Ferozepur News
ਪ੍ਰਗਤੀਸ਼ੀਲ ਲੇਖਕ ਸੰਘ ਦੇ ਸੱਦੇ ਤੇ ਕਿਸਾਨ ਸੰਘਰਸ਼ ਦੀ ਹਿਮਾਇਤ ਵਿੱਚ ਬਣਾਈ ਮਨੁੱਖੀ ਕੜੀ
ਪ੍ਰਗਤੀਸ਼ੀਲ ਲੇਖਕ ਸੰਘ ਦੇ ਸੱਦੇ ਤੇ ਕਿਸਾਨ ਸੰਘਰਸ਼ ਦੀ ਹਿਮਾਇਤ ਵਿੱਚ ਬਣਾਈ ਮਨੁੱਖੀ ਕੜੀ
ਫ਼ਿਰੋਜ਼ਪੁਰ, 18.1.2021: ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਹੁਕਮ ਮੁਤਾਬਕ ਇਸ ਦੇਸ਼ ਦੀ ਖੇਤੀ ਨੂੰ ਮਲਟੀਨੈਸ਼ਨਲ ਕੰਪਨੀਆਂ ਦੀ ਜ਼ਰਖਰੀਦ ਬਨਾਉਣ ਲਈ ਲਾਗੂ ਕੀਤੇ ਕਿਸਾਨ ਵਿਰੋਧੀ ਲੋਕ ਮਾਰੂ ਤਿੰਨ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਪੂਰੇ ਦੇਸ਼ ਵਿਸ਼ੇਸ਼ ਕਰਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਸੰਘਰਸ਼ ਦੇ ਰਾਹ ਤੇ ਹਨ। ਇਸ ਦੇਸ਼ ਦੀ ਆਜ਼ਾਦੀ ਦੀ ਦੂਜੀ ਲੜਾਈ ਲੜ ਰਹੀਆਂ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੀ ਹਿਮਾਇਤ ਕਰਦਿਆਂ ਪ੍ਰਗਤੀਸ਼ੀਲ ਲੇਖਕ ਸੰਘ ਭਾਰਤ ਦੇ ਸੱਦੇ ਤੇ ਫ਼ਿਰੋਜ਼ਪੁਰ ਦੇ ਲੇਖਕਾਂ, ਬੁੱਧੀਜੀਵੀਆਂ, ਅਧਿਆਪਕਾਂ, ਵਿਦਿਆਰਥੀਆਂ ਵੱਲੋਂ ਮਨੁੱਖੀ ਕੜੀ ਬਣਾਈ ਗਈ। ਇਸ ਮੌਕੇ ਤੇ ਬੋਲਦਿਆਂ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਪ੍ਰੋ.ਜਸਪਾਲ ਘਈ ਅਤੇ ਹਰਮੀਤ ਵਿਦਿਆਰਥੀ ਨੇ ਕਿਹਾ ਕਿ ਅੱਜ ਅਸੀਂ ਮਨੁੱਖੀ ਕੜੀ ਬਣਾ ਕੇ ਦਿੱਲੀ ਦੇ ਬਾਡਰਾਂ ਤੇ ਬੈਠੇ ਸੰਘਰਸ਼ੀ ਯੋਧਿਆਂ ਨਾਲ ਆਪਣੀ ਇੱਕਮੁੱਠਤਾ ਜਾਹਰ ਕਰਦੇ ਹਾਂ ਅਤੇ ਸਰਕਾਰ ਪਾਸੋਂ ਮੰਗ ਕਰਦੇ ਹਾਂ ਕਿ ਇਹ ਕਾਨੂੰਨ ਤੁਰੰਤ ਰੱਦ ਕੀਤੇ ਜਾਣ। ਇਸ ਮੌਕੇ ਤੇ ਪ੍ਰੋ.ਗੁਰਤੇਜ ਕੋਹਾਰਵਾਲਾ ,ਅਨਿਲ ਆਦਮ,ਸੁਖਜਿੰਦਰ ਨੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।
ਇਸ ਮਨੁੱਖੀ ਕੜੀ ਵਿੱਚ ਪ੍ਰੋ.ਕੁਲਦੀਪ ਜਲਾਲਾਬਾਦ, ਡਾ.ਮਨਜੀਤ ਕੌਰ ਆਜ਼ਾਦ ਅਤੇ ਡਾ.ਆਜ਼ਾਦਵਿੰਦਰ ਸਿੰਘ,ਪ੍ਰੋ. ਅਨਿਲ ਧੀਮਾਨ, ਡਾ.ਅਮਨਦੀਪ ਸਿੰਘ,ਡਾ.ਜੀਤ ਪਾਲ ਸਿੰਘ,ਪ੍ਰੋ.ਕਪਿਲ ਦੇਵ, ਡਾ.ਨਿਰਮਲ ਸਿੰਘ ,ਪ੍ਰੋ.ਮਨਜਿੰਦਰ ਸਿੰਘ ,ਪ੍ਰੋ.ਸ਼ਵੇਤਾ, ਪ੍ਰੋ.ਪੁਸ਼ਪਾ, ਪ੍ਰੋ.ਕੁਲਵਿੰਦਰ ਕੌਰ, ਪ੍ਰੋ.ਲਕਸ਼ਮਿੰਦਰ ਅਤੇ ਡਾ.ਸੰਜੀਵ ਕੁਮਾਰ ਸਮੇਤ ਕਾਫ਼ੀ ਗਿਣਤੀ ਵਿੱਚ ਵਿਦਿਆਰਥੀ ਵੀ ਸ਼ਾਮਲ ਹੋਏ।
ਨਾਅਰਿਆਂ ਦੀ ਗੂੰਜ ਵਿੱਚ ਪ੍ਰੋ.ਕੁਲਦੀਪ ਜਲਾਲਾਬਾਦ ਨੇ ਮਨੁੱਖੀ ਕੜੀ ਵਿੱਚ ਸ਼ਾਮਲ ਹੋਣ ਵਾਲੇ ਸਭ ਸੁਚੇਤ ਲੋਕਾਂ ਦਾ ਧੰਨਵਾਦ ਕੀਤਾ ਅਤੇ ਐਲਾਨ ਕੀਤਾ ਕਿ ਕਿਸਾਨ ਜਥੇਬੰਦੀਆਂ ਦੇ ਹਰ ਸੱਦੇ ਨੂੰ ਫ਼ਿਰੋਜ਼ਪੁਰ ਵਿੱਚ ਲਾਗੂ ਕਰਨ ਹਰ ਸੰਭਵ ਯਤਨ ਕੀਤਾ ਜਾਵੇਗਾ।