ਫਿਰੋਜ਼ਪੁਰ ਦਿਹਾਤੀ ਹਲਕੇ ਦੀਆਂ ਲਿੰਕ ਸੜਕਾਂ ਦੀ ਰਿਪੇਅਰ, ਨਵੀਆਂ ਸੜਕਾਂ ਬਣਾਉਣ ਅਤੇ ਮੰਡੀਆਂ ਵਿੱਚ ਹੋਰ ਸਹੂਲਤਾਂ ਲਈ 5 ਕਰੋੜ ਰੁਪਏ ਤੋਂ ਵੱਧ ਰਾਸ਼ੀ ਖਰਚ ਕੀਤੀ ਜਾਵੇਗੀ: ਰਜ਼ਨੀਸ ਦਹੀਆ
ਖਰੀਦ ਕੇਂਦਰਾਂ ਨੂੰ ਜੋੜਦੀਆਂ ਸਾਰੀਆਂ ਸੜਕਾਂ ਦੀ ਰਿਪੇਅਰ ਪਹਿਲ ਦੇ ਅਧਾਰ ਤੇ ਕੀਤੀ ਜਾਵੇਗੀ
ਫਿਰੋਜ਼ਪੁਰ ਦਿਹਾਤੀ ਹਲਕੇ ਦੀਆਂ ਲਿੰਕ ਸੜਕਾਂ ਦੀ ਰਿਪੇਅਰ, ਨਵੀਆਂ ਸੜਕਾਂ ਬਣਾਉਣ ਅਤੇ ਮੰਡੀਆਂ ਵਿੱਚ ਹੋਰ ਸਹੂਲਤਾਂ ਲਈ 5 ਕਰੋੜ ਰੁਪਏ ਤੋਂ ਵੱਧ ਰਾਸ਼ੀ ਖਰਚ ਕੀਤੀ ਜਾਵੇਗੀ: ਰਜ਼ਨੀਸ ਦਹੀਆ
ਖਰੀਦ ਕੇਂਦਰਾਂ ਨੂੰ ਜੋੜਦੀਆਂ ਸਾਰੀਆਂ ਸੜਕਾਂ ਦੀ ਰਿਪੇਅਰ ਪਹਿਲ ਦੇ ਅਧਾਰ ਤੇ ਕੀਤੀ ਜਾਵੇਗੀ
ਮੰਡੀਆਂ ਵਿੱਚ ਪੀਣ ਵਾਲੇ ਪਾਣੀ, ਪਖਾਨਿਆਂ ਤੇ ਹੋਰ ਸਹੂਲਤਾਂ ਤੇ 40 ਲੱਖ ਰੁਪਏ ਤੋਂ ਵੱਧ ਖਰਚ ਕੀਤਾ ਜਾਵੇਗਾ
ਫਿਰੋਜ਼ਪੁਰ, 19 ਜਨਵਰੀ, 2023:
ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਅਧੀਨ ਆਉਂਦੇ ਸਾਰੇ ਖਰੀਦ ਕੇਂਦਰਾਂ ਨੂੰ ਵਧੀਆ ਲਿੰਕ ਸੜਕਾਂ ਨਾਲ ਜੋੜਿਆ ਜਾਵੇਗਾ ਅਤੇ ਲੋੜ ਅਨੁਸਾਰ ਲਿੰਕ ਸੜਕਾਂ ਦੀ ਰਿਪੇਅਰ ਜਾਂ ਨਵੀਆਂ ਲਿੰਕ ਸੜਕਾਂ ਬਣਾਉਣ ਦੇ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ। ਇਸ ਤੋਂ ਇਲਾਵਾ ਖਰੀਦ ਕੇਂਦਰਾਂ ਵਿੱਚ ਕਿਸਾਨਾਂ, ਲੇਬਰ, ਆੜ੍ਹਤੀਆਂ ਸਮੇਤ ਹਰ ਵਰਗ ਦੀ ਸਹੂਲਤ ਲਈ ਪੀਣ ਵਾਲੇ ਪਾਣੀ, ਪਖਾਨਿਆਂ ਤੇ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਹ ਪ੍ਰਗਟਾਵਾ ਫਿਰੋਜ਼ਪੁਰ ਦਿਹਾਤੀ ਵਿਧਾਇਕ ਸ੍ਰੀ ਰਜ਼ਨੀਸ ਦਹੀਆ ਨੇ ਮੰਡੀ ਬੋਰਡ, ਲੋਕ ਨਿਰਮਾਣ ਅਤੇ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਕੀਤਾ।
ਵਿਧਾਇਕ ਸ੍ਰੀ ਰਜ਼ਨੀਸ ਦਹੀਆ ਨੇ ਦੱਸਿਆ ਕਿ ਹਲਕੇ ਅੰਦਰ ਲਿੰਕ ਸੜਕਾਂ ਦੀ ਰਿਪੇਅਰ ਅਤੇ ਨਵੀਆਂ ਸੜਕਾਂ ਬਣਾਉਣ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਸ ਸਬੰਧੀ ਜਲਦੀ ਤੋਂ ਜਲਦੀ ਪ੍ਰਪੋਜਲ ਤਿਆਰ ਕਰਨ। ਉਨ੍ਹਾਂ ਦੱਸਿਆ ਕਿ ਸੜਕਾਂ ਦੀ ਰਿਪੇਅਰ ਅਤੇ ਨਵੀਆਂ ਲਿੰਕ ਸੜਕਾਂ ਬਣਾਉਣ ਲਈ 5 ਕਰੋੜ ਰੁਪਏ ਦੇ ਕਰੀਬ ਰਾਸ਼ੀ ਖਰਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਰਾਜ ਅੰਦਰ ਖਰੀਦ ਕੇਂਦਰਾਂ ਨੂੰ ਜੋੜਦੀਆਂ ਸੜਕਾਂ ਦੀ ਪਹਿਲ ਦੇ ਆਧਾਰ ਤੇ ਰਿਪੇਅਰ ਅਤੇ ਨਵੀਆਂ ਸੜਕਾਂ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਫਸਲ ਲੈਜਾਣ ਵਿੱਚ ਕੋਈ ਦਿੱਕਤ ਨਾ ਆਵੇ ਅਤੇ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਵਧੀਆ ਸੜਕੀ ਨੈਟਵਰਕ ਪ੍ਰਦਾਨ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਮਾਰਕਿਟ ਕਮੇਟੀ ਮਮਦੋਟ ਅਧੀਨ ਆਉਂਦੀਆ ਮੰਡੀਆਂ ਮਮਦੋਟ, ਚੱਕ ਭੰਗੇ ਵਾਲਾ, ਫੱਤੇ ਵਾਲਾ ਹਿਠਾੜ, ਟਿੱਬੀ ਖੁਰਦ, ਹਜ਼ਾਰਾ ਸਿੰਘ ਵਾਲਾ, ਰਾਓ ਕੇ ਹਿਠਾੜ ਆਦਿ ਮੰਡੀਆਂ ਨੂੰ ਜਾਂਦੀਆਂ ਸਾਰੀਆਂ ਸੜਕਾਂ ਸਬੰਧੀ ਇਨ੍ਹਾਂ ਵਿਭਾਗਾਂ ਤੋਂ ਪ੍ਰਪੋਜਲ ਮੰਗੀ ਗਈ ਹੈ। ਇਸੇ ਤਰ੍ਹਾਂ ਮੁੱਦਕੀ ਤੇ ਤਲਵੰਡੀ ਭਾਈ ਦੀਆਂ ਮੁੱਖ ਮੰਡੀਆਂ ਨੂੰ ਜੋੜਦੀਆਂ ਸੜਕਾਂ ਸਬੰਧੀ ਵੀ ਰਿਪੋਰਟ ਜਲਦੀ ਤੋਂ ਜਲਦੀ ਤਿਆਰ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਕਣਕ ਦੇ ਸੀਜ਼ਨ ਤੋਂ ਪਹਿਲਾਂ-ਪਹਿਲਾਂ ਰਿਪੇਅਰ ਅਤੇ ਨਵੀਆਂ ਸੜਕਾਂ ਬਣਾਉਣ ਦਾ ਕੰਮ ਮੁਕੰਮਲ ਹੋ ਸਕੇ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।