ਫਿਰੋਜਪੁਰ ਪੁਲੀਸ ਵੱਲੋਂ 27 ਲੱਖ 50 ਹਜ਼ਾਰ ਦੀ ਕਰੰਸੀ ਸਮੇਤ 1 ਦੋਸ਼ੀ ਗ੍ਰਿਫ਼ਤਾਰ
ਵਿਦੇਸ਼ੀ ਪਿਸਟਲ, ਅਸਲਾ, ਹੈਰੋਇਨ ਤੇ 3 ਪਾਕਿਸਤਾਨੀ ਸਿੰਮ ਵੀ ਬਰਾਮਦ
ਫਿਰੋਜ਼ਪੁਰ 19 ਮਈ 2017( ) ਸ਼੍ਰੀ ਗੌਰਵ ਗਰਗ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਫ਼ਿਰੋਜਪੁਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਫਿਰੋਜ਼ਪੁਰ ਪੁਲੀਸ ਵੱਲੋਂ ਮਾੜੇ ਅਨਸਰਾਂ ਅਤੇ ਡਰੱਗ ਸਮਗਲਰਾਂ ਖ਼ਿਲਾਫ਼ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਪੁਲੀਸ ਸੀ.ਆਈ.ਏ. ਹੈੱਡਕੁਆਟਰ ਫ਼ਿਰੋਜਪੁਰ ਨੂੰ ਭਾਰੀ ਸਫਲਤਾ ਮਿਲੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਧਰਮਵੀਰ ਸਿੰਘ ਪੀ.ਪੀ.ਐਸ. ਐਸ.ਪੀ.(ਡੀ), ਨੇ ਦੱਸਿਆ ਕਿ ਸ਼੍ਰੀ ਭੁਪਿੰਦਰ ਸਿੰਘ ਭੁੱਲਰ ਡੀ.ਐਸ.ਪੀ.(ਡੀ) ਫ਼ਿਰੋਜਪੁਰ ਇੰਸਪੈਕਟਰ ਅਵਤਾਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਫ਼ਿਰੋਜਪੁਰ ਸਮੇਤ ਸਾਥੀ ਕਰਮਚਾਰੀਆਂ ਨਾਲ ਗਸ਼ਤ ਦੌਰਾਨ ਦਰਿਆ ਬੰਨ੍ਹ ਪਿੰਡ ਕਿਲਚੇ ਵਿਚ ਮੌਜੂਦ ਸੀ ਤਾਂ ਸਾਹਮਣੇ ਤੋ ਇੱਕ ਮਹਿੰਦਰਾ ਅਰਜਨ ਲਾਲ ਰੰਗ ਦਾ ਟਰੈਕਟਰ ਆਉਂਦਾ ਦਿਖਾਈ ਦਿੱਤਾ;ਜਿਸ ਨੂੰ ਇੱਕ ਮੋਨਾ ਨੌਜਵਾਨ ਚਲਾ ਰਿਹਾ ਸੀ ਅਤੇ ਦੂਸਰਾ ਸਾਈਡ ਤੇ ਬੈਠਾ ਸੀ। ਪੁਲੀਸ ਪਾਰਟੀ ਨੇ ਟਰੈਕਟਰ ਨੂੰ ਰੋਕਿਆ ਤਾਂ ਸਾਈਡ ਤੇ ਬੈਠਾ ਨੌਜਵਾਨ ਟਰੈਕਟਰ ਤੋ ਛਾਲ ਮਾਰ ਕੇ ਭੱਜ ਗਿਆ ਅਤੇ ਟਰੈਕਟਰ ਦੀ ਸੀਟ ਦੇ ਬੈਠੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਕੇ ਪੁੱਛ ਗਿੱਛ ਕੀਤੀ ਤਾਂ ਭੱਜਣ ਵਾਲੇ ਵਿਅਕਤੀ ਬਾਰੇ ਉਸ ਨੇ ਦੱਸਿਆ ਕਿ ਉਹ ਉਸ ਦਾ ਵੱਡਾ ਭਰਾ ਜੋਗਿੰਦਰ ਸਿੰਘ ਉਰਫ਼ ਸ਼ੰਮੀ ਹੈ ਅਤੇ ਉਸ ਨੇ ਆਪਣਾ ਨਾਮ ਸੋਨੂੰ ਪੁੱਤਰ ਲਾਲ ਸਿੰਘ ਕੌਮ ਰਾਏ ਸਿੱਖ ਵਾਸੀ ਨਿਹਾਲੇ ਵਾਲਾ ਦੱਸਿਆ। ਉਸ ਦੀ ਤਲਾਸ਼ੀ ਕਰਨ ਤੇ ਇੱਕ ਪਿਸਟਲ 30 ਬੋਰ, 7 ਰੌਂਦ ਜਿੰਦਾ 30 ਬੋਰ , ਹੈਰੋਇਨ 75 ਗ੍ਰਾਮ ਅਤੇ 4 ਲੱਖ ਰੁਪਏ ਭਾਰਤੀ ਕਰੰਸੀ ਨੋਟ 3 ਸਿੰਮਾ ਪਾਕਿਸਤਾਨੀ ਬਰਾਮਦ ਕੀਤੀਆ। ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਨੰਬਰ 115 ਮਿਤੀ 19-05-2017 ਅ/ਧ 21,25-61-85 ਐਨ.ਡੀ.ਪੀ. ਐਸ. ਐਕਟ 25-54-59 ਅਸਲਾ ਐਕਟ, 66-ਡੀ, 66-ਐਫ ਆਈ ਟੀ ਐਕਟ ਥਾਣਾ ਸਦਰ ਫ਼ਿਰੋਜਪੁਰ ਦਰਜ ਰਜਿਸਟਰ ਕੀਤਾ ਗਿਆ। ਸੋਨੂੰ ਵੱਲੋਂ ਨਿਸ਼ਾਨਦੇਹੀ ਪਰ 23,50,000/- ਰੁਪਏ ਹੋਰ ਬਰਾਮਦ ਕੀਤੇ ਗਏ, ਕੁੱਲ ਰਕਮ 27,50,000/- ਰੁਪਏ ਬਰਾਮਦ ਕੀਤੀ ਗਈ। ਜਿਨ੍ਹਾਂ ਪਰ ਪਹਿਲਾ ਵੀ ਹੈਵੀ ਰਿਕਵਰੀ ਹੈਰੋਇਨ ਦੇ ਵੱਖ ਵੱਖ ਥਾਣਿਆਂ ਵਿੱਚ ਮੁਕੱਦਮੇ ਦਰਜ ਹਨ। ਜੋਗਿੰਦਰ ਸਿੰਘ ਪਹਿਲਾ ਵੀ ਜੇਲ੍ਹ ਵਿੱਚੋਂ ਜ਼ਮਾਨਤ ਪਰ ਆਇਆ ਹੋਇਆ ਹੈ। ਦੋਸ਼ੀ ਜੋਗਿੰਦਰ ਸਿੰਘ ਉਰਫ਼ ਸ਼ੰਮੀ ਦੀ ਤਲਾਸ਼ ਜਾਰੀ ਹੈ। ਜਿਸ ਨੂੰ ਜਲਦ ਤੋ ਜਲਦ ਗ੍ਰਿਫ਼ਤਾਰ ਕਰ ਕੇ ਪੇਸ਼ ਅਦਾਲਤ ਕੀਤਾ ਜਾਵੇਗਾ।