ਪੀ.ਐਚ.ਸੀ ਕੱਸੋਆਣਾ ਤੇ ਪੀ.ਐਚ.ਸੀ ਮੱਲਾਂਵਾਲਾ ਦੀਆਂ ਨਵੀਆਂ ਇਮਾਰਤਾਂ ਲੋਕ ਅਰਪਿਤ
ਪਾਵਰ ਗਰਿੱਡ ਕਾਰਪੋਰੇਸ਼ਨ ਵੱਲੋਂ ਪੀ.ਐਚ.ਸੀ ਕੱਸੋਆਣਾ ਤੇ ਪੀ.ਐਚ.ਸੀ ਮੱਲਾਂਵਾਲਾ ਦੀਆਂ ਨਵੀਆਂ ਇਮਾਰਤਾਂ ਦਾ ਉਦਘਾਟਨ
ਪੀ.ਐਚ.ਸੀ ਕੱਸੋਆਣਾ ਤੇ ਪੀ.ਐਚ.ਸੀ ਮੱਲਾਂਵਾਲਾ ਦੀਆਂ ਨਵੀਆਂ ਇਮਾਰਤਾਂ ਲੋਕ ਅਰਪਿਤ
– ਪਾਵਰ ਗਰਿੱਡ ਕਾਰਪੋਰੇਸ਼ਨ ਵੱਲੋਂ ਪੀ.ਐਚ.ਸੀ ਕੱਸੋਆਣਾ ਤੇ ਪੀ.ਐਚ.ਸੀ ਮੱਲਾਂਵਾਲਾ ਦੀਆਂ ਨਵੀਆਂ ਇਮਾਰਤਾਂ ਦਾ ਉਦਘਾਟਨ
ਫਿਰੋਜ਼ਪੁਰ, 17 ਨਵੰਬਰ 2022: ਪਾਵਰ ਗਰਿੱਡ ਕਾਰਪੋਰੇਸ਼ਨ ਆਫ ਇੰਡੀਆਂ ਲਿਮਟਿਡ ਵੱਲੋਂ ਬਲਾਕ ਪ੍ਰਾਈਮਰੀ ਹੈਲਥ ਸੈਂਟਰ ਕੱਸੋਆਣਾ ਅਤੇ ਮੱਲਾਂਵਾਲਾ ਵਿਖੇ ਸਿਹਤ ਸੇਵਾਵਾਂ ਨੂੰ ਹੋਰ ਚੰਗੇ ਤਰੀਕੇ ਨਾਲ ਲੋਕਾਂ ਤੱਕ ਪਹੁਚਾਉਣ ਦੇ ਮਕਸਦ ਨਾਲ ਸਿਹਤ ਵਿਭਾਗ ਨਾਲ ਮਿਲ ਕੇ ਕੀਤੇ ਜਾ ਰਹੇ ਉਪਰਾਲੇ ਤਹਿਤ ਅੱਜ ਦੋ ਇਮਾਰਤਾਂ ਸਿਹਤ ਵਿਭਾਗ ਦੇ ਹਵਾਲੇ ਕੀਤੀਆਂ ਗਈਆਂ। ਇਨ੍ਹਾਂ ਇਮਾਰਤਾਂ ਦਾ ਉਦਘਾਟਨ ਡਿਪਟੀ ਕਮਿਸ਼ਨਰ ਮੈਡਮ ਅਮ੍ਰਿੰਤ ਸਿੰਘ ਆਈ.ਏ.ਐਸ. ਤੇ ਸ਼੍ਰੀ ਕੈਲਾਸ਼ ਰਾਠੋਰ ਕਾਰਜਕਾਰੀ ਡਾਇਰੈਕਟਰ ਪਾਵਰ ਗਰਿੱਡ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਕੀਤਾ ਗਿਆ ਅਤੇ ਲੋਕ ਅਰਪਿਤ ਕੀਤੀਆਂ ਗਈਆਂ।
ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਅਮ੍ਰਿਤ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੀ.ਐਚ.ਸੀ. ਕੱਸੋਆਣਾ ਤੇ ਮੱਲਾਵਾਲਾ ਵਿਖੇ ਇਹ ਨਵੀਆਂ ਇਮਾਰਤਾਂ ਅੱਜ ਲੋਕਾਂ ਨੂੰ ਸਮਰਪਿਤ ਕੀਤੀਆਂ ਗਈਆਂ ਹਨ। ਉਨ੍ਹਾਂ ਇਸ ਉਪਰਾਲੇ ਲਈ ਪਾਵਰ ਗਰਿੱਡ ਕਾਰਪੋਰੇਸ਼ਨ ਆਫ ਇੰਡੀਆਂ ਲਿਮਟਿਡ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਪੀ.ਐਚ.ਸੀ. ਵਿੱਚ ਸੇਵਾਵਾਂ ਦੇਣ ਵਾਲੇ ਡਾਕਟਰਾਂ ਅਤੇ ਸਿਹਤ ਸਟਾਫ ਨੂੰ ਵੀ ਡਿਉਟੀ ਕਰਨ ਸਮੇਂ ਚੰਗਾ ਮਾਹੌਲ ਮਿਲੇਗਾ ਜਿਸ ਨਾਲ ਉਹ ਆਪਣਾ ਕੰਮ ਹੋਰ ਵਧੀਆ ਤਰੀਕੇ ਨਾਲ ਕਰ ਸਕਣਗੇ। ਉਨ੍ਹਾਂ ਹਾਜ਼ਰ ਸਿਹਤ ਵਿਭਾਗ ਦੇ ਅਮਲੇ ਤੇ ਲੋਕਾਂ ਨੂੰ ਕਿਹਾ ਕਿ ਸਿਹਤ ਸੁਵਿਧਾਵਾਂ ਵਿੱਚ ਹੋਰ ਸੁਧਾਰ ਸਬੰਧੀ ਉਹ ਆਪਣੇ ਵੱਡਮੁੱਲੇ ਸੁਝਾਅ ਪ੍ਰਸ਼ਾਸਨ ਨੂੰ ਦੇ ਸਕਦੇ ਹਨ ਤਾਂ ਕਿ ਸਿਹਤ ਸਹੂਲਤਾਂ ਨੂੰ ਹੋਰ ਵੀ ਬਿਹਤਰ ਕੀਤਾ ਜਾ ਸਕੇ। ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆਂ ਕਿ ਇਲਾਕੇ ਵਿੱਚ ਚੰਗੀਆਂ ਸਿਹਤ ਸੇਵਾਵਾਂ ਦੇਣ ਲਈ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਸ਼੍ਰੀ ਕੈਲਾਸ਼ ਰਾਠੋੜ ਕਾਰਜਕਾਰੀ ਡਾਇਰੈਕਟਰ ਪਾਵਰ ਗਰਿੱਡ ਕਾਰਪੋਰੇਸ਼ਨ ਆਫ ਇੰਡੀਆ ਨੇ ਦੱਸਿਆ ਕਿ ਇਹ ਪੀਐਚਸੀ ਇਮਾਰਤਾਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਪਹਿਲਕਦਮੀ ਤਹਿਤ 3.19 ਕਰੋੜ ਰੁਪਏ ਦੀ ਲਾਗਤ ਨਾਲ ਬਣਾਈਆਂ ਗਈਆਂ ਹਨ। ਇਹ ਸੀਐਸਆਰ ਪ੍ਰੋਜੈਕਟ ਰਾਜ ਸਰਕਾਰਾਂ ਨਾਲ ਸਾਂਝੇਦਾਰੀ ਵਿੱਚ ਭਾਰਤ ਸਰਕਾਰ ਦੀ ਇੱਕ ਪ੍ਰਮੁੱਖ ਪਹਿਲਕਦਮੀ ਹੈ, ਜਿਸ ਦੇ ਤਹਿਤ ਦੇਸ਼ ਭਰ ਵਿੱਚ 117 ਅਭਿਲਾਸ਼ੀ ਜ਼ਿਲ੍ਹਿਆਂ ਨੂੰ ਤੇਜ਼ੀ ਨਾਲ ਬਦਲਣ ਲਈ ਠੋਸ ਯਤਨ ਕੀਤੇ ਜਾ ਰਹੇ ਹਨ ਅਤੇ ਫਿਰੋਜ਼ਪੁਰ ਜ਼ਿਲ੍ਹਾ ਉਨ੍ਹਾਂ ਵਿੱਚੋਂ ਇੱਕ ਹੈ ਜਿਸ ਨੂੰ ਉਕਤ ਮੰਤਵ ਲਈ ਪਾਵਰ ਗਰਿੱਡ ਨੂੰ ਸੌਂਪਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪਾਵਰਗਰਿੱਡ ਦਾ ਇਹ ਉਪਰਾਲਾ ਫਿਰੋਜ਼ਪੁਰ ਜ਼ਿਲ੍ਹੇ ਦੇ ਮੱਲਾਂਵਾਲਾ, ਕੱਸੋਆਣਾ ਅਤੇ ਹੋਰ ਨੇੜਲੇ ਪਿੰਡਾਂ ਵਿੱਚ 25000 ਤੋਂ ਵੱਧ ਗਰੀਬ ਅਤੇ ਪਛੜੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਿੱਚ ਸਹਾਈ ਹੋਵੇਗਾ।
ਇਸ ਮੌਕੇ ਬਲਕਾਰ ਸਿੰਘ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ. ਕੱਸੋਆਣਾ ਨੇ ਦੱਸਿਆ ਕਿ ਪਾਵਰ ਗਰਿੱਡ ਕਾਰਪੋਰੇਸ਼ਨ ਵੱਲੋਂ ਐਸਪੀਰੇਸ਼ਨ ਜ਼ਿਲ੍ਹਾ ਹੋਣ ਕਰਕੇ ਬਲਾਕ ਕੱਸੋਆਣਾ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਸੁਚਾਰੂ ਢੰਗ ਨਾਲ ਲੋਕਾਂ ਤੱਕ ਪੰਹੁਚਾਉਣ ਲਈ ਉਪਰੋਕਤ ਦੋਵਾਂ ਪ੍ਰਾਈਮਰੀ ਹੈਲਥ ਸੈਂਟਰਜ਼ ਵਿੱਚ ਨਵੀਆਂ ਇਮਾਰਤਾਂ ਦਾ ਨਿਰਮਾਣ ਕਰਵਾਇਆ ਗਿਆ ਹੈ। ਉਨ੍ਹਾਂ ਇਸ ਸਮਾਜਿਕ ਭਲਾਈ ਦੇ ਉਪਰਾਲੇ ਲਈ ਪਾਵਰ ਗਰਿੱਡ ਕਾਰਪੋਰੇਸ਼ਨ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਕਾਰਜ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸਿਹਤ ਸੁਵਿਧਾਵਾਂ ਦੇਣ ਵਿੱਚ ਸਹਾਈ ਹੋਵੇਗਾ
ਇਸ ਮੌਕੇ ਪਾਵਰ ਗਰਿੱਡ ਕਾਰਪੋਰੇਸ਼ਨ ਤੋਂ ਸਤੀਸ਼ ਕੁਮਾਰ ਸੀ.ਜੀ.ਐਮ. ਇੰਚਾਰਜ ਪੰਜਾਬ, ਮਨਜੀਤ ਕੁਮਾਰ ਡੀ.ਜੀ.ਐਮ.(ਮੋਗਾ), ਮਦਨ ਲਾਲ ਤੇ ਤਵਿੰਦਰ ਕੁਮਾਰ ਚੀਫ ਮੈਨੇਜਰ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ।