Ferozepur News

ਪਰਾਲੀ ਤੋਂ ਗੱਤਾ ਬਣਾਉਣ ਵਾਲੀ ਫ਼ੈਕਟਰੀ ਦਾ ਡਿਪਟੀ ਕਮਿਸ਼ਨਰ ਨੇ ਕੀਤਾ ਦੌਰਾ, ਕਿਸਾਨ ਦੀ ਕੀਤੀ ਸ਼ਲਾਘਾ

ਪਰਾਲੀ ਤੋਂ ਗੱਤਾ ਬਣਾਉਣ ਵਾਲੀ ਫ਼ੈਕਟਰੀ ਦਾ ਡਿਪਟੀ ਕਮਿਸ਼ਨਰ ਨੇ ਕੀਤਾ ਦੌਰਾ, ਕਿਸਾਨ ਦੀ ਕੀਤੀ ਸ਼ਲਾਘਾ
ਜ਼ਿਲ੍ਹੇ ਦੇ ਕਿਸਾਨ ਬੁੱਕਣ ਖਾਂ ਦੇ ਕਿਸਾਨ ਗੁਰਦੀਪ ਸਿੰਘ ਤੋਂ ਲੈਣ ਪ੍ਰੇਰਨਾ :-ਡਿਪਟੀ ਕਮਿਸ਼ਨਰ
ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਥਾਂ ਕੀਤੀ ਜਾਵੇ ਸੁਚੱਜੀ ਵਰਤੋਂ

ਫ਼ਿਰੋਜ਼ਪੁਰ 21 ਸਤੰਬਰ ( ) ਜ਼ਿਲ੍ਹੇ ਦੇ ਸਮੂਹ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਉਸ ਦੀ ਸੁਚੱਜੀ ਵਰਤੋਂ ਕਰਨ ਤਾਂ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੇ ਨਾਲ-ਨਾਲ ਆਪਣੀ ਆਮਦਨ ਵਿਚ ਵਾਧਾ ਕੀਤਾ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਪਿੰਡ ਬੁੱਕਣ ਖਾਂ ਵਾਲਾ ਵਿਖੇ ਪਰਾਲੀ ਤੋਂ ਗੱਤਾ ਬਣਾਉਣ ਵਾਲੀ ਫ਼ੈਕਟਰੀ ਦਾ ਦੌਰਾ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਕਿਹਾ ਕਿ ਬਹੁਤ ਸਾਰੇ ਕਿਸਾਨ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਹੀ ਅੱਗ ਲਾ ਦਿੰਦੇ ਹਨ, ਜਿਸ ਨਾਲ ਇੱਕ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਅਤੇ ਦੂਜਾ ਖੇਤ ਵਿਚੋਂ ਸਾਰੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ। ਇਸ ਤੋਂ ਇਲਾਵਾ ਅੱਗ ਲਗਾਉਣ ਨਾਲ ਕਈ ਸੜਕੀ ਦੁਰਘਟਨਾਵਾਂ ਵੀ ਹੋ ਜਾਂਦੀਆਂ ਹਨ। ਉਨ੍ਹਾਂ ਪਿੰਡ ਬੁੱਕਣ ਖਾਂ ਵਾਲਾ ਵਿਖੇ ਦੇ ਕਿਸਾਨ ਗੁਰਦੀਪ ਸਿੰਘ ਨੰਬਰਦਾਰ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਇਹ ਕਿਸਾਨ ਜੋ ਕਿ ਪਿੰਡ ਵਿਖੇ ਪਰਾਲੀ ਤੋਂ ਗੱਤਾ ਬਣਾਉਣ ਵਾਲੀ ਗੱਤਾ ਫ਼ੈਕਟਰੀ ਚਲਾ ਰਿਹਾ ਹੈ, ਜੋ ਕਿ ਦੂਸਰੇ ਕਿਸਾਨਾਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਦੱਸਿਆ ਕਿ ਇਹ ਕਿਸਾਨ ਗੁਰਦੀਪ ਸਿੰਘ ਨੇ 200 ਏਕੜ ਜ਼ਮੀਨ ਦੀ ਪਰਾਲੀ ਇਕੱਠੀ ਕਰ ਕੇ ਕੰਮ ਦੀ ਸ਼ੁਰੂਆਤ ਕੀਤੀ ਸੀ ਤੇ ਅੱਜ ਉਸ ਦੀ ਫ਼ੈਕਟਰੀ ਕਾਰਨ ਇਲਾਕੇ ਦੀ 700 ਏਕੜ ਜ਼ਮੀਨ ਦੀ ਪਰਾਲੀ ਸੜਨ ਤੋ ਬਚ ਰਹੀ ਹੈ। ਇਸ ਨਾਲ ਨਾ ਕੇਵਲ ਜ਼ਮੀਨ ਦੀ ਸਿਹਤ ਠੀਕ ਰੱਖਣ ਵਿਚ ਉਨ੍ਹਾਂ ਦੀ ਫ਼ੈਕਟਰੀ ਦਾ ਯੋਗਦਾਨ ਹੈ ਬਲਕਿ ਉਸ ਦਾ ਸਾਰਾ ਪਰਿਵਾਰ ਖੇਤੀਬਾੜੀ ਦੇ ਨਾਲ-ਨਾਲ ਫ਼ੈਕਟਰੀ ਦੇ ਕੰਮ ਵਿਚ ਰੁੱਝਿਆ ਹੈ ਅਤੇ ਵਧੀਆ ਕਮਾਈ ਵੀ ਕਰ ਰਿਹਾ ਹੈ।  
ਇਸ ਦੌਰਾਨ ਕਿਸਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਪਿਛਲੇ 10 ਸਾਲਾਂ ਤੋਂ ਇਹ ਫ਼ੈਕਟਰੀ ਚਲਾ ਰਿਹਾ ਹੈ। ਉਸ ਦੇ ਖ਼ੁਦ ਕੋਲ 25 ਏਕੜ ਜ਼ਮੀਨ ਜਿਸ ਵਿਚ ਉਸ ਨੇ ਕਦੇ ਵੀ ਪਰਾਲੀ ਨੂੰ ਅੱਗ ਨਹੀਂ ਲਗਾਈ ਤੇ ਪਰਾਲੀ ਦੀ ਸੁਚੱਜੀ ਵਰਤੋਂ ਕਰਕੇ ਉਸ ਤੋਂ ਗੱਤਾ ਬਣਾ ਰਿਹਾ ਹੈ। ਇਸੇ ਤਰ੍ਹਾਂ ਉਸ ਵੱਲੋਂ ਵੱਖ ਵੱਖ ਕਿਸਾਨਾਂ ਦੀ ਕਰੀਬ 700 ਏਕੜ ਜ਼ਮੀਨ ਦੀ ਪਰਾਲੀ ਨੂੰ ਇਕੱਠਾ ਕੀਤਾ ਜਾਂਦਾ ਹੈ ਅਤੇ ਉਸ ਨੂੰ ਫ਼ੈਕਟਰੀ ਵਿਚ ਲਿਆ ਕੇ ਉਸ ਤੋਂ ਗੱਤਾ ਤਿਆਰ ਕੀਤਾ ਜਾਂਦਾ  ਹੈ। ਇਹ ਗੱਤਾ ਫਿਰ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਸਪਲਾਈ ਕੀਤਾ ਜਾਂਦਾ ਹੈ, ਜਿਸ ਨਾਲ ਉਸ ਨੂੰ ਚੰਗੀ ਆਮਦਨ ਵੀ ਹੋ ਜਾਂਦੀ ਹੈ। ਡਿਪਟੀ ਕਮਿਸ਼ਨਰ ਵੱਲੋਂ ਅੱਜ ਖ਼ੁਦ ਉਸ ਦੀ ਫ਼ੈਕਟਰੀ ਦਾ ਦੌਰਾ ਕਰਨ ਮਗਰੋਂ ਹੋਰਨਾਂ ਕਿਸਾਨਾਂ ਨੂੰ ਵੀ ਕਿਸਾਨ ਗੁਰਦੀਪ ਸਿੰਘ ਤੋਂ ਪ੍ਰੇਰਨਾ ਲੈਣ ਲਈ ਕਿਹਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸੇ ਤਰ੍ਹਾਂ ਇਸ ਕਿਸਾਨ ਤੋਂ ਪ੍ਰੇਰਿਤ ਹੋ ਕੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਉਸ ਦੀ ਸੁਚੱਜੀ ਵਰਤੋਂ ਲਈ ਕੁੱਝ ਅਲੱਗ ਕਰਨ ਜਿਸ ਨਾਲ ਉਨ੍ਹਾਂ ਦੀ ਆਮਦਨ ਵਿਚ ਵੀ ਵਾਧਾ ਹੋ ਸਕੇ ਤੇ ਵਾਤਾਵਰਨ ਵੀ ਪ੍ਰਦੂਸ਼ਿਤ ਹੋਣ ਤੋਂ ਬਚਿਆ ਰਹੇ। 

 

Related Articles

Back to top button