ਪੇਡਾ ਵੱਲੋਂ ਸੋਲਰ ਪ੍ਰਦਰਸ਼ਨੀ ਮਿਤੀ 27 ਮਾਰਚ ਅਤੇ 28 ਮਾਰਚ 2015 ਨੂੰ ਡੀ.ਸੀ ਦਫਤਰ ਸਾਹਮਣੇ–ਸੰਧੂ
ਫ਼ਿਰੋਜ਼ਪੁਰ 25 ਮਾਰਚ(ਏ.ਸੀ.ਚਾਵਲਾ) ਪੰਜਾਬ ਸਰਕਾਰ ਦੀ ''ਨੈਟ-ਮੀਟਰਿੰਗ'' ਪਾਲਿਸੀ ਅਧੀਨ ਛੱਤਾਂ ਉੱਪਰ ਸੋਲਰ ਪਾਵਰ ਪਲਾਂਟ ਲਗਵਾਉਣ ਸੰਬੰਧੀ ਜਾਣਕਾਰੀ ਦੇਣ ਲਈ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਮਿਤੀ 27 ਮਾਰਚ ਅਤੇ 28 ਮਾਰਚ 2015 ਨੂੰ ਇੱਕ ਸੋਲਰ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ। ਇਹ ਪ੍ਰਦਰਸ਼ਨੀ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਫ਼ਿਰੋਜ਼ਪੁਰ ਦੇ ਸਾਹਮਣੇ ਲਗਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੇਡਾ ਦੇ ਜ਼ਿਲ•ਾ ਮੈਨੇਜਰ ਸ. ਹਰਜੋਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਵਿੱਚ ਜਾਣਕਾਰੀ ਦਿੱਤੀ ਜਾਵੇਗੀ ਕਿ ਤੁਸੀਂ ਕਿਸੇ ਆਪਣੇ ਘਰ, ਸਕੂਲ, ਹਸਪਤਾਲ ਜਾਂ ਕਿਸੇ ਹੋਰ ਅਦਾਰੇ ਵਿੱਚ ਸੋਲਰ ਪਾਵਰ ਪਲਾਂਟ ਲਗਾ ਕੇ ਆਪਣੀ ਬਿਜਲੀ ਦੀ ਪੂਰਤੀ ਕਰ ਸਕਦੇ ਹੋ ਅਤੇ ਵਾਧੂ ਪੈਦਾ ਹੋਈ ਸੋਲਰ ਬਿਜਲੀ ਨੂੰ ਕਿਵੇਂ ਗਰਿੱਡ ਵਿੱਚ ਭੇਜ ਕੇ ਆਪਣੇ ਬਿਜਲੀ ਦੇ ਬਿੱਲਾਂ ਵਿੱਚ ਕਟੌਤੀ ਕਰ ਸਕਦੇ ਹੋ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਪ੍ਰਦਰਸ਼ਨੀ ਵਿੱਚ ਹਿੱਸਾ ਲੈ ਕੇ ਸੋਲਰ ਊਰਜਾ ਸੰਬੰਧੀ ਭਰਭੂਰ ਜਾਣਕਾਰੀ ਹਾਸਲ ਕਰਨ। ਉਨ•ਾਂ ਅੱਗੇ ਦੱਸਿਆ ਕਿ 1 ਕਿੱਲੋਵਾਟ ਸੋਲਰ ਪਾਵਰ ਪਲਾਂਟ ਨੂੰ ਲਗਾਉਣ ਲਈ ਛੱਤ ਉੱਪਰ 120 ਵਰਗ ਫੁੱਟ ਛਾਂ ਰਹਿਤ ਜਗ•ਾ ਚਾਹੀਦੀ ਹੈ ਅਤੇ ਇਸ ਦੀ ਅੰਦਾਜ਼ਨ ਕੀਮਤ 1.25 ਲੱਖ ਰੁਪਏ ਹੈ। ਸਰਕਾਰ ਵੱਲੋਂ ਮਿਤੀ 31 ਮਾਰਚ 2015 ਤੱਕ ਅਪਲਾਈ ਕਰਨ ਵਾਲਿਆਂ ਨੂੰ 1 ਕਿੱਲੋਵਾਟ ਸੋਲਰ ਪਾਵਰ ਪਲਾਂਟ ਤੇ 24000/- ਰੁਪਏ ਸਬਸਿਡੀ ਦਿੱਤੀ ਜਾਵੇਗੀ ਅਤੇ ਇਹ ਸਬਸਿਡੀ ਮਿਤੀ 1 ਅਪ੍ਰੈਲ 2015 ਤੋਂ ਘੱਟ ਕੇ 12000/- ਰੁਪਏ ਪ੍ਰਤੀ 1 ਕਿੱਲੋਵਾਟ ਰਹਿ ਜਾਵੇਗੀ। ਇਸ ਸਕੀਮ ਨੂੰ ਅਪਲਾਈ ਕਰਨ ਲਈ ਤੁਹਾਨੂੰ ਕਿਸੇ ਵੀ ਦਫ਼ਤਰ ਜਾਣ ਦੀ ਕੋਈ ਲੋੜ ਨਹੀਂ, ਤੁਸੀਂ ਸਾਡੀ ਵੈੱਬਸਾਈਟ www.netmeteringpunjab.com ਤੇ ਆਪਣਾ ਐਪਲੀਕੇਸ਼ਨ ਫਾਰਮ ਭਰ ਸਕਦੇ ਹੋ।