ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਫਿਰੋਜ਼ਪੁਰ ਨੇ ਕੱਢਿਆ ਰੋਸ ਮਾਰਚ
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਨੇ ਕੱਢਿਆ ਰੋਸ ਮਾਰਚ
ਫਿਰੋਜ਼ਪੁਰ 28 ਮਈ, 2024:
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਫਿਰੋਜ਼ਪੁਰ ਦੁਆਰਾ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਦੀਆਂ ਮੰਗਾਂ ਬਾਰੇ ਗਲਤ ਰਵੱਈਆ ਅਪਣਾਉਣ ਦੇ ਖਿਲਾਫ ਸ. ਸੁਬੇਗ ਸਿੰਘ ਜ਼ਿਲ੍ਹਾ ਕੁਆਰਡੀਨੇਟਰ ਦੀ ਅਗਵਾਈ ਵਿਚ ਰੋਸ ਮਾਰਚ ਕੱਢਿਆ ਗਿਆ। ਰੋਸ ਮਾਰਚ ਵਿੱਚ ਪੰਜਾਬ ਗੋਰਮਿੰਟ ਪੈਨਸ਼ਨਰ ਐਸੋਸਿਏਸ਼ਨ, ਪੰਜਾਬ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸਿਇਸ਼ਨ, ਪੰਜਾਬ ਜੇਲ੍ਹ ਪੈਨਸ਼ਨਰ ਵੈਲਫੇਅਰ ਐਸੋਸਿਇਸ਼ਨ, ਪੰਜਾਬ ਫਰੰਟ ਪੈਨਸ਼ਨਰ ਵੈਲਫੇਅਰ ਐਸੋਸਿਇਸ਼ਨ, ਸਿਹਤ ਵਿਭਾਗ ਪੈਰਾਮੈਡੀਕਲ ਐਸੋਸਿਏਸ਼ਨ, ਆਸ਼ਾ ਵਰਕਰ ਯੂਨੀਅਨ, ਪਾਵਰਕਾਰ ਕਲੈਰੀਕਲ ਯੂਨੀਅਨ, ਪੰਜਾਬ ਜੰਗਲਾਤ ਵਿਭਾਗ ਆਦਿ ਜੱਥੇਬੰਦੀਆਂ ਨੇ ਭਾਗ ਲਿਆ।
ਇਨ੍ਹਾਂ ਜੱਥੇਬੰਦੀਆਂ ਦੇ ਬੁਲਾਰੇ ਨੇ ਕਰਮਵਾਰ ਡਾ. ਅਜੀਤ ਸਿੰਘ ਸੋਢੀ, ਜਸਪਾਲ ਸਿੰਘ ਰਿਟਾਇਰਡ ਡੀਐਸਪੀ, ਕਸ਼ਮੀਰ ਸਿੰਘ ਥਿੰਦ, ਬਲਵੰਤ ਸਿੰਘ ਅਤੇ ਗੁਰਭੇਜ ਸਿੰਘ, ਰਵਿੰਦਰ ਲੂਥਰਾ, ਰਾਮ ਪ੍ਰਸਾਦਿ, ਰਾਜਵੰਤ ਕੌਰ, ਸੰਤੋਸ਼ ਕੁਮਾਰੀ, ਸੁਰਿੰਦਰ ਸ਼ਰਮਾ, ਜਗਤਾਰ ਸਿੰਘ, ਰਮਨ ਕੁਮਾਰ, ਮਹਿੰਦਰ ਸ਼ਰਮਾ, ਜਸਵਿੰਦਰ ਸਿੰਘ, ਓਮ ਪ੍ਰਕਾਸ਼, ਅਵਤਾਰ ਸਿੰਘ ਮਹਿਮਾ, ਕਿਸਾਨ ਯੂਨੀਅਨ ਖਜਾਨ ਸਿੰਘ ਪ੍ਰਧਾਨ, ਨਰੇਸ਼ ਕੁਮਾਰ ਮੈਣੀ ਖੇਤੀਬਾੜੀ ਵਿਭਾਗ, ਮਹਿੰਦਰ ਸਿੰਘ ਪੈਨਸ਼ਨਰ ਜੰਗਲਾਤ ਵਿਭਾਗ, ਜਗਦੀਪ ਸਿੰਘ ਮਾਂਗਟ, ਬਲਵੀਰ ਸਿੰਘ ਪ੍ਰਧਾਨ ਰੋਡਵੇਜ ਆਦਿ ਨੇ ਸਰਕਾਰ ਦੀ ਟਾਲ ਮਟੋਲ ਨੀਤੀ ਦੀ ਕਰੜੇ ਸ਼ਬਦਾ ਵਿਚ ਨਿਖੇਧੀ ਕੀਤੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਬੇਗ ਸਿੰਘ ਜ਼ਿਲ੍ਹਾ ਕੁਆਰਡੀਨੇਟਰ ਨੇ ਮੁਲਾਜਮਾ ਅਤੇ ਪੈਨਸ਼ਨਰਜ ਦੀਆਂ ਮੰਗਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲੀ, ਪੈਨਸ਼ਨਰ ਲਈ 2.59 ਦਾ ਫਾਰਮੂਲਾ ਲਾਗੂ ਕਰਨ, ਡੀ.ਏ ਦਾ ਬਕਾਇਆ ਦੇਣ, ਕਿਸ਼ਤਾਂ, ਪੱਕੇ ਮੁਲਾਜਮ ਪੱਕੇ ਕਰਨਾ, ਆਸ਼ਾ ਅਤੇ ਆਂਗਣਵਾੜੀ ਵਰਕਰ ਦੇ ਮਾਨ ਭੱਤੇ ਵਿੱਚ ਵਾਧਾ ਕਰਨਾ, ਮਿੱਡੇ ਡੇ ਮੀਲ, 1.1.16 ਤੋਂ 30.6.21 ਦਾ ਬਕਾਇਆ ਰਲੀਜ ਕਰਨਾ, ਮੁਲਾਜਮਾਂ ਦੀ ਤਰੱਕੀ ਆਦਿ ਮੰਗਾਂ ਮੰਗਣ ਤੋਂ ਪੰਜਾਬ ਸਰਕਾਰ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ। ਅੱਜ ਦਾ ਰੋਸ ਮਾਰਚ ਟਾਊਨ ਹਾਲ ਫਿਰੋਜ਼ਪੁਰ ਤੋਂ ਸ਼ੁਰੂ ਹੋ ਕੇ ਦਿੱਲੀ ਗੇਟ ਬਾਜ਼ਾਰ ਤੋਂ ਹੁੰਦਾ ਹੋਇਆ, ਮੋਰੀ ਗੇਟ, ਬਗਦਾਦੀ ਗੇਟ, ਸ਼ਹੀਦ ਉੱਧਮ ਸਿੰਘ ਚੌਂਕ ਤੋਂ ਵਾਪਸੀ ਟਾਊਨ ਹਾਲ ਵਿਖੇ ਸਮਾਪਤ ਹੋਇਆ। ਜ਼ਿਲ੍ਹਾ ਕੁਆਰਡੀਨੇਟਰ ਵੱਲੋਂ ਆਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ। ਸਟੈਜ ਸਕੈਟਰੀ ਦੀ ਭੁਮਿਕਾ ਕਸ਼ਮੀਰ ਸਿੰਘ ਥਿੰਦ ਵੱਲੋਂ ਬਾਖੂਬੀ ਨਿਭਾਈ ਗਈ।