Ferozepur News
ਪੰਜਾਬ ਸਰਕਾਰ, ਸਕੱਤਰ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਵੱਲੋਂ ਸ਼ਾਨਦਾਰ ਪਹਿਲਕਦਮੀ – ਵਿੱਦਿਅਕ ਸੰਸਥਾਵਾਂ ਵਿੱਚ ਭਾਸ਼ਾ ਮੰਚ ਸਥਾਪਿਤ ਕਰਨ ਦੇ ਦਿੱਤੇ ਆਦੇਸ਼
ਪੰਜਾਬ ਸਰਕਾਰ, ਸਕੱਤਰ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਵੱਲੋਂ ਸ਼ਾਨਦਾਰ ਪਹਿਲਕਦਮੀ – ਵਿੱਦਿਅਕ ਸੰਸਥਾਵਾਂ ਵਿੱਚ ਭਾਸ਼ਾ ਮੰਚ ਸਥਾਪਿਤ ਕਰਨ ਦੇ ਦਿੱਤੇ ਆਦੇਸ਼
ਫਿਰੋਜ਼ਪੁਰ, 6.1.2022: ਪਰਗਟ ਸਿੰਘ, ਮੰਤਰੀ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਜੀ ਦੀ ਅਗਵਾਈ ਵਿੱਚ ਮਾਣਯੋਗ ਸਕੱਤਰ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਸ੍ਕ੍ਰਿਸ਼ਨ ਕੁਮਾਰ ਜੀ ਵੱਲੋਂ ਸੂਬੇ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਭਾਸ਼ਾ ਮੰਚ ਸਥਾਪਤ ਕਰਨ ਸਬੰਧੀ ਆਦੇਸ਼ ਜਾਰੀ ਕੀਤੇ ਗਏ ਹਨ। ਪਿਛਲੇ ਕੁਝ ਸਮੇਂ ਤੋਂ ਸਾਹਿਤਕਾਰਾਂ , ਵਿਦਵਾਨਾਂ ਅਤੇ ਅਦਾਰਿਆਂ ਦੇ ਮੁਖੀਆਂ ਵੱਲੋਂ ਇਸ ਗੱਲ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ ਕਿ ਸਕੂਲਾਂ ਅਤੇ ਕਾਲਜਾਂ ਅੰਦਰ ਵਿਦਿਆਰਥੀਆਂ ਨੂੰ ਪੰਜਾਬੀ ਮਾਂ-ਬੋਲੀ, ਸਾਹਿਤ ਅਤੇ ਸੱਭਿਆਚਾਰ ਨਾਲ ਜੋੜਨ ਦੀ ਬਹੁਤ ਲੋੜ ਹੈ।
ਇਸ ਲੋੜ ਨੂੰ ਮਹਿਸੂਸ ਕਰਦਿਆਂ ਹੀ ਸਕੱਤਰ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵੱਲੋਂ ਸੂਬੇ ਭਰ ਦੀਆਂ ਵਿੱਦਿਅਕ ਸੰਸਥਾਵਾਂ ਅੰਦਰ ਭਾਸ਼ਾ ਦੀ ਪ੍ਰਫੁੱਲਤਾ ਲਈ ਭਾਸ਼ਾ ਮੰਚ ਸਥਾਪਤ ਕਰਨ ਦੇ ਆਦੇਸ਼ ਜਾਰੀ ਗਏ ਹਨ। ਇਹ ਭਾਸ਼ਾ ਮੰਚ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਆਪਣੀ ਪੱਧਰ ‘ਤੇ ਭਾਸ਼ਾ ਵਿਭਾਗ ਪੰਜਾਬ ਨਾਲ ਮਿਲ ਕੇ ਕੰਮ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਫਿਰੋਜ਼ਪੁਰ ਡਾ. ਜਗਦੀਪ ਸੰਧੂ ਨੇ ਦੱਸਿਆ ਕਿ ਸੂਬੇ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਇਸ ਤਰ੍ਹਾਂ ਦੇ ਭਾਸ਼ਾ ਮੰਚ ਸਥਾਪਿਤ ਕਰਨਾ ਇਕ ਸ਼ਾਨਦਾਰ ਪਹਿਲਕਦਮੀ ਹੈ। ਜੇਕਰ ਅਸੀਂ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਜੋੜਨ ਵਿੱਚ ਸਫ਼ਲ ਹੋ ਗਏ ਤਾਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦਾ ਭਵਿੱਖ ਸ਼ਾਨਦਾਰ ਹੋਵੇਗਾ। ਉਹਨਾਂ ਕਿਹਾ ਕਿ ਇਹ ਭਾਸ਼ਾ ਮੰਚ ਜਲਦ ਹੀ ਹੋੰਦ ਵਿੱਚ ਆ ਕੇ ਆਪਣਾ ਕੰਮ ਸ਼ੁਰੂ ਕਰ ਦੇਣਗੇ।
ਇਸ ਲਈ ਇਸ ਸ਼ਾਨਦਾਰ ਫ਼ੈਸਲੇ ਦਾ ਸਵਾਗਤ ਕਰਨਾ ਬਣਦਾ ਹੈ। ਵਿਦਿਆਰਥੀ ਹੀ ਸਾਡੇ ਸੱਭਿਆਚਾਰ, ਭਾਸ਼ਾ, ਸਾਹਿਤ ਅਤੇ ਕੌਮ ਦੀ ਨੀਂਹ ਹਨ। ਜੇਕਰ ਅਸੀ ਨੀਂਹਾਂ ਮਜ਼ਬੂਤ ਕਰ ਲਈਆਂ ਤਾਂ ਅਸੀਂ ਕਾਮਯਾਬ ਹੋ ਜਾਵਾਂਗੇ। ਅਸੀਂ ਆਸ ਕਰਦੇ ਹਾਂ ਕਿ ਸਾਰੀਆਂ ਵਿੱਦਿਅਕ ਸੰਸਥਾਵਾਂ ਜਲਦ ਤੋਂ ਜਲਦ ਇਨ੍ਹਾਂ ਭਾਸ਼ਾ ਮੰਚਾਂ ਦੀ ਸਥਾਪਨਾ ਕਰਕੇ ਆਪਣਾ ਕੰਮ ਸ਼ੁਰੂ ਕਰ ਦੇਣਗੀਆਂ।
ਵੱਖ-ਵੱਖ ਲੇਖਕ ਜਥੇਬੰਦੀਆਂ, ਬੁੱਧੀਜੀਵੀਆਂ, ਲੇਖਕਾਂ, ਚਿੰਤਕਾਂ ਅਤੇ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਮਾਤ-ਭਾਸ਼ਾ ਪੰਜਾਬੀ ਦੀ ਪ੍ਰਫੁੱਲਤਾ ਲਈ ਲਏ ਗਏ ਇਸ ਫੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਹੈ।