ਫਿਰੋਜ਼ਪੁਰ ਦੇ ਪਿੰਡ ਪੱਧਰੀ ਵਿਚ ਝਗੜੇ ਵਾਲੀ ਜ਼ਮੀਨ ਤੇ ਕਣਕ ਦੀ ਫਸਲ ਕੱਟਣ ਤੇ ਵਿਅਕਤੀ ਦੀ ਕੁੱਟਮਾਰ
ਫਿਰੋਜਪੁਰ 23 ਅਪ੍ਰੈਲ (ਏ.ਸੀ.ਚਾਵਲਾ) ਫਿਰੋਜ਼ਪੁਰ ਦੇ ਪਿੰਡ ਪੱਧਰੀ ਦੇ ਰਹਿਣ ਵਾਲੇ ਇਕ ਵਿਅਕਤੀ ਵਲੋਂ ਝਗੜੇ ਵਾਲੀ ਜ਼ਮੀਨ ਤੇ ਬੀਜੀ ਕਣਕ ਦੀ ਕਟਾਈ ਕਰ ਰਿਹਾ ਸੀ ਤਾਂ ਕੁਝ ਲੋਕਾਂ ਵਲੋਂ ਕਣਕ ਵੱਢਣ ਲਈ ਮਸ਼ੀਨ ਲੈ ਕੇ ਆ ਗਏ ਅਤੇ ਝਗੜਾ ਕਰਨ ਲੱਗ ਪਏ। ਇਸ ਝਗੜੇ ਵਿਚ ਇਕ ਵਿਅਕਤੀ ਦੀ ਕੁੱਟਮਾਰ ਕਰਕੇ ਜ਼ਖਮੀਂ ਕਰਨ ਦੇ ਦੋਸ਼ ਵਿਚ ਥਾਣਾ ਮੱਖੂ ਦੀ ਪੁਲਸ ਨੇ 9 ਲੋਕਾਂ ਖਿਲਾਫ 323, 324, 148, 149 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏ. ਐਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਪਿੰਡ ਪੱਧਰੀ ਦੇ ਰਹਿਣ ਵਾਲੇ ਗੁਰਮੇਲ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਪਿੰਡ ਦੀਨੇ ਕੇ ਵਿਖੇ ਦਰਿਆਈ ਜ਼ਮੀਨ ਵਿਚ ਕਣਕ ਬੀਜੀ ਹੋਈ ਸੀ। ਉਸ ਨੇ ਦੱਸਿਆ ਕਿ ਹੁਣ ਜਦ ਕਣਕ ਦੀ ਫਸਲ ਪੱਕ ਕੇ ਤਿਆਰ ਹੋ ਗਈ ਅਤੇ ਉਹ ਕਣਕ ਦੀ ਫਸਲ ਵੱਢ ਰਹੇ ਸੀ ਤਾਂ ਇਸ ਦੌਰਾਨ ਪ੍ਰੇਮ ਸਿੰਘ ਪੁੱਤਰ ਸੁਲੱਖਣ ਸਿੰਘ, ਰੇਸ਼ਮ ਸਿੰਘ, ਸੁਖਚੈਨ ਸਿੰਘ, ਕਾਰਜ ਸਿੰਘ ਪੁੱਤਰਾਨ ਪ੍ਰੇਮ ਸਿੰਘ, ਪੰਨਾ ਸਿੰਘ ਪੁੱਤਰ ਬਲਕਾਰ ਸਿੰਘ, ਗੁਰਤੇਜ ਸਿੰਘ, ਬਿੰਦਰ ਸਿੰਘ, ਗੁਰਲਾਲ ਸਿੰਘ ਅਤੇ ਕਾਲਾ ਸਿੰਘ ਵਾਸੀ ਗੱਟਾ ਬਾਦਸ਼ਾਹ ਨੇ ਖੇਤ ਵਿਚ ਕਣਕ ਵੱਢਣ ਲਈ ਮਸ਼ੀਨ ਲੈ ਕੇ ਆ ਗਏ। ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਵਲੋਂ ਉਕਤ ਵਿਅਕਤੀਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਦੀ ਕੁੱਟਮਾਰ ਕਰਕੇ ਜ਼ਖਮੀਂ ਕਰ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਗੁਰਮੇਲ ਸਿੰਘ ਦੇ ਬਿਆਨਾਂ ਤੇ 9 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।