ਫਿਰੋਜ਼ਪੁਰ ਦੇ ਥਾਣਾ ਘੱਲਖੁਰਦ ਅਧੀਨ ਆਉਂਦੇ ਪਿੰਡ ਜਵਾਹਰ ਸਿੰਘ ਵਾਲਾ ਵਿਖੇ ਚੁਬਾਰੇ ਤੇ ਕਬੂਤਰ ਉਡਾਉਣ ਦੇ ਬਹਾਨੇ ਲੜਕੀਆਂ ਦੀਆਂ ਖਿੱਚੀਆਂ ਤਸਵੀਰਾਂ
ਫਿਰੋਜ਼ਪੁਰ 22 ਮਈ (ਏ.ਸੀ.ਚਾਵਲਾ) ਥਾਣਾ ਘੱਲਖੁਰਦ ਦੇ ਅਧੀਨ ਆਉਂਦੇ ਪਿੰਡ ਜਵਾਹਰ ਸਿੰਘ ਵਾਲਾ ਵਿਖੇ ਚੁਬਾਰੇ ਤੇ ਕਬੂਤਰ ਉਡਾਉਣ ਦੇ ਬਹਾਨੇ ਲੜਕੀਆਂ ਦੀਆਂ ਤਸਵੀਰਾਂ ਖਿੱਚਣ ਤੋਂ ਰੋਕਣ ਤੇ ਵਿਅਕਤੀ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ 17 ਮਈ 2015 ਦੀ ਹੈ। ਥਾਣਾ ਘੱਲਖੁਰਦ ਦੀ ਪੁਲਸ ਨੇ ਇਸ ਸਬੰਧ ਵਿਚ 5 ਵਿਅਕਤੀਆਂ ਖਿਲਾਫ 452, 324, 323, 506, 148, 149 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪਿੰਡ ਜਵਾਹਰ ਸਿੰਘ ਵਾਲਾ ਦੇ ਰਹਿਣ ਵਾਲੇ ਤਾਰਾ ਸਿੰਘ ਉਰਫ ਦਸਤਾਰ ਸਿੰਘ ਪੁੱਤਰ ਸ਼ੇਰ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਦੇ ਨਾਲ ਬਲਵਿੰਦਰ ਸਿੰਘ ਪੁੱਤਰ ਠਾਣਾ ਸਿੰਘ ਦਾ ਚੁਬਾਰਾ ਹੈ। ਤਾਰਾ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਚੁਬਾਰੇ ਤੇ ਕਬੂਤਰ ਉਡਾਉਣ ਦੇ ਬਹਾਨੇ ਆਸ ਪਾਸ ਦੇ ਘਰ ਦੇ ਲੜਕੀਆਂ ਦੀਆਂ ਤਸਵੀਰਾਂ ਖਿੱਚਦਾ ਸੀ। ਤਾਰਾ ਸਿੰਘ ਨੇ ਦੱਸਿਆ ਕਿ ਉਸ ਵਲੋਂ ਰੋਕਣ ਤੇ ਬਲਵਿੰਦਰ ਸਿੰਘ ਨੇ ਆਪਣੇ ਸਾਥੀਆਂ ਪਿੰਦਾ ਸਿੰਘ ਪੁੱਤਰ ਬੇਅੰਤ ਸਿੰਘ, ਬੇਅੰਤ ਸਿੰਘ ਪੁੱਤਰ ਮੇਜਰ ਸਿੰਘ ਵਾਸੀਅਨ ਜਵਾਹਰ ਸਿੰਘ ਵਾਲਾ, ਜੈਮਲ ਸਿੰਘ ਵਾਸੀ ਪਿੰਡ ਕੈਲਾਸ਼ ਅਤੇ ਗੁਰਮੇਜ ਸਿੰਘ ਪੁੱਤਰ ਰੂੜ ਸਿੰਘ ਵਾਸੀ ਲੁਹਾਮ ਨਾਲ ਹਮਸਲਾਹ ਹੋ ਕੇ ਉਸ ਦੇ ਜਾ ਕੇ ਕੁੱਟਮਾਰ ਕੀਤੀ ਤੇ ਜ਼ਖਮੀਂ ਕਰ ਦਿੱਤਾ। ਤਾਰਾ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਕੁੱਟਮਾਰ ਕਰਨ ਪਿਛੋਂ ਧਮਕੀਆਂ ਵੀ ਦਿੱਤੀਆਂ। ਤਾਰਾ ਸਿੰਘ ਨੇ ਦੱਸਿਆ ਕਿ ਉਸ ਵਲੋਂ ਇਸ ਘਟਨਾ ਦੀ ਜਾਣਕਾਰੀ ਥਾਣਾ ਘੱਲਖੁਰਦ ਦੀ ਪੁਲਸ ਨੂੰ ਦੇ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਪਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤੇ ਬਲਵਿੰਦਰ ਸਿੰਘ, ਪਿੰਦਾ ਸਿੰਘ, ਬੇਅੰਤ ਸਿੰਘ, ਜੈਮਲ ਸਿੰਘ, ਗੁਰਮੇਜ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।