ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਦੇਸ਼ ਦੀ ਤਰੱਕੀ ਅਤੇ ਭਲਾਈ ਲਈ ਕੰਮ ਕਰਨ, ਇਹ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ- ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਨੇ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ
ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਦੇਸ਼ ਦੀ ਤਰੱਕੀ ਅਤੇ ਭਲਾਈ ਲਈ ਕੰਮ ਕਰਨ, ਇਹ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ- ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਨੇ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ
ਫਿਰੋਜਪੁਰ 23 ਮਾਰਚ 2020 ( ) ਸ਼ਹੀਦੇ-ਏ-ਆਜਮ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਵੱਲੋਂ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਕੌਮੀ ਸ਼ਹੀਦਾਂ ਸ਼ਹੀਦ-ਏ-ਆਜ਼ਮ ਸ੍ਰ: ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ, ਰਾਜ ਮਾਤਾ ਵਿੱਦਿਆ ਵਤੀ ਅਤੇ ਬੀ.ਕੇ ਦੱਤ ਦੀਆਂ ਸਮਾਧਾਂ ਤੇ ਮੱਥਾ ਟੇਕ ਕੇ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਮੱਦੇਨਜ਼ਰ ਇਸ ਵਾਰ ਸ਼ਹੀਦੀ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਨਹੀਂ ਕਰਵਾਇਆ ਗਿਆ ਹੈ, ਪਰ ਫਿਰ ਵੀ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਯਾਦ ਰੱਖੀਏ। ਉਨ੍ਹਾਂ ਕਿਹਾ ਕਿ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਉਦੋਂ ਹੀ ਹੁੰਦੀ ਹੈ ਜਦੋਂ ਨੌਜਵਾਨ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਆਪਣੇ ਆਪ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਸਮਾਜ ਦੀ ਤਰੱਕੀ ਤੇ ਭਲਾਈ ਲਈ ਕੰਮ ਕਰਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹੀਦਾਂ ਨੇ ਆਪਣਾ ਸਭ ਕੁੱਝ ਕੁਰਬਾਨ ਕਰਕੇ ਦੇਸ਼ ਦੀ ਆਜ਼ਾਦੀ ਵਿਚ ਵੱਡਮੁਲਾ ਯੋਗਦਾਨ ਪਾਇਆ ਹੈ ਅਤੇ ਉਨ੍ਹਾਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦੀ ਫ਼ਿਜ਼ਾ ਦਾ ਆਨੰਦ ਮਾਨ ਰਹੇ ਹਾਂ। ਉਨ੍ਹਾਂ ਕਿਹਾ ਅੱਜ ਦੇ ਸਮੇਂ ਵਿਚ ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਦੁਨੀਆ ਵਿਚ ਫੈਲੀ ਕਰੋਨਾ ਵਾਇਰਸ ਦੀ ਬਿਮਾਰੀ ਖਿਲਾਫ ਅਸੀਂ ਆਪਣਾ ਸਹਿਯੋਗ ਦਈਏ ਤੇ ਸਰਕਾਰ ਵੱਲੋਂ ਜਾਰੀ ਨਿਯਮਾਂ ਅਤੇ ਸਾਵਧਾਨੀਆਂ ਦੀ ਪਾਲਨਾ ਕਰੀਏ ਤਾਂ ਜੋ ਅਸੀਂ ਇਸ ਬਿਮਾਰੀ ਤੋਂ ਆਜ਼ਾਦ ਹੋ ਸਕੀਏ।