Ferozepur News
ਪ੍ਰੈਸ ਕਲੱਬ ਫਿਰੋਜ਼ਪੁਰ ਨੇ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਮਨਾਇਆ ਵਿਸ਼ਵ ਵਾਤਾਵਰਣ ਦਿਵਸ
ਪ੍ਰੈਸ ਕਲੱਬ ਫਿਰੋਜ਼ਪੁਰ ਨੇ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਮਨਾਇਆ ਵਿਸ਼ਵ ਵਾਤਾਵਰਣ ਦਿਵਸ
ਫਿਰੋਜ਼ਪੁਰ 5 ਜੂਨ, 2022: ਵਾਤਾਵਰਣ ਦੀ ਸਾਂਭ ਸੰਭਾਲ ਤੇ ਵਾਤਾਵਰਣ ਨੂੰ ਹੋਰ ਗੰਧਲਾ ਹੋਣ ਤੋਂ ਬਚਾਉਣ ਲਈ ਪ੍ਰੈਸ ਕਲੱਬ ਫਿਰੋਜ਼ਪੁਰ ਵਲੋਂ ਅੱਜ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਵਾਤਾਵਰਣ ਪ੍ਰਤੀ ਚੇਤਨਤਾ ਪੈਦਾ ਕਰਨ ਲਈ ਵਣ ਮੰਡਲ ਅਫਸਰ ਅੰਮ੍ਰਿਤਪਾਲ ਸਿੰਘ ਬਰਾੜ ਵਿਸ਼ੇਸ਼ ਤੌਰ ‘ਤੇ ਤਸ਼ਰੀਫ ਲਿਆਏ, ਜਿਨ੍ਹਾਂ ਮੀਡੀਆ ਕਰਮੀਆਂ ਦੀ ਭਰਵੀਂ ਮੌਜੂਦਗੀ ਵਿਚ ਪ੍ਰੈਸ ਕਲੱਬ ਰੋਡ ‘ਤੇ ਆਪਣੇ ਕਰ ਕਮਲਾਂ ਨਾਲ ਸੋਹਣੀ ਦਿੱਖ ਵਾਲੇ ਛਾਂਦਾਰ ਪੌਦੇ ਲਗਾਏ।
ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਦੀ ਸੰਭਾਲ ਦਾ ਹੌਕਾ ਦਿੰਦਿਆਂ ਵਣ ਮੰਡਲ ਅਫਸਰ ਅੰਮ੍ਰਿਤਪਾਲ ਸਿੰਘ ਬਰਾੜ ਨੇ ਕਿਹਾ ਕਿ ਭੱਜ ਦੌੜ ਦੀ ਜ਼ਿੰਦਗੀ ਅਤੇ ਆਧੁਨਿਕਤਾ ਦੀ ਦੌੜ ਵਿਚ ਮਨੁੱਖ ਵਲੋਂ ਧੜਾਧੜ ਰੁੱਖਾਂ ਦੀ ਕਟਾਈ ਤਾਂ ਕੀਤੀ ਜਾ ਰਹੀ ਹੈ ਪਰ ਰੁੱਖਾਂ ਦੀ ਅਣਹੋਂਦ ਕਾਰਨ ਦਿਨੋਂ ਦਿਨ ਵੱਧਦੇ ਤਾਪਮਾਨ ਅਤੇ ਮਨੁੱਖ ਜਾਤੀ ਲਈ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਪੌਦੇ ਲਗਾਉਣ ਵਲੋਂ ਸੰਕੋਚ ਕੀਤਾ ਜਾ ਰਿਹਾ ਹੈ। ਉਨ੍ਹਾਂ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਉੱਦਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਦੀ ਮੁੱਖ ਲੋੜ ਵਿਗੜ ਰਹੇ ਵਾਤਾਵਰਣ ਸੰਤੁਲਨ ਨੂੰ ਬਚਾਉਣ ਲਈ ਸੁਹਿਰਦ ਸੰਸਥਾਵਾਂ ਨੂੰ ਅੱਗੇ ਆਉਣ ਅਤੇ ਖਾਲੀ ਤੇ ਢੁਕਵੀਆਂ ਥਾਵਾਂ ਦੀ ਪਹਿਚਾਣ ਕਰਕੇ ਉੱਥੇ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਤਾਂ ਹੀ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ ਸੁਥਰਾ ਵਾਤਾਵਰਣ ਤੇ ਪਾਣੀ ਸਾਂਭ ਸਕਾਂਗੇ।
ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਰੁੱਖਾਂ ਦੀ ਅਹਿਮੀਅਤ ਨੂੰ ਦਰਕਿਨਾਰ ਕਰ ਰਹੀ ਹੈ ਜਿਸ ਦੇ ਨਤੀਜੇ ਵਜੋਂ ਅਸੀਂ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ। ਉਨ੍ਹਾਂ ਅੱਜ ਦੇ ਦਿਨ ਹਰੇਕ ਮਨੁੱਖ ਨੂੰ ਘੱਟੋ ਘੱਟ ਇਕ ਪੌਦਾ ਲਗਾਉਣ ਤੇ ਉਸ ਨੂੰ ਸਾਂਭਣ ਦੀ ਲੋੜ ‘ਤੇ ਜ਼ੋਰ ਦਿੱਤਾ।ਇਸ ਮੌਕੇ ਨਗਰ ਕੌਂਸਲ ਫਿਰੋਜ਼ਪੁਰ ਤੋਂ ਅਮਨਦੀਪ ਸਿੰਘ ਨੇ ਖਾਦ ਪਦਾਰਥ ਪੈਦਾ ਕਰਨ ਸਮੇਂ ਵਰਤੇ ਜਾਂਦੇ ਰਸਾਇਣਾ ਤੇ ਹੋਰ ਕੀਟਨਾਸ਼ਕਾਂ ਦੇ ਪ੍ਰਭਾਵ ਤੋਂ ਬਚਣ ਲਈ ਘਰੇਲੂ ਕੂੜੇ ਆਦਿ ਤੋਂ ਜੈਵਿਕ ਖਾਦ ਤਿਆਰ ਕਰਨ ਦੀ ਵਿਧੀ ‘ਤੇ ਵਿਸਥਾਰ ਪੂਰਵਕ ਚਾਨਣਾ ਪਾਇਆ। ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਮਲਕੀਅਤ ਸਿੰਘ ਨੇ ਵਣ ਮੰਡਲ ਅਫਸਰ ਅੰਮ੍ਰਿਤਪਾਲ ਸਿੰਘ ਬਰਾੜ ਤੇ ਸਮੂਹ ਵਿਭਾਗੀ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਜੰਗਲਾਤ ਵਿਭਾਗ ਤੋਂ ਵਣ ਰੇਂਜ ਅਫਸਰ ਚਮਕੌਰ ਸਿੰਘ ਸੰਧੂ, ਬਲਾਕ ਅਫਸਰ ਕੁਲਦੀਪ ਸਿੰਘ ਡੋਗਰਾ ਤੇ ਸਤਪਾਲ ਸਿੰਘ, ਵਣ ਗਾਰਡ ਸਿਮਰਨਜੀਤ ਸਿੰਘ, ਰਮੇਸ਼ ਸਿੰਘ ਤੇ ਸ਼੍ਰੀ ਮਤੀ ਰਿਚਾ, ਬੀਪੀਐੱਨ ਬਾਰੇ ਕੇ ਸ਼ਿਵਾਨੀ, ਨਗਰ ਕੌਂਸਲ ਫਿਰੋਜ਼ਪੁਰ ਤੋਂ ਅਮਨਦੀਪ ਸਿੰਘ ਤੇ ਸਿਮਰਨਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੱਤਰਕਾਰ ਭਾਈਚਾਰੇ ਦੇ ਸਾਥੀ ਮੌਜੂਦ ਸਨ।