ਫ਼ਿਰੋਜ਼ਪੁਰ ਦੇ ਮੱਖੂ ਬਲਾਕ ਨੂੰ ਨੀਤੀ ਆਯੋਗ ਦੇ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਤਹਿਤ 1.5 ਕਰੋੜ ਦਾ ਪੁਰਸਕਾਰ ਪ੍ਰਾਪਤ – ਡੀ.ਸੀ.
ਫ਼ਿਰੋਜ਼ਪੁਰ ਦੇ ਮੱਖੂ ਬਲਾਕ ਨੂੰ ਨੀਤੀ ਆਯੋਗ ਦੇ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਤਹਿਤ 1.5 ਕਰੋੜ ਦਾ ਪੁਰਸਕਾਰ ਪ੍ਰਾਪਤ – ਡੀ.ਸੀ.
ਫ਼ਿਰੋਜ਼ਪੁਰ, 30 ਦਸੰਬਰ 2024:ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਲਈ ਇੱਕ ਅਹਿਮ ਪ੍ਰਾਪਤੀ ਕਰਦਿਆਂ ਫਿਰੋਜ਼ਪੁਰ ਦੇ ਮੱਖੂ ਬਲਾਕ ਨੂੰ ਸਤੰਬਰ 2023 ਤਿਮਾਹੀ ਦੌਰਾਨ ਇਸਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਨੀਤੀ ਆਯੋਗ ਦੇ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਤਹਿਤ 1.5 ਕਰੋੜ ਦਾ ਪੁਰਸਕਾਰ ਦਿੱਤਾ ਗਿਆ ਹੈ। ਇਹ ਪ੍ਰਾਪਤੀ ਨੀਤੀ ਆਯੋਗ ਦੀ ਪਹਿਲਕਦਮੀ ਵਜੋਂ ਚੁਣੌਤੀ ਵਿਧੀ ਰਾਹੀਂ ਮੁੱਖ ਪ੍ਰਦਰਸ਼ਨ ਸੂਚਕਾਂ ‘ਤੇ ਮਿਸਾਲੀ ਪ੍ਰਗਤੀ ਦਿਖਾਉਣ ਵਾਲੇ ਬਲਾਕਾਂ ਨੂੰ ਇਨਾਮ ਦੇਣ ਲਈ ਚੌਣ ਕਰਨ ਦੇ ਹਿੱਸੇ ਵਜੋਂ ਆਈ ਹੈ।
ਉਨ੍ਹਾਂ ਦੱਸਿਆ ਕਿ ਇਸ ਪੁਰਸਕਾਰ ਦਾ ਐਲਾਨ 24 ਦਸੰਬਰ, 2024 ਨੂੰ ਪੰਜਾਬ ਦੇ ਮੁੱਖ ਸਕੱਤਰ ਨੂੰ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਬੀ.ਵੀ.ਆਰ. ਸੁਬਰਾਮਣੀਅਮ ਦੁਆਰਾ ਕੀਤਾ ਗਿਆ। ਜ਼ੋਨ 2-ਉੱਤਰੀ ਭਾਰਤ ਦੇ ਅਧੀਨ ਸ਼੍ਰੇਣੀਬੱਧ ਮਖੂ ਬਲਾਕ ਨੇ ਵੱਖ-ਵੱਖ ਵਿਕਾਸ ਮਾਪਦੰਡਾਂ ਵਿੱਚ ਸ਼ਾਨਦਾਰ ਸੁਧਾਰ ਦਿਖਾਇਆ ਹੈ, ਜਿਸ ਨਾਲ ਇਹ ਪ੍ਰਾਪਤੀ ਹੋਈ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹੁਣ ਕੇਂਦਰੀ ਪ੍ਰਭਾਰੀ ਅਫ਼ਸਰ ਨਾਲ ਸਲਾਹ-ਮਸ਼ਵਰਾ ਕਰਕੇ ਅਲਾਟ ਕੀਤੇ ਫੰਡਾਂ ਲਈ ਵਿਆਪਕ ਕਾਰਜ ਯੋਜਨਾ /ਪ੍ਰੋਜੈਕਟ ਪ੍ਰਸਤਾਵ ਤਿਆਰ ਕਰੇਗਾ। ਇਸ ਪ੍ਰਸਤਾਵ ਨੂੰ ਸਕੱਤਰਾਂ ਦੀ ਅਧਿਕਾਰ ਪ੍ਰਾਪਤ ਕਮੇਟੀ ਦੁਆਰਾ ਅੰਤਿਮ ਪ੍ਰਵਾਨਗੀ ਲਈ ਨੀਤੀ ਆਯੋਗ ਨੂੰ ਸੌਂਪਿਆ ਜਾਵੇਗਾ।
ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੇ ਇਸ ਪ੍ਰਾਪਤੀ ‘ਤੇ ਤਸੱਲੀ ਪ੍ਰਗਟ ਕਰਦੇ ਹੋਏ ਕਿਹਾ, “ਇਹ ਮਾਨਤਾ ਸਰਕਾਰੀ ਸਕੀਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਵਿਕਾਸ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਬਲਾਕ ਮੱਖੂ ਦੀ ਉਪਲੱਬਧੀ ਸਾਡੇ ਜ਼ਿਲ੍ਹੇ ਦੇ ਅਧਿਕਾਰੀਆਂ ਅਤੇ ਫੀਲਡ ਸਟਾਫ਼ ਦੀ ਜ਼ਮੀਨੀ ਪੱਧਰ ‘ਤੇ ਸਕਾਰਾਤਮਕ ਤਬਦੀਲੀ ਲਿਆਉਣ ਲਈ ਵੱਚਨਬੱਧਤਾ ਅਤੇ ਮਿਹਨਤ ਨੂੰ ਦਰਸਊਂਦੀ ਹੈ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਪ੍ਰਦਾਨ ਕੀਤੀ ਗਈ ਰਾਸ਼ੀ ਬਲਾਕ ਦੇ ਵਿੱਚ ਵਿਕਾਸ ਨੂੰ ਹੋਰ ਵਧਾਉਣ ਲਈ ਰਣਨੀਤਕ ਤੌਰ ‘ਤੇ ਵਰਤੋਂ ਕੀਤੀ ਜਾਵੇ।”
ਉਨ੍ਹਾਂ ਕਿਹਾ ਕਿ ਅਭਿਲਾਸ਼ੀ ਜ਼ਿਲ੍ਹੇ ਤੋਂ ਪ੍ਰੇਰਨਾਦਾਇਕ ਬਣਾਉਣ ਤੱਕ ਦਾ ਮਾਰਗ ਸੁਧਾਰ ਅਤੇ ਨਵੀਨਤਾ ਦੀ ਨਿਰੰਤਰ ਯਾਤਰਾ ਹੈ। ਇਹ 1.5 ਕਰੋੜ ਰੁਪਏ ਦਾ ਪੁਰਸਕਾਰ ਨਾ ਸਿਰਫ਼ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਸ਼ੁਰੂਆਤੀ ਕਦਮਾਂ ਨੂੰ ਮਾਨਤਾ ਦਿੰਦਾ ਹੈ ਸਗੋਂ ਬਲਾਕ ਮਖੂ ਨੂੰ ਇੱਕ ਮਾਡਲ ਬਲਾਕ ਵਿੱਚ ਬਦਲਣ ਦੇ ਸਾਡੇ ਸੰਕਲਪ ਨੂੰ ਵੀ ਮਜ਼ਬੂਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸਿਹਤ, ਸਿੱਖਿਆ, ਖੇਤੀਬਾੜੀ ਅਤੇ ਹੁਨਰ ਵਿਕਾਸ ਖੇਤਰਾਂ ਵਿੱਚ ਯੋਜਨਾਬੱਧ ਤਰੀਕੇ ਨਾਲ ਅਸੀਂ ਵਿਆਪਕ ਅਤੇ ਟਿਕਾਊ ਵਿਕਾਸ ਦੀ ਨੀਂਹ ਰੱਖ ਰਹੇ ਹਾਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਮਖੂ ਬਲਾਕ ਦੇ ਨਿਵਾਸੀਆਂ ਦੇ ਫਾਇਦੇ ਲਈ ਇਸ ਫੰਡ ਦੀ ਸਰਵੋਤਮ ਵਰਤੋਂ ਨੂੰ ਯਕੀਨੀ ਬਣਾਉਣ ਲਈ 31 ਜਨਵਰੀ, 2025 ਤੱਕ ਵਿਸਤ੍ਰਿਤ ਪ੍ਰਸਤਾਵ ਤਿਆਰ ਕਰਨ ਲਈ ਨੀਤੀ ਆਯੋਗ ਦੀ ਪ੍ਰੋਜੈਕਟ ਪ੍ਰਬੰਧਨ ਯੂਨਿਟ ਨਾਲ ਮਿਲ ਕੇ ਕੰਮ ਕਰੇਗਾ।