ਫਿਰੋਜ਼ਪੁਰ ਛਾਉਣੀ ਇਲਾਕੇ ਦੇ ਵਿਕਾਸ ਲਈ ਕੰਟੋਨਮੈਂਟ ਬੋਰਡ ਨੂੰ ਟਰਾਂਸਫਰ ਹੋਏ 4.69 ਕਰੋੜ ਰੁਪਏ, ਸੌਂਦਰੀਕਰਨ ਨਾਲ ਬਦਲੇਗੀ ਨੁਹਾਰ
ਐਲਈਡੀ ਸਕਰੀਨਾਂ, ਲੈਂਡਸਕੇਪਿੰਗ, ਮਿੰਨੀ ਲਾਇਬ੍ਰੇਰੀ, ਛੋਟਾ ਝਰਨਾ, ਹਸਪਤਾਲ ਦਾ ਕਾਇਆਕਲਪ, ਫੁੱਟਬਾਲ ਗਰਾਊਂਡ ਅਤੇ ਬੈਡਮਿੰਟਨ ਕੋਰਟ ਸਮੇਤ ਕਈ ਵੱਡੇ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ: ਵਿਧਾਇਕ ਪਿੰਕੀ
ਫਿਰੋਜ਼ਪੁਰ, 19 ਜੁਲਾਈ
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਤੋਂ ਬਾਅਦ ਫਿਰੋਜ਼ਪੁਰ ਛਾਉਣੀ ਇਲਾਕੇ ਦੇ ਵਿਕਾਸ ਦੇ ਲਈ ਕੰਟੋਨਮੈਂਟ ਬੋਰਡ ਨੂੰ 4.69 ਕਰੋੜ ਰੁਪਏ ਦੀ ਗ੍ਰਾਂਟ ਸਰਕਾਰ ਵੱਲੋਂ ਟਰਾਂਸਫਰ ਕਰ ਦਿੱਤੀ ਗਈ ਹੈ। ਇਹ ਫੰਡ ਇਲਾਕੇ ਦੀ ਸੁੰਦਰਤਾ ਵਧਾਉਣ ਅਤੇ ਕਈ ਵੱਡੇ ਪ੍ਰਾਜੈਕਟਾਂ ਲਈ ਖਰਚ ਕੀਤੇ ਜਾਣਗੇ, ਜਿਨ੍ਹਾਂ ਦੇ ਵੇਰਵੇ ਤਿਆਰ ਕੀਤੇ ਗਏ ਹਨ। ਫਿਰੋਜ਼ਪੁਰ ਸ਼ਹਿਰੀ ਇਲਾਕੇ ਦੇ ਵਿਧਾਇਕ ਸ੍ਰ. ਪਰਮਿੰਦਰ ਸਿੰਘ ਪਿੰਕੀ ਨੇ ਕੰਟੋਨਮੈਂਟ ਇਲਾਕੇ ਵਿੱਚ ਸ਼ੁਰੂ ਹੋਣ ਵਾਲੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੰਦੇ ਹੋਏ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਇਹ ਗ੍ਰਾਂਟ ਖਰਚ ਹੋਣ ਤੋਂ ਬਾਅਦ ਫਿਰੋਜ਼ਪੁਰ ਇਲਾਕੇ ਦੀ ਸੁੰਦਰਤਾ ਦੇਖਣ ਯੋਗ ਹੋਵੇਗੀ।
ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਨੀ ਮੰਦਰ ਚੌਕ ਨੇੜੇ 25 ਲੱਖ ਰੁਪਏ ਦੀ ਲਾਗਤ ਨਾਲ ਸਿਟਿੰਗ (ਬੈਠਣ) ਏਰੀਆ ਵਿਕਸਤ ਕੀਤਾ ਜਾਵੇਗਾ, ਜਿਸ ਵਿਚ ਐਲਈਡੀ ਸਕਰੀਨ, ਕੰਕਰੀਟ ਫਲੋਰਿੰਗ, ਲੈਂਡਸਕੇਪਿੰਗ, ਵਾਟਰ ਕੂਲਰ, ਮਿਨੀ ਲਾਇਬ੍ਰੇਰੀ ਅਤੇ ਸਮਾਲ ਫਾਊਂਟੇਨ (ਛੋਟਾ ਝਰਨਾ) ਲਗਾਇਆ ਜਾਵੇਗਾ।
ਇਸੇ ਤਰ੍ਹਾਂ ਕੰਟੋਨਮੈਂਟ ਹਸਪਤਾਲ ਦੇ ਕਾਇਆਕਲਪ ਲਈ 50 ਲੱਖ ਰੁਪਏ ਖਰਚ ਕੀਤੇ ਜਾਣਗੇ, ਜਿਸ ਵਿੱਚ ਬਿਲਡਿੰਗ ਨਿਰਮਾਣ, ਐਕਸ-ਰੇ ਮਸ਼ੀਨਾਂ ਅਤੇ ਐਫੁਲੇਂਟ ਟਰੀਟਮੈਂਟ ਪਲਾਂਟ ਸਥਾਪਤ ਕਰਨਾ ਸ਼ਾਮਲ ਹੈ। ਇਸ ਦੇ ਨਾਲ ਹੀ ਝੋਕ ਰੋਡ, ਸ਼ੇਰ ਸ਼ਾਹ ਅਲੀ ਚੌਕ ਵਿਖੇ 50 ਲੱਖ ਰੁਪਏ ਖਰਚ ਕਰਕੇ ਸੁੰਦਰੀਕਰਨ ਦਾ ਕੰਮ ਕੀਤਾ ਜਾਵੇਗਾ, ਜਿਸ ਵਿਚ ਗ੍ਰਿਲ, ਸਾਈਨ ਬੋਰਡ, ਪ੍ਰੀਮਿਕਸ ਕਾਰਪੇਟਿੰਗ, ਲੈਂਡਸਕੇਪਿੰਗ ਦਾ ਕੰਮ ਹੋਵੇਗਾ। 50 ਲੱਖ ਰੁਪਏ ਖਰਚ ਕਰਕੇ ਕਾਨਵੈਂਟ ਸਕੂਲ ਦੇ ਸਾਹਮਣੇ ਪਾਰਕ ਕਮ ਸਪੋਰਟਸ ਐਕਟੀਵਿਟੀਜ਼ ਸੈਂਟਰ ਸਥਾਪਤ ਕੀਤਾ ਜਾਵੇਗਾ, ਜਿਸ ਵਿੱਚ ਇੰਟਰਲੌਕਿੰਗ ਟਾਈਲਾਂ, ਸਪ੍ਰਿੰਕਲਰਜ਼, ਫੇਂਸਿੰਗ ਵਾਲ, ਫੁੱਟਬਾਲ ਗ੍ਰਾਊਂਡ ਅਤੇ ਲੈਂਡਸਕੇਪਿੰਗ ਦਾ ਕੰਮ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਕੈਂਟ ਸਟੇਡੀਅਮ ਦੇ ਇਨਡੋਰ ਹਾਲ ਵਿਚ 35 ਲੱਖ ਰੁਪਏ ਦੀ ਲਾਗਤ ਨਾਲ 2 ਬੈਡਮਿੰਟਨ ਕੋਰਡ ਸਥਾਪਤ ਕੀਤੇ ਜਾਣਗੇ ਅਤੇ ਬਾਕਸਿੰਗ, ਜਿਮ ਅਤੇ ਟੀਟੀ ਨਾਲ ਸਬੰਧਤ ਗਤੀਵਿਧੀਆਂ ਲਈ ਇਕ ਮਲਟੀਪਰਪਜ਼ ਹਾਲ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 20 ਲੱਖ ਰੁਪਏ ਦੀ ਇਕ ਹੋਰ ਗ੍ਰਾਂਟ ਨਾਲ ਰਾਮਬਾਗ ਰੋਡ ‘ਤੇ ਫੇਂਸਿੰਗ ਵਾਲ, ਗ੍ਰੀਨ ਪੈਚ, ਓਪਨ ਜਿਮ ਗਾਰਡਨ, ਲੈਂਡਸਕੇਪਿੰਗ ਅਤੇ ਫਾਊਂਟੇਨ ਦਾ ਕੰਮ ਕੀਤਾ ਜਾਵੇਗਾ। 15 ਲੱਖ ਰੁਪਏ ਦੀ ਲਾਗਤ ਨਾਲ ਮੇਨ ਰੋਡ, ਡੀਸੀ ਦਫਤਰ ਰੋਡ ਅਤੇ ਮਾਲ ਰੋਡ ‘ਤੇ ਸਪ੍ਰਿੰਕਲਰ ਸਿਸਟਮ, ਰੋਡ ਫਰਨੀਚਰ, ਪੇਂਟਿੰਗ ਵਰਕ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਕੰਟੋਨਮੈਂਟ ਇਲਾਕੇ ਵਿੱਚ ਇੰਟਰਲਾਕਿੰਗ ਟਾਈਲਾਂ, ਲੈਂਡ ਸਕ੍ਰੇਪਿੰਗ ਅਤੇ ਮੁਰੰਮਤ ਦੇ ਕੰਮਾਂ ਲਈ ਅਲੱਗ ਤੋਂ 65 ਲੱਖ ਰੁਪਏ ਦੇ ਫੰਡ ਖਰਚ ਕੀਤੇ ਜਾਣਗੇ।
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਕੰਟੋਨਮੈਂਟ ਏਰੀਆ ਇਨ੍ਹਾਂ ਸਾਰੇ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਤੇ ਤੇਜ਼ੀ ਨਾਲ ਵਿਕਸਿਤ ਹੋਵੇਗਾ ਅਤੇ ਲੋਕ ਸੁੰਦਰੀਕਰਨ ਦੇ ਕੰਮਾਂ ਤੋਂ ਬਾਅਦ ਇਨ੍ਹਾਂ ਇਲਾਕਿਆਂ ਨੂੰ ਦੇਖਣ ਆਉਣਗੇ।
ਦੂਜੇ ਪਾਸੇ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਕੀਤੀ ਗਈ ਇਸ ਪਹਿਲ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਹੈ ਅਤੇ ਇਸ ਨੂੰ ਕੈਂਟ ਦੇ ਵਸਨੀਕਾਂ ਲਈ ਇਕ ਵੱਡਾ ਤੋਹਫ਼ਾ ਦੱਸਿਆ। ਫਿਰੋਜ਼ਪੁਰ ਛਾਉਣੀ ਸਥਿਤ ਖਾਲਸਾ ਗੁਰਦੁਆਰਾ ਦੇ ਪ੍ਰਧਾਨ ਸਤਿੰਦਰਜੀਤ ਸਿੰਘ, ਜਰਨੈਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਫਿਰੋਜ਼ਪੁਰ ਦਾ ਕੰਟੋਨਮੈਂਟ ਏਰੀਆ ਕਾਫੀ ਖੂਬਸੂਰਤ ਬਣ ਜਾਵੇਗਾ ਅਤੇ ਦੇਖਣ ਯੋਗ ਹੋਵੇਗਾ। ਇਸੇ ਤਰ੍ਹਾਂ ਆੜ੍ਹਤੀਆ ਯੂਨੀਅਨ ਫਿਰੋਜ਼ਪੁਰ ਕੈਂਟ ਦੇ ਪ੍ਰਧਾਨ ਅਸ਼ੋਕ ਗਰਗ, ਵਪਾਰ ਮੰਡਲ ਦੇ ਪ੍ਰਧਾਨ ਰੂਪ ਲਾਲ ਸਿੰਗਲਾ, ਬਸੰਤ ਸੀਕਰੀ, ਸਤਨਾਤਨ ਧਰਮ ਸਭਾ ਦੇ ਪ੍ਰਧਾਨ ਬਾਲ ਕਿਸ਼ਨ ਮਿੱਤਲ, ਸਤ ਮਿੱਤਲ, ਬ੍ਰਹਮ ਕੁਮਾਰੀ ਆਸ਼ਰਮ ਦੀ ਸੰਚਾਲਕ ਊਸ਼ਾ ਦੀਦੀ ਨੇ ਫਿਰੋਜ਼ਪੁਰ ਕੈਂਟ ਵਿੱਚ ਇਨ੍ਹਾਂ ਪ੍ਰਾਜੈਕਟਾਂ ਨੂੰ ਲਾਏ ਜਾਣ ਤੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਧੰਨਵਾਦ ਕੀਤਾ।