ਪੰਜਾਬ ਆਂਗਣਵਾੜੀ ਯੂਨੀਅਨ ਵਲੋਂ ਕੀਤਾ ਗਿਆ ਪੁਤਲਾ ਫੂਕ ਪ੍ਰਦਰਸ਼ਨ
ਗੁਰੂਹਰਸਹਾਏ, 25 ਅਕਤੂਬਰ (ਪਰਮਪਾਲ ਗੁਲਾਟੀ)- ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੇ ਸੱਦੇ ਅਨੁਸਾਰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀਆਂ ਮਨਮਰਜ਼ੀਆਂ ਦੇ ਖਿਲਾਫ਼ ਮੋਰਚਾ ਖੋਲਦੇ ਹੋਏ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਅਤੇ ਰੋਸ ਮਾਰਚ ਕੱਢਿਆ। ਆਂਗਣਵਾੜੀ ਵਰਕਰਾਂ/ਹੈਲਪਰਾਂ ਨੇ ਆਪਣੇ ਲਹੂ ਨਾਲ ਲਿਖ ਕੇ ਮੰਗ ਪੱਤਰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਨਾਮ ਭੇਜਿਆ। ਵੱਡੀ ਗਿਣਤੀ 'ਚ ਇਕੱਤਰ ਆਂਗਣਵਾੜੀ ਵਰਕਰਾਂ ਨੇ ਪੰਜਾਬ ਸਰਕਾਰ ਖਿਲਾਫ਼ ਭਾਰੀ ਨਾਅਰੇਬਾਜੀ ਕੀਤੀ। ਯੂਨੀਅਨ ਵਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਬਲਾਕ ਪ੍ਰਧਾਨ ਮੈਡਮ ਕੁਲਜੀਤ ਕੌਰ ਨੇ ਕਿਹਾ ਕਿ ਪਿਛਲੇ 42 ਸਾਲ ਤੋਂ ਆਂਗਣਵਾੜੀ ਸੈਂਟਰਾਂ ਵਿਚ ਬੱਚਿਆਂ ਨੂੰ ਪ੍ਰੀ ਸਕੂਲ ਸਿੱਖਿਆ ਦੇ ਰਹੀਆਂ ਹਾਂ ਪਰ ਸਮੇਂ ਦੀਆਂ ਸਰਕਾਰਾਂ ਨੇ ਨਾ ਤਾਂ ਬੱਚਿਆਂ ਨੂੰ ਕੋਈ ਸਹੂਲਤਾਂ ਦਿੱਤੀਆਂ ਅਤੇ ਨਾ ਹੀ ਸੈਂਟਰਾਂ ਵੱਲ ਕੋਈ ਧਿਆਨ ਦਿੱਤਾ। ਯੂਨੀਅਨ ਆਗੂਆਂ ਨੇ ਦੱਸਿਆ ਕਿ ਅੱਜ ਦੇ ਦਿਨ ਨੂੰ ਅਸੀਂ ਕਾਲੇ ਦਿਨ ਵਜੋਂ ਮਨਾ ਰਹੀਆਂ ਹਾਂ ਕਿਉਂਕਿ 3 ਸਾਲ ਦੇ ਬੱਚੇ ਅੱਜ ਤੋਂ ਹੀ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਦਾਖਲ ਕਰਨੇ ਸ਼ੁਰੂ ਕਰ ਦਿੱਤੇ ਹਨ, ਜਿਸ ਨਾਲ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਭਵਿੱਖ ਖਤਰੇ 'ਚ ਪੈ ਗਿਆ ਹੈ। ਉਹਨਾਂ ਤੋਂ ਰੁਜਗਾਰ ਖੋਹਿਆ ਜਾ ਰਿਹਾ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਕਿਸੇ ਵੀ ਕੀਮਤ ਤੇ ਸਰਕਾਰ ਦੇ ਇਸ ਫੈਸਲੇ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਅਸੀਂ ਆਪਣੇ ਹੱਕ ਲਈ ਸੰਘਰਸ਼ ਕਰਦੀਆਂ ਰਹਾਂਗੀਆਂ।
ਉਧਰ ਸਮੂਹ ਆਂਗਣਵਾੜੀ ਵਰਕਰਾਂ ਨੇ ਗੋਲੂ ਕਾ ਰੋਡ ਉਪਰ ਸਿੱਖਿਆ ਸਕੱਤਰ ਦਾ ਪੁਤਲਾ ਫੂਕਿਆ। ਮੌਕੇ ਤੇ ਉਪ ਮੰਡਲ ਡੀ.ਐਸ.ਪੀ ਅਤੇ ਐਸ.ਐਚ.ਓ ਗੁਰੂਹਰਸਹਾਏ ਨੇ ਪਹੁੰਚ ਕੇ ਯੂਨੀਅਨ ਦੀਆਂ ਆਗੂਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੇ ਮਸਲੇ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ। ਇਸ ਰੋਸ ਪ੍ਰਦਰਸ਼ਨ ਮੌਕੇ ਜਿਲ•ਾ ਪ੍ਰਧਾਨ ਸ਼ੀਲਾ ਰਾਣੀ, ਕਸ਼ਮੀਰ ਕੌਰ, ਅੰਗਰੇਜ਼ ਕੌਰ, ਕਾਂਤਾ ਰਾਣੀ, ਬਲਵਿੰਦਰ ਕੌਰ, ਕੁਲਵਿੰਦਰ ਕੌਰ, ਚਰਨਜੀਤ ਕੌਰ, ਰੈਨੂੰ ਬਾਲਾ, ਸੀਤਾ ਰਾਣੀ ਨੇ ਸੰਬੋਧਨ ਕਰਦਿਆ ਫੈਸਲਾ ਵਾਪਸ ਲੈਣ ਦੀ ਮੰਗ ਕਰਦਿਆ ਆਪਣੇ ਹੱਕਾਂ ਲਈ ਡੱਟਣ ਦਾ ਸੱਦਾ ਦਿੱਤਾ ਅਤੇ ਅੱਗੇ ਤੋਂ ਨਾਦਰਸ਼ਾਹੀ ਫਰਮਾਨ ਦੇ ਖਿਲਾਫ਼ ਬਣੇ ਪ੍ਰੋਗਰਾਮ ਜਾਰੀ ਰੱਖਣ ਦਾ ਅਹਿਦ ਲਿਆ।