Ferozepur News

ਪ੍ਰੈਸ ਕਲੱਬ ਫ਼ਿਰੋਜ਼ਪੁਰ ਉਤਸ਼ਾਹ ਨਾਲ ਮਨਾਇਆ ਸਥਾਪਨਾ ਦਿਵਸ

ਫ਼ਿਰੋਜ਼ਪੁਰ, 11 ਦਸੰਬਰ- ਪ੍ਰੈਸ ਕਲੱਬ ਫ਼ਿਰੋਜ਼ਪੁਰ ਵਲੋਂ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਅਤੇ ਚੇਅਰਮੈਨ ਹਰਚਰਨ ਸਿੰਘ ਸਾਮਾ ਦੀ ਪ੍ਰਧਾਨਗੀ ਹੇਠ ਉਤਸ਼ਾਹ ਤੇ ਸ਼ਰਧਾ ਨਾਲ ਸਥਾਪਨਾ ਦਿਵਸ ਮਨਾਇਆ ਗਿਆ, ਜਿਸ ਵਿਚ ਜ਼ਿਲ੍ਹੇ ਭਰ ਤੋਂ ਪੱਤਰਕਾਰਾਂ ਨੇ ਵੱਡੀ ਗਿਣਤੀ 'ਚ ਭਾਗ ਲਿਆ। ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣ ਉਪਰੰਤ ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਗਈ। ਭਾਈ ਸਤਪਾਲ ਸਿੰਘ ਢੇਰੂ ਵਾਲਿਆਂ ਦੇ ਰਾਗੀ ਜਥੇ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤ ਨੂੰ ਗੁਰ ਉਪਦੇਸ਼ ਸੁਣਾ ਕੇ ਨਿਹਾਲ ਕੀਤਾ। ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਸਪੁੱਤਰ ਅਨੁਮੀਤ ਸਿੰਘ ਹੀਰਾ ਸੋਢੀ ਨੇ ਆਪਣੇ ਸੰਬੋਧਨ 'ਚ ਪੱਤਰਕਾਰ ਭਾਈਚਾਰੇ ਨੂੰ ਪ੍ਰੈਸ ਕਲੱਬ ਦੇ ਸਥਾਪਨਾ ਦਿਵਸ 'ਤੇ ਵਧਾਈਆਂ ਦਿੰਦੇ ਹੋਏ ਧਾਰਮਿਕ ਢੰਗ ਨਾਲ ਮਨਾਏ ਜਾਣ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਆਸ ਜਤਾਈ ਕਿ ਪਹਿਲਾਂ ਵਾਂਗ ਅੱਗੇ ਤੋਂ ਵੀ ਲੋਕਤੰਤਰ ਦੇ ਚੌਥੇ ਥੰਮ੍ਹ ਪੱਤਰਕਾਰਤਾ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਪ੍ਰੈਸ ਕਲੱਬ ਫ਼ਿਰੋਜ਼ਪੁਰ ਫ਼ਰਜ਼ ਨਿਭਾਵੇਗਾ। ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਅਮਰੀਕ ਸਿੰਘ ਸਾਮਾ ਨੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਵਾਉਣ ਲਈ ਅਤੇ ਪ੍ਰਸ਼ਾਸਨ ਨਾਲ ਸੁਖਾਵੇਂ ਸਬੰਧ ਬਣਾਈ ਰੱਖਣ 'ਚ ਲੋਕ ਸੰਪਰਕ ਵਿਭਾਗ ਵਲੋਂ ਵਡਮੁੱਲਾ ਯੋਗਦਾਨ ਪਾਏ ਜਾਣ ਦਾ ਵਿਸ਼ਵਾਸ ਦੁਆਇਆ। ਸਮਾਗਮਾਂ 'ਚ ਪਹੁੰਚੇ ਡਿਪਟੀ ਕਮਿਸ਼ਨਰ ਰਾਮਵੀਰ, ਵਧੀਕ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ, ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਐਸ.ਪੀ.ਡੀ. ਅਜਮੇਰ ਸਿੰਘ ਬਾਠ, ਚਮਕੌਰ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਕਾਂਗਰਸ, ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਭਰਾ ਹਰਿੰਦਰ ਸਿੰਘ ਖੋਸਾ ਆਦਿ ਨੇ ਪ੍ਰੈਸ ਕਲੱਬ ਦੀ ਸਥਾਪਨਾ ਦਿਵਸ 'ਤੇ ਸਭਨਾਂ ਨੂੰ ਵਧਾਈਆਂ ਦਿੰਦੇ ਹੋਏ ਪੱਤਰਕਾਰ ਭਾਈਚਾਰੇ ਨੂੰ ਸਮਾਜਿਕ ਕੁਰੀਤੀਆਂ ਦੇ ਖਾਤਮੇ ਲਈ ਆਵਾਜ਼ ਬੁਲੰਦ ਕਰਨ ਅਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਲਾਭਪਾਤਰੀਆਂ ਤੱਕ ਆਵਾਜ਼ ਪਹੁੰਚਾਉਣ ਲਈ ਡਟ ਕੇ ਕੰਮ ਕਰਨ ਦਾ ਸੱਦਾ ਦਿੱਤਾ। ਸਮਾਗਮਾਂ 'ਚ ਪਹੁੰਚੇ ਸਮੂਹ ਪਤਵੰਤਿਆਂ ਦਾ ਧੰਨਵਾਦ ਕਰਦੇ ਹੋਏ ਪ੍ਰੈਸ ਕਲੱਬ ਦੇ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਨੇ ਪ੍ਰੈਸ ਕਲੱਬ ਦੀਆਂ ਪ੍ਰਾਪਤੀਆਂ ਅਤੇ ਕਾਰਜਸ਼ੈਲੀ ਬਾਰੇ ਵਿਸਥਾਰ ਸਾਹਿਤ ਚਾਨਣਾ ਪਾਉਂਦੇ ਹੋਏ ਕਲੱਬ ਤੋਂ ਬਾਹਰ ਰਹਿ ਵੱਖ-ਵੱਖ ਇਲਕਟ੍ਰੋਨਿਕਸ ਅਤੇ ਪ੍ਰਿੰਟ ਮੀਡੀਆ ਨਾਲ ਜੁੜ ਕੇ ਪੱਤਰਕਾਰੀ ਕਰ ਰਹੇ ਪੱਤਰਕਾਰ ਵੀਰਾਂ ਨੂੰ ਕਲੱਬ ਦਾ ਮੈਂਬਰ ਬਣਨ ਦਾ ਸੱਦਾ ਦਿੱਤਾ। ਪ੍ਰੈਸ ਕਲੱਬ ਵਲੋਂ ਉਨ੍ਹਾਂ ਵਿਸ਼ਵਾਸ ਦੁਵਾਇਆ ਕਿ ਪੱਤਰਕਾਰਤਾ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖ ਕੇ ਸਮਾਜਿਕ ਕੁਰੀਤੀਆਂ, ਹੋ ਰਹੀਆਂ ਵਧੀਕੀਆਂ ਅਤੇ ਬੇਇਨਸਾਫ਼ੀਆਂ ਪ੍ਰਤੀ ਜ਼ਿਲ੍ਹਾ ਪ੍ਰਸ਼ਾਸਨ ਤੱਕ ਆਵਾਜ਼ ਪਹੁੰਚਾਉਣ ਲਈ ਪ੍ਰੈਸ ਕਲੱਬ ਫ਼ਿਰੋਜ਼ਪੁਰ ਜਿੱਥੇ ਨਿਧੜਕ ਹੋ ਕੇ ਸੇਵਾਵਾਂ ਨਿਭਾਵੇਗਾ, ਉਥੇ ਸਰਕਾਰ ਦੀਆਂ ਲਾਭਕਾਰੀ ਸਕੀਮਾਂ ਦਾ ਲਾਭ ਲੋੜਵੰਦਾਂ ਤੱਕ ਪਹੁੰਚਾਉਣ ਅਤੇ ਵਿਕਾਸ ਮੁਖੀ ਯੋਜਨਾਵਾਂ ਬਾਰੇ ਲੋਕਾਂ ਨੂੰ ਦੱਸਣ ਪ੍ਰਤੀ ਵੀ ਬਣਦੇ ਫ਼ਰਜ਼ ਬਾਖੂਬੀ ਨਿਭਾਵੇਗਾ। ਪ੍ਰੈਸ ਕਲੱਬ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਸਿੱਧੂ ਨੇ ਸਟੇਜ਼ ਦੀ ਸੇਵਾ ਬਾਖੂਬੀ ਨਿਭਾਉਂਦਿਆਂ ਪ੍ਰੈਸ ਕਲੱਬ ਦੇ ਇਤਿਹਾਸ ਬਾਰੇ ਵਿਸਥਾਰ ਸਾਹਿਤ ਚਾਨਣਾ ਪਾਇਆ। ਸਮਾਗਮਾਂ ਵਿਚ ਗੁਰਪ੍ਰੀਤ ਸਿੰਘ ਜੱਜ ਪ੍ਰਧਾਨ ਜ਼ੀਰਾ, ਰਾਜੂ ਸਾਈਆਂ ਵਾਲਾ, ਅਮਰੀਕ ਸਿੰਘ ਪ੍ਰਧਾਨ ਜ਼ਿਲ੍ਹਾ ਜੱਟ ਮਹਾਂ ਸਭਾ, ਧਰਮਪਾਲ ਕਾਰਜ ਸਾਧਕ ਅਫ਼ਸਰ ਜ਼ੀਰਾ, ਡਾ: ਸਤਿੰਦਰ ਸਿੰਘ, ਅਜੇ ਜੋਸ਼ੀ, ਧਰਮਪਾਲ ਬਾਂਸਲ ਚੇਅਰਮੈਨ ਸ਼ਹੀਦ ਭਗਤ ਸਿੰਘ ਨਰਸਿੰਗ ਕਾਲਜ, ਅਨੀਰੁੱਧ ਗੁਪਤਾ ਐਮ.ਡੀ. ਡੀ.ਸੀ. ਮਾਡਲ ਸਕੂਲਜ ਗਰੁੱਪ, ਮਦਨ ਲਾਲ ਤਿਵਾੜੀ, ਰਾਜੇਸ਼ ਢੰਡ ਪ੍ਰਧਾਨ ਪ੍ਰੈਸ ਕਲੱਬ ਜ਼ੀਰਾ, ਜਸਵੰਤ ਸਿੰਘ ਪ੍ਰਧਾਨ ਮਮਦੋਟ, ਦਲਜੀਤ ਸਿੰਘ ਕਪੂਰ ਪ੍ਰਧਾਨ ਗੁਰੂਹਰਸਹਾਏ, ਕੁਲਜਿੰਦਰ ਸਿੰਘ ਪ੍ਰਧਾਨ ਤਲਵੰਡੀ, ਹਰਜਿੰਦਰ ਸਿੰਘ ਕਤਨਾ ਪ੍ਰਧਾਨ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਆਦਿ ਵੱਡੀ ਗਿਣਤੀ 'ਚ ਪਤਵੰਤੇ ਪਹੁੰਚੇ ਹੋਏ ਸਨ। ਸਮਾਗਮ ਸਮਾਪਤੀ 'ਤੇ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ।

Related Articles

Back to top button