Ferozepur News
ਪੰਜਾਬ ਵਿੱਚੋਂ ਸ਼ੁਰੂ ਕਰਕੇ ਕਾਰ ਰੈਲੀ ਦਿੱਲੀ ਵਿੱਚ ਚੱਲ ਰਹੇ ਕਿਸਾਨ ਦੇ ਸੰਘਰਸ਼ ਵਿੱਚ ਸ਼ਮੂਲੀਅਤ ਕਰਨਗੇ ਮਗਨਰੇਗਾ ਮੁਲਾਜ਼ਮ
ਪੰਜਾਬ ਵਿੱਚੋਂ ਸ਼ੁਰੂ ਕਰਕੇ ਕਾਰ ਰੈਲੀ ਦਿੱਲੀ ਵਿੱਚ ਚੱਲ ਰਹੇ ਕਿਸਾਨ ਦੇ ਸੰਘਰਸ਼ ਵਿੱਚ ਸ਼ਮੂਲੀਅਤ ਕਰਨਗੇ ਮਗਨਰੇਗਾ ਮੁਲਾਜ਼ਮ
23 ਦਸੰਬਰ (ਮੋਹਾਲੀ ) ਪਿਛਲੇ ਲਗਭਗ ਇੱਕ ਮਹੀਨੇ ਤੋਂ ਦਿੱਲੀ ਦੀਆਂ ਹੱਦਾਂ ਤੇ ਦੇਸ਼ ਦਾ ਅੰਨਦਾਤਾ ਖੇਤੀਬਾੜੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜੰਗ ਲੜ ਰਿਹਾ ਹੈ।ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਸ਼ਹੀਦੀ ਦਿਹਾੜਾ ਚੱਲ ਰਿਹਾ ਹੈ ਓਥੇ ਮੋਰਚੇ ਦੌਰਾਨ ਠੰਢ ਅਤੇ ਹੋਰ ਹਾਦਸਿਆਂ ਵਿੱਚ 35 ਤੋਂ ਵੱਧ ਜਾਨਾਂ ਜਾ ਚੁੱਕੀਆਂ ਹਨ।
ਪੂਰੀ ਦੁਨੀਆਂ ਦੀਆਂ ਨਜ਼ਰਾਂ ਕਿਸਾਨੀ ਸੰਘਰਸ਼ ਤੇ ਟਿਕੀਆਂ ਹਨ।ਜਿੱਥੇ ਦੁਨੀਆਂ ਭਰ ਵਿੱਚੋਂ ਸਹਿਯੋਗ ਮਿਲ ਰਿਹਾ ਹੈ ਓਥੇ ਸਾਰੇ ਸੰਘਰਸ਼ੀ ਲੋਕ ਵੀ ਇਸ ਲੜਾਈ ਵਿੱਚ ਹਿੱਸਾ ਪਾ ਰਹੇ ਹਨ।ਇਸੇ ਕੜੀ ਵਜੋਂ ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਪੰਜਾਬ ਤੋਂ ਦਿੱਲੀ ਤੱਕ ਵਿਸ਼ਾਲ “ਕਾਰ ਰੈਲੀ” ਕਰਨ ਦਾ ਅਹਿਮ ਫੈਸਲਾ ਲਿਆ ਗਿਆ ਹੈ।ਪੰਜਾਬ ਦੇ ਸਮੂਹ ਨਰੇਗਾ ਮੁਲਾਜ਼ਮ 100 ਤੋਂ ਵੱਧ ਕਾਰਾਂ ਦਾ ਕਾਫਲਾ ਲੈ ਕੇ ਕਿਸਾਨੀ ਝੰਡਿਆਂ ਨਾਲ ਯੂਨੀਅਨ ਦੇ ਬੈਨਰ ਹੇਠ ਦੋ ਬਾਰਡਰਾਂ ਰਾਹੀਂ ਹਰਿਆਣਾ ਰਸਤੇ ਦਿੱਲੀ ਟਿੱਕਰੀ ਬਾਰਡਰ ਧਰਨੇ ਵਿੱਚ ਸਾਮਲ ਹੋਣਗੇ।
ਭਾਵੇਂ ਕਿ ਇਹ ਰੈਲੀ ਨਿਰੋਲ ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਬੈਨਰ ਹੇਠ ਕੀਤੀ ਜਾ ਰਹੀ ਹੈ ਪਰ ਫਿਰ ਵੀ ਰੈਲੀ ਵਿੱਚ ਨਰੇਗਾ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ,ਰਿਸ਼ਤੇਦਾਰਾਂ,ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਰੈਗੂਲਰ ਸਟਾਫ਼,ਪੰਚਾਂ-ਸਰਪੰਚਾਂ,ਨਰੇਗਾ ਮਜ਼ਦੂਰਾਂ ਅਤੇ ਆਮ ਨੌਜਵਾਨਾਂ ਨੂੰ ਸਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਨਰੇਗਾ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਵਰਿੰਦਰ ਸਿੰਘ,ਸੂਬਾ ਜਰਨਲ ਸਕੱਤਰ ਅਮ੍ਰਿਤਪਾਲ ਸਿੰਘ,ਸੀ.ਨੀ ਮੀਤ ਪ੍ਰਧਾਨ ਰਣਧੀਰ ਸਿੰਘ,ਪ੍ਰੈਸ ਸਕੱਤਰ ਅਮਰੀਕ ਸਿੰਘ,ਸੁਖਦੇਵ ਸਿੰਘ,ਸੰਜੀਵ ਕਾਕੜਾ ਨੇ ਦੱਸਿਆ ਕਿ ਸਾਡੀ ਯੂਨੀਅਨ ਮੁੱਢ ਤੋਂ ਹੀ ਕਿਸਾਨ ਸੰਘਰਸ਼ਾਂ ਨਾਲ ਜੁੜੀ ਰਹੀ ਹੈ,ਪਿੰਡ ਪੱਧਰ ਤੇ ਦਿੱਲੀ ਮੋਰਚੇ ਦੀ ਹਮਾਇਤ ਵਿੱਚ ਰੈਲੀਆਂ,ਸ਼ਰਧਾਂਜਲੀ ਸਮਾਗਮ,ਨੁੱਕੜ ਮੀਟਿੰਗਾਂ ਕਰਕੇ ਅਤੇ ਫ਼ੰਡ,ਰਾਸ਼ਨ,ਬਾਲਣ ਆਦਿ ਇਕੱਠੇ ਕਰਕੇ ਯੋਗਦਾਨ ਪਾਇਆ ਜਾ ਰਿਹਾ ਹੈ।
ਹੁਣ ਇਸ ਰੈਲੀ ਵਿੱਚ ਪੰਜਾਬ ਦੇ ਸਾਰੇ 22 ਜਿਲ੍ਹਿਆਂ,150 ਬਲਾਕਾਂ ਦੇ ਸਟਾਫ਼ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ।ਕਾਰਾਂ ਉੱਪਰ ਨਰੇਗਾ ਕਰਮਚਾਰੀ ਯੂਨੀਅਨ ਦੇ ਪੋਸਟਰ ਲਗਾਏ ਜਾਣਗੇ।ਕਿਸਾਨ ਧਰਨਿਆਂ ਵਿੱਚ ਚੱਲ ਰਹੇ ਲੰਗਰਾਂ ਸਮਰੱਥਾ ਅਨੁਸਾਰ ਫ਼ੰਡ ਵੀ ਇਕੱਤਰ ਕੀਤੇ ਜਾ ਰਹੇ ਹਨ।