Ferozepur News
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰਾਂ ਵੱਲੋਂ ਮਾਰੇ ਗਏ ਸਫ਼ਾਈ ਕਰਮਚਾਰੀਆਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਅਧਿਕਾਰੀਆਂ ਨੂੰ ਜਲਦੀ ਕਾਰਵਾਈ ਕਰਨ ਦੇ ਆਦੇਸ਼ ਸੀਵਰੇਜ ਦੀ ਸਫ਼ਾਈ ਦੌਰਾਨ ਮਾਰੇ ਗਏ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ ਯੋਗ ਮੁਆਵਜ਼ਾ
ਫ਼ਿਰੋਜ਼ਪੁਰ 8 ਜੂਨ 2018 (Vikramditya Sharma ) ਪੁਲਿਸ ਲਾਈਨ ਫ਼ਿਰੋਜ਼ਪੁਰ ਵਿਖੇ ਸਫ਼ਾਈ ਕਰਦੇ ਸਮੇਂ 2 ਸਫ਼ਾਈ ਕਰਮਚਾਰੀਆਂ ਤੇ 1 ਕਾਂਸਟੇਬਲ ਦੀ ਹੋਈ ਮੌਤ ਸਬੰਧੀ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਸ਼੍ਰੀ ਰਾਜ ਸਿੰਘ ਅਤੇ ਮੈਂਬਰ ਸ਼੍ਰੀ ਰਾਜ ਕੁਮਾਰ ਹੰਸ ਵੱਲੋਂ ਪੁਲਿਸ ਲਾਈਨ ਫ਼ਿਰੋਜ਼ਪੁਰ ਦਾ ਦੌਰਾ ਕੀਤਾ ਗਿਆ ਅਤੇ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਸੀਨੀਅਰ ਵਾਈਸ ਚੇਅਰਮੈਨ ਸ੍ਰੀ. ਰਾਜ ਸਿੰਘ ਅਤੇ ਮੈਂਬਰ ਸ੍ਰੀ. ਰਾਜ ਕੁਮਾਰ ਹੰਸ ਵੱਲੋਂ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਤੋਂ ਮਾਰੇ ਗਏ ਸਫ਼ਾਈ ਕਰਮਚਾਰੀਆਂ ਸਬੰਧੀ ਜਾਣਕਾਰੀ ਲਈ ਗਈ ਅਤੇ ਅਧਿਕਾਰੀਆਂ ਨੂੰ ਇਸ ਕੇਸ ਤੇ ਜਲਦੀ ਕਾਰਵਾਈ ਕਰਨ ਲਈ ਆਖਿਆ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਭਵਿੱਖ ਵਿਚ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ ਇਸ ਲਈ ਪੂਰੀ ਤਰ੍ਹਾਂ ਸੁਰੱਖਿਅਤ ਤਰੀਕੇ ਅਤੇ ਲੋੜੀਂਦੀ ਮਸ਼ੀਨਰੀ ਦੀ ਵਰਤੋਂ ਕਰਕੇ ਹੀ ਸੀਵਰੇਜ/ਪਾਣੀ ਟੈਂਕ ਦੀ ਸਫ਼ਾਈ ਕੀਤੀ ਜਾਵੇ।
ਇਸ ਮੌਕੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰਾਂ ਵੱਲੋਂ ਕਰਮਚਾਰੀਆਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਬਣਦਾ ਯੋਗ ਮੁਆਵਜ਼ਾ ਅਤੇ ਸਹੂਲਤਾਂ ਦਿਵਾਉਣ ਦਾ ਵਿਸ਼ਵਾਸ ਦਵਾਇਆ ਗਿਆ। ਉਨ੍ਹਾਂ ਪਰਿਵਾਰਿਕ ਮੈਂਬਰਾਂ ਨੂੰ ਕਿਹਾ ਕਿ ਕਮਿਸ਼ਨ ਵੱਲੋਂ ਅਧਿਕਾਰੀਆਂ ਨੂੰ ਇਸ ਕੇਸ ਦੇ ਬਣਦੀ ਕਾਰਵਾਈ ਲਈ ਆਖਿਆ ਗਿਆ ਹੈ ਜੇਕਰ ਫਿਰ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਕਿਸੇ ਵੇਲੇ ਵੀ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਐਸ.ਡੀ.ਐਮ ਸ੍ਰ: ਹਰਜੀਤ ਸਿੰਘ ਫ਼ਿਰੋਜ਼ਪੁਰ ਅਤੇ ਐਸ.ਪੀ.ਐਚ ਸ੍ਰ: ਅਮਰਜੀਤ ਸਿੰਘ ਨੇ ਆਏ ਹੋਏ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰਾਂ ਨੂੰ ਵਿਸ਼ਵਾਸ ਦਵਾਇਆ ਕਿ ਕੇਸ ਦੀ ਪੂਰੀ ਜਾਂਚ ਪੜਤਾਲ ਕਰਕੇ ਜਲਦ ਹੀ ਰਿਪੋਰਟ ਆਪ ਜੀ ਨੂੰ ਭੇਜ ਦਿੱਤੀ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਭਲਾਈ ਅਫ਼ਸਰ ਸ੍ਰ: ਹਰਪਾਲ ਸਿੰਘ, ਡੀ.ਐਸ.ਪੀ ਸ੍ਰ: ਜਸਪਾਲ ਸਿੰਘ, ਸ਼੍ਰੀ ਰਾਜੀਵ ਸੋਢੀ ਇੰਸਪੈਕਟਰ ਲੇਬਰ ਵਿਭਾਗ, ਸ਼੍ਰੀ ਪੰਕਜ ਕੁਮਾਰ ਕੰਟੋਨਮੈਂਟ ਬੋਰਡ, ਸ਼੍ਰੀ ਸਤਪਾਲ ਸਹੋਤਾ ਕਾਂਉਸਲਰ, ਸ਼੍ਰੀ ਅਰਜਨ ਕੁਮਾਰ ਜ਼ਿਲ੍ਹਾ ਪ੍ਰਧਾਨ ਆਧਾਸ, ਸ਼੍ਰੀ ਅਰੁਣ ਕੁਮਾਰ ਪ੍ਰਧਾਨ ਆਲ ਇੰਡੀਆ ਵਾਲਮੀਕੀ, ਸ਼੍ਰੀ ਨਰੇਸ਼ ਕੁਮਾਰ, ਸ਼੍ਰੀ ਵਿਜੈ ਕੁਮਾਰ ਸਮੇਤ ਪਰਿਵਾਰਿਕ ਮੈਂਬਰ ਹਾਜ਼ਰ ਸਨ।