦੇ ਨਾਂ ਦਾ ਸੁੰਦਰ ਪਾਰਕ ਬਣਾਇਆ ਜਾਵੇਗਾ
ਫਿਰੋਜ਼ਪੁਰ 14 ਅਪ੍ਰੈਲ :
ਪਿੰਡ ਹਾਕੇ ਵਾਲੇ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੇ ਮਨਾਏ ਜਾ ਰਹੇ 130 ਵੇਂ ਜਨਮ ਦਿਵਸ ਸਮਾਗਮ ਤੇ ਵਿਧਾਇਕ ਫਿਰੋਜ਼ਪੁਰ ਸਹਿਰੀ ਸ੍ਰ. ਪਰਮਿੰਦਰ ਸਿੰਘ ਪਿੰਕੀ ਵੱਲੋਂ ਪਹੁੰਚ ਕੇ ਜਿੱਥੇ ਉਨ੍ਹਾਂ ਦੀ ਫੋਟੋ ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾ ਦੇ ਫੁੱਲ੍ਹ ਭੇਟ ਕੀਤੇ ਗਏ ਉੱਥੇ ਹੀ ਉਨ੍ਹਾਂ ਦੇ ਜਨਮ ਦਿਵਸ ਨੂੰ ਸਮਰਪਿਤ ਕੇਕ ਕੱਟ ਕੇ ਲੋੜਵੰਦ ਸਕੂਲੀ ਬੱਚਿਆਂ ਨੂੰ ਖੁਆਇਆ ਗਿਆ। ਇਸ ਤੋਂ ਪਹਿਲਾ ਉਨ੍ਹਾਂ ਇਨ੍ਹਾਂ ਲੋੜਵੰਦ 270 ਸਕੂਲੀ ਬੱਚਿਆਂ ਨੂੰ ਸਕੂਲੀ ਬੈਗ ਵੀ ਵੰਡੇ ਅਤੇ ਉਨ੍ਹਾਂ ਦੇ ਗਲਾਂ ਵਿੱਚ ਹਾਰ ਵੀ ਪਾਏ। ਉਨ੍ਹਾਂ ਕਿਹਾ ਕਿ ਇਹ ਸਕੂਲੀ ਬੱਚੇ ਦੇਸ਼ ਦਾ ਨਿਰਮਾਤਾ ਹਨ ਉਨ੍ਹਾਂ ਦੀ ਕੋਸ਼ਿਸ਼ ਹਮੇਸਾ ਇਹ ਰਹਿੰਦੀ ਹੈ ਕਿ ਲੋੜਵੰਦ ਸਕੂਲੀ ਬੱਚੇ ਪੜ੍ਹ ਕੇ ਆਪਣੇ ਦੇਸ਼, ਪਿੰਡ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨ।
ਇਸ ਮੌਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸਮੂਹ ਹਾਜ਼ਰੀਨ ਨੂੰ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਨੇ ਸਮਾਜ ਦੇ ਦਬੇ ਕੁਚਲੇ ਲੋਕਾਂ ਦੀ ਭਲਾਈ ਲਈ ਅਹਿਮ ਉਪਰਾਲੇ ਕੀਤੇ ਅਤੇ ਉਨ੍ਹਾਂ ਨੇ ਸੰਵਿਧਾਨ ਰਚ ਕੇ ਦੇਸ਼ ਦੇ ਹਰੇਕ ਨਾਗਰਿਕ ਨੂੰ ਬਰਾਬਰਤਾ ਦੇ ਹੱਕ ਦਿੱਤੇ। ਉਨ੍ਹਾਂ ਕਿਹਾ ਕਿ ਡਾ. ਅੰਬੇਦਕਰ ਜੋ ਕਿ ਬਹੁਤ ਗਰੀਬ ਘਰ ਵਿੱਚ ਪੈਦਾ ਹੋਏ ਸਨ ਨੇ ਆਪਣੀ ਲਗਨ ਤੇ ਸਖਤ ਮਿਹਨਤ ਨਾਲ ਇੱਕ ਅਜਿਹੀ ਮਿਸਾਲ ਕਾਇਮ ਕੀਤੀ ਜੋ ਸਦੀਆਂ ਤੱਕ ਸਾਡੀਆਂ ਨਵੀਂਆਂ ਪੀੜ੍ਹੀਆਂ ਨੂੰ ਸੇਧ ਦਿੰਦਿਆਂ ਰਹਿਣਗੀਆਂ।
ਇਸ ਮੌਕੇ ਪਿੰਡ ਵਾਸੀਆਂ ਵੱਲੋਂ 5ਵੀਂ ਦੇ ਸਰਕਾਰੀ ਸਕੂਲ ਨੂੰ 8 ਵੀਂ ਤੱਕ ਬਣਾਉਣ ਦੀ ਉਠਾਈ ਮੰਗ ਤੇ ਬੋਲਦਿਆਂ ਵਿਧਾਇਕ ਪਿੰਕੀ ਨੇ ਕਿਹਾ ਕਿ ਉਹ ਆਪਣੀ ਪੂਰੀ ਕੋਸ਼ਿਸ਼ ਕਰਕੇ ਇਸ ਸਕੂਲ ਨੂੰ ਜਲਦੀ ਤੋਂ ਜਲਦੀ 8ਵੀਂ ਤੱਕ ਬਣਾ ਦੇਣਗੇ। ਉਨ੍ਹਾਂ ਕਿਹਾ ਕਿ 50 ਲੱਖ ਰੁਪਏ ਦੀ ਲਾਗਤ ਨਾਲ ਇਸ ਪਿੰਡ ਵਿੱਚ ਬਾਬਾ ਅੰਬੇਦਕਰ ਦੇ ਨਾਂ ਦਾ ਸੁੰਦਰ ਪਾਰਕ ਬਣਾਇਆ ਜਾਵੇਗਾ ਜਿੱਥੇ ਲੋਕਾਂ ਦੇ ਘੁੰਮਣ, ਫਿਰਨ ਤੇ ਸੈਰਗਾਹ ਦੇ ਪ੍ਰਬੰਧ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਢੇ 12 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਨੁੰ ਸੀਵਰੇਜ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਖੇਡਾਂ ਪ੍ਰਤੀ ਵੱਧ ਤੋਂ ਵੱਧ ਆਕਰਿਸ਼ਤ ਹੋਣ ਕਿਉਂਕਿ ਇਸ ਨਾਲ ਇੱਕ ਤਾਂ ਸਾਡਾ ਸਮਾਜ ਖੇਡਾਂ ਪੱਖੋਂ ਅੱਗੇ ਵਧੇਗਾ ਅਤੇ ਦੂਸਰਾ ਸਾਡੀ ਨੌਜਵਾਨ ਪੀੜੀ ਨਸ਼ਿਆਂ ਵਰਗੀ ਬਿਮਾਰੀ ਤੋਂ ਦੂਰ ਰਹੇਗੀ।
ਇਸ ਮੌਕੇ ਐੱਮ.ਸੀ ਰਿੰਪੀ ਭੱਟੀ, ਕਾਂਗਰਸੀ ਆਗੂ ਯਾਕੂਪ ਭੱਟੀ, ਸੀਨੀਅਰ ਐਡਵੋਕੇਟ ਗੁਲਸ਼ਨ ਮੋਂਗਾ, ਚੇਅਰਮੈਨ ਪਲੈਨਿੰਗ ਬੋਰਡ ਗੁਲਜਾਰ ਸਿੰਘ, ਬਲਵੀਰ ਬਾਠ ਚੇਅਰਮੈਨ ਬਲਾਕ ਸੰਮਤੀ, ਐਮ.ਸੀ. ਰਿੰਕੂ ਗਰੋਵਰ, ਵਿਜੇ ਗੋਰੀਆ, ਭਗਵਾਨ ਸਿੰਘ ਭੁੱਲਰ ਖਾਈ, ਗੱਬਰ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਪਿੰਡ ਵਾਸੀ ਹਾਜਰ ਸਨ।