Ferozepur News

ਫਿਰੋਜ਼ਪੁਰ ਜ਼ਿਲੇ ਦੀਆਂ ਹਿੰਸਾ ਪੀੜਤ ਮਹਿਲਾਵਾਂ ਲਈ ਵਰਦਾਨ ਬਣਿਆ ‘ਸਖੀ ਵਨ ਸਟਾਪ ਸੈਂਟਰ’

ਇਸ ਸੈਂਟਰ ਨੇ ਹੁਣ ਤੱਕ ਰਾਜੀਨਾਮੇ ਰਾਹੀਂ 727 ਘਰ ਟੁੱਟਣ ਤੋਂ ਬਚਾਏ

ਫਿਰੋਜ਼ਪੁਰ ਜ਼ਿਲੇ ਦੀਆਂ ਹਿੰਸਾ ਪੀੜਤ ਮਹਿਲਾਵਾਂ ਲਈ ਵਰਦਾਨ ਬਣਿਆ ‘ਸਖੀ ਵਨ ਸਟਾਪ ਸੈਂਟਰ’

ਫਿਰੋਜ਼ਪੁਰ 24 ਜਨਵਰੀ, 24,2021 :  ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਚਲਾਇਆ ਜਾ ਰਿਹਾ ‘ਸਖੀ ਵਨ ਸਟਾਪ ਸੈਂਟਰ’ ਜ਼ਿਲੇ ਦੀਆਂ ਹਿੰਸਾ ਪੀੜਤ ਮਹਿਲਾਵਾਂ ਲਈ ਵਰਦਾਨ ਸਿੱਧ ਹੋ ਰਿਹਾ ਹੈ।

ਸੈਂਟਰ ਵੱਲੋਂ ਕਿਸੇ ਵੀ ਤਰਾਂ ਦੀ ਹਿੰਸਾ ਤੋਂ ਪੀੜਤ ਮਹਿਲਾਵਾਂ ਦੀ ਇਲਾਜ ਤੋਂ ਲੈ ਕੇ ਕਾਨੂੰਨੀ ਕਾਰਵਾਈ ਤੱਕ ਹਰ ਲੋੜ ਨੂੰ ਇਕੋ ਛੱਤ ਥੱਲੇ ਪੂਰਾ ਕੀਤਾ ਜਾਂਦਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ ਪ੍ਰੋਗਰਾਮ ਅਫਸਰ ਰਤਨਦੀਪ ਸੰਧੂ ਤੇ ਸੈਂਟਰ ਐਡਮਨਿਸਟ੍ਰੇਟਰ ਰੀਤੂ ਪਲਤਾ ਨੇ ਦੱਸਿਆ ਕਿ ਇਸ ਸੈਂਟਰ ਦਾ ਮੁੱਖ ਮੰਤਵ ਹਿੰਸਾ ਪੀੜਤ ਔਰਤਾਂ ਨੂੰ ਇਲਾਜ, ਕਾਨੂੰਨੀ ਸਹਾਇਤਾ ਅਤੇ ਮਾਨਸਿਕ ਰਾਹਤ ਲਈ ਕਾਊਂਸਲਿੰਗ ਪ੍ਰਦਾਨ ਕਰਨਾ ਹੈ।

ਉਨਾਂ ਦੱਸਿਆ ਕਿ ਇਸ ਸੈਂਟਰ ਵਿਚ ਹੁਣ ਤੱਕ 750 ਕੇਸ ਆਏ ਹਨ, ਜਿਨਾਂ ਵਿਚੋਂ .727 ਦੇ ਰਾਜੀਨਾਮੇ ਰਾਹੀਂ ਦੋਵਾਂ ਧਿਰਾਂ ਦੀ ਕਾਊਂਸਲਿੰਗ ਕਰ ਕੇ ਇਨਾਂ ਦੇ ਆਪਸੀ ਗਿਲੇ-ਸ਼ਿਕਵੇ ਦੂਰ ਕਰ ਕੇ ਘਰ ਟੁੱਟਣ ਤੋਂ ਬਚਾਏ ਹਨ, ਜੋ ਹੁਣ ਸ਼ਾਂਤੀ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ। ਉਨਾਂ ਅੱਗੇ ਦੱਸਿਆ ਕਿ ਕੁਝ ਮਾਮਲੇ, ਜਿਨਾਂ ਵਿਚ ਆਪਸੀ ਸਮਝੌਤੇ ਦੀ ਗੁੰਜਾਇਸ਼ ਨਹੀਂ ਹੁੰਦੀ, ਉਨਾਂ ਨੂੰ ਲੋੜ ਅਨੁਸਾਰ ਪੁਲਿਸ ਕੋਲ ਜਾਂ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਕੋਲ ਅਗਲੇਰੀ ਕਾਰਵਾਈ ਲਈ ਭੇਜ ਦਿੱਤਾ ਜਾਂਦਾ ਹੈ। ਉਨਾਂ ਦੱਸਿਆ ਕਿ ਹੁਣ ਤੱਕ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ ਲਈ 21 ਕੇਸ ਭੇਜੇ ਗਏ ਹਨ ।

ਉਨ੍ਹਾਂ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਵਿਚ ਆਉਣ ਵਾਲੀ ਪੀੜਤ ਮਹਿਲਾ ਲਈ ਐਮਰਜੈਂਸੀ ਮੈਡੀਕਲ ਸਹੂਲਤ, ਪੁਲਿਸ ਮਦਦ, ਗੰਭੀਰ ਦੋਸ਼ਾਂ ਦੇ ਮਾਮਲੇ ਵਿਚ ਫੌਰੀ ਤੌਰ ਤੇ ਪਰਚਾ ਕਰਜ ਕਰਵਾਉਣ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਹਿੰਸਾ ਪੀੜਤ ਔਰਤ ਆਪਣੇ ਬੱਚਿਆਂ ਨਾਲ ਆਰਜ਼ੀ ਤੌਰ ਤੇ ਪੰਜ ਦਿਨਾਂ ਲਈ ਇਸ ਸੈਂਟਰ ਵਿਚ ਆਸਰਾ ਵੀ ਲੈ ਸਕਦੀ ਹੈ।

 

Related Articles

Leave a Reply

Your email address will not be published. Required fields are marked *

Back to top button