Ferozepur News

ਨੈਤਿਕ ਕਦਰਾਂ ਕੀਮਤਾਂ ਦੀ ਸਿੱਖਿਆ ਪ੍ਰਦਾਨ ਕਰਨਾ ਸਮੇਂ ਦੀ ਜ਼ਰੂਰਤ।

ਡਾ. ਸਤਿੰਦਰ ਸਿੰਘ (ਪੀ ਈ ਐਸ ) ਸਟੇਟ ਅਤੇ ਨੈਸ਼ਨਲ ਅਵਾਰਡੀ

ਨੈਤਿਕ ਕਦਰਾਂ ਕੀਮਤਾਂ ਦੀ ਸਿੱਖਿਆ ਪ੍ਰਦਾਨ ਕਰਨਾ ਸਮੇਂ ਦੀ ਜ਼ਰੂਰਤ

ਨੈਤਿਕ ਕਦਰਾਂ ਕੀਮਤਾਂ ਦੀ ਸਿੱਖਿਆ ਪ੍ਰਦਾਨ ਕਰਨਾ ਸਮੇਂ ਦੀ ਜ਼ਰੂਰਤ।

ਵਿਦਿਆਰਥੀ ਨੂੰ ਨੈਤਿਕ ਕਦਰਾਂ ਕੀਮਤਾਂ ਦੀ ਸਿੱਖਿਆ ਪ੍ਰਦਾਨ ਕਰਨ ਅਤੇ ਉਨ੍ਹਾਂ ਵਿੱਚ ਮਨੁੱਖੀ ਗੁਣ ਪੈਦਾ ਕਰਨ ਦੇ ਉਦੇਸ਼ ਨਾਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪ੍ਰੀ ਪ੍ਰਾਇਮਰੀ ਤੋਂ 12ਵੀ ਜਮਾਤ ਤੱਕ ਲਈ ਇੱਕ ਨਵਾਂ ਵਿਸ਼ਾ “ਸਵਾਗਤ ਜ਼ਿੰਦਗੀ” ਸ਼ੁਰੂ ਕਰਨ ਨੇ ਨੈਤਿਕ ਕਦਰਾਂ ਕੀਮਤਾਂ ਅਤੇ ਮਨੁੱਖੀ ਗੁਣਾਂ ਦੀ ਸਿੱਖਿਆ’ਚ ਮਹੱਤਤਾ ਸਬੰਧੀ ਨਵੀਂ ਚਰਚਾ ਸ਼ੁਰੂ ਕਰ ਦਿੱਤੀ ਹੈ। ਇਸ ਨੂੰ ਸਿੱਖਿਆ ਦੇ ਅਸਲ ਉਦੇਸ਼ ਦੀ ਪੂਰਤੀ ਵੱਲ ਇੱਕ ਕਦਮ ਦੱਸਿਆ ਜਾ ਰਿਹਾ ਹੈ । ਸਿੱਖਿਆ ਮਨੁੱਖ ਦਾ ਵਿਵਹਾਰ ਬਦਲਣ ਵਾਲਾ ਵਿਗਿਆਨ ਹੈ । ਅਸੀਂ ਸੰਪੂਰਨ ਜੀਵਨ ਦੇ ਵਿਕਾਸ ਦੀ ਪ੍ਰਕਿਰਿਆ ਵਿੱਚ ਜੋ ਵੀ ਰਸਮੀ ਜਾਂ ਗ਼ੈਰ ਰਸਮੀ ਤਰੀਕੇ ਨਾਲ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਸਿੱਖਦੇ ਹਾਂ ਜਾਂ ਅਨੁਭਵ ਕਰਦੇ ਹਾਂ ਉਸ ਨੂੰ ਸਿੱਖਿਆ ਕਿਹਾ ਜਾਂਦਾ ਹੈ । ਇਸ ਨਾਲ ਸਾਡੇ ਗਿਆਨ ਵਿੱਚ ਵਾਧਾ ਅਤੇ ਸੋਚ ਵਿੱਚ ਤਬਦੀਲੀ ਆਉਣ ਦੇ ਨਾਲ ਨਾਲ ਸਾਡੇ ਵਿਵਹਾਰ ਵਿੱਚ ਵੀ ਤਬਦੀਲੀ ਆਉਂਦੀ ਹੈ ‘ ਇਹ ਤਬਦੀਲੀ ਹੀ ਸਾਡੀ ਸ਼ਖ਼ਸੀਅਤ ਦੇ ਨਿਰਮਾਣ ਦਾ ਆਧਾਰ ਹੁੰਦੀ ਹੈ ।
ਪ੍ਰੰਤੂ ਮੌਜੂਦਾ ਦੌਰ ਦੀ ਸਿੱਖਿਆ ਪ੍ਰਣਾਲੀ ਵੱਲ ਦੇਖੀਏ ਤਾਂ ਜਿਸ ਸਿੱਖਿਆ ਨੇ ਵਿਦਿਆਰਥੀ ਦੇ ਵਿਅਕਤੀਤਵ ਦਾ ਵਿਕਾਸ ਕਰਨਾ ਸੀ ,ਉਹੀ ਸਿੱਖਿਆ ਦੇ ਕਾਰਨ ਖਾਸ ਤੌਰ ਤੇ ਪ੍ਰੀਖਿਆ ਦੇ ਦਿਨਾਂ ਜਾਂ ਨਤੀਜਿਆਂ ਦੇ ਦਿਨਾਂ ਵਿੱਚ ਵਿਦਿਆਰਥੀ ਬੇਹੱਦ ਤਣਾਅ ਦਾ ਸਾਹਮਣਾ ਕਰਦੇ ਹਨ ਅਤੇ ਅਨੇਕਾਂ ਵਾਰ ਖੂਦਕਸ਼ੀ ਤੱਕ ਵੀ ਕਰਨ ਵਰਗਾ ਗੰਭੀਰ ਕਦਮ ਚੁੱਕ ਲੈਂਦੇ ਹਨ । ਇਸ ਤੋਂ ਇਲਾਵਾ ਉੱਚ ਡਿਗਰੀਆਂ ਪ੍ਰਾਪਤ ਬਹੁਗਿਣਤੀ ਲੋਕਾਂ ਵਿੱਚ ਵੀ ਨੈਤਿਕ ਗੁਣ ਜਿਸ ਤਰ੍ਹਾਂ ਕਿ ਹਮਦਰਦੀ ਦੀ ਭਾਵਨਾ ,ਬਜ਼ੁਰਗਾਂ ਦਾ ਸਤਿਕਾਰ, ਸਹਿਯੋਗ ਦੀ ਭਾਵਨਾ, ਇਮਾਨਦਾਰੀ, ਸੱਚ ਬੋਲਣਾ, ਸੱਚੀ ਕਿਰਤ, ਆਗਿਆਕਾਰੀ ਹੋਣਾ ,ਦੂਸਰਿਆਂ ਦੀ ਲੋੜ ਸਮੇਂ ਮੱਦਦ ਕਰਨਾ ,ਅਨੁਸ਼ਾਸਨ ,ਧੰਨਵਾਦੀ ਹੋਣਾ, ਜ਼ਿੰਮੇਵਾਰੀ ਦੀ ਭਾਵਨਾ, ਤਿਆਗ ਦੀ ਭਾਵਨਾ ,ਨਿਮਰਤਾ , ਪਿਆਰ ਅਤੇ ਚੰਗੇ ਆਚਰਣ ਦੀ ਭਾਰੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਇਸ ਦੇ ਨਾਲ ਪੜ੍ਹੇ ਲਿਖੇ ਸਮਾਜ ਵਿੱਚ ਵੀ ਪਦਾਰਥਵਾਦੀ ਸੋਚ ਅਤੇ ਪੈਸੇ ਦੀ ਅੰਨ੍ਹੀ ਦੌੜ ਲੱਗੀ ਨਜ਼ਰ ਆ ਰਹੀ ਹੈ । ਇਸ ਸਥਿਤੀ ਨੂੰ ਦੇਖਦੇ ਹੋਏ ਹੀ ਸਿੱਖਿਆ ਪੰਜਾਬ ਨੇ ਪਹਿਲਾਂ ਪੜ੍ਹਾਏ ਜਾਂਦੇ ਸਾਰੇ ਵਿਸ਼ਿਆਂ ਦੇ ਨਾਲ ਇੱਕ ਨਵਾਂ ਵਿਸ਼ਾ ਸਵਾਗਤ ਜ਼ਿੰਦਗੀ ਜੋੜਿਆ ਹੈ। ਇਹ ਵਿਦਿਆਰਥੀਆਂ ਵਿਚ ਜਿਥੇ ਨੈਤਿਕ ਕਦਰਾਂ ਕੀਮਤਾਂ ਅਤੇ ਮਨੁੱਖੀ ਗੁਣ ਪੈਦਾ ਕਰਕੇ ਚੰਗਾ ਇਨਸਾਨ ਬਣਾਉਣ ਵਿੱਚ ਸਹਾਈ ਹੋਵੇਗਾ , ਉੱਥੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਸਫ਼ਲ ਹੋਣ ਦਾ ਤਰੀਕਾ ਸਿਖਾਉਣ, ਜ਼ਿੰਦਗੀ ਦੀਆਂ ਮੁਸ਼ਕਿਲਾਂ ਦਾ ਦਲੇਰੀ ਨਾਲ ਸਾਹਮਣਾ ਕਰਨ ਦੇ ਨਾਲ ਨਾਲ, ਆਪਣੀਆਂ ਕਮਜ਼ੋਰੀਆਂ ਤੇ ਤਾਕਤਾਂ ਨੂੰ ਪਹਿਚਾਨਣ ਵਿੱਚ ਵੀ ਸਹਾਈ ਹੋਵੇਗਾ । ਮੌਜੂਦਾ ਦੌਰ ਵਿੱਚ ਚੰਗੇ ਡਾਕਟਰ, ਅਧਿਆਪਕ, ਇੰਜੀਨੀਅਰ ,ਵਕੀਲ, ਵਿਗਿਆਨੀ ਪੈਦਾ ਕਰਨ ਤੋਂ ਵੱਧ ਮਹੱਤਵਪੂਰਨ ਚੰਗਾ ਇਨਸਾਨ ਪੈਦਾ ਕਰਨਾ ਹੈ ।

“ਧਰਤੀ ਕੋ ਹਮ ਨੇ ਨਾਪ ਲਿਆ , ਹਮ ਚਾਂਦ ਸਿਤਾਰੋਂ ਤੱਕ ਪਹੁੰਚੇ,

ਕੁੱਲ ਕਾਇਨਾਤ ਕੋ ਜੀਤ ਲੀਆਂ, ਖਾਲੀ ਇਨਸਾਨ ਗਵਾ ਬੈਠੇ “।

ਸਾਡਾ ਸਮਾਜਿਕ ਢਾਂਚਾ ਦਿਨ ਬਦਿਨ ਗੁੰਝਲਦਾਰ ਹੁੰਦਾ ਜਾ ਰਿਹਾ ਹੈ । ਇਸ ਵਿੱਚ ਉਪਭੋਗਤਾਵਾਦੀ ਪ੍ਰਵਿਰਤੀ ਭਾਰੂ ਹੁੰਦੀ ਜਾ ਰਹੀ ਹੈ ਅਤੇ ਨੈਤਿਕ ਕਦਰਾਂ ਕੀਮਤਾਂ ਮਨਫ਼ੀ ਹੋ ਰਹੀਆਂ ਹਨ ।
ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਪੰਜਾਬ ਵਿੱਚ ਜਿਸ ਕਦਰ ਨਿੱਤ ਨਵੀਆਂ ਸਮਾਜਿਕ ਬੁਰਾਈਆਂ ਜਨਮ ਲੈ ਰਹੀਆਂ ਹਨ ਨਸ਼ਿਆਂ ਦਾ ਰੁਝਾਨ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਨਹੀਂ ਕੱਟ ਰਿਹਾ ਕੁਦਰਤ ਦਾ ਸੰਤੁਲਨ ਤੇਜ਼ੀ ਵਿਗੜ ਰਿਹਾ ਹੈ,ਕੰਨਿਆ ਭਰੂਣ ਹੱਤਿਆ ਅਤੇ ਔਰਤਾਂ ਨਾਲ ਹੋ ਰਹੀਆਂ ਵਧੀਕੀਆਂ ,ਜਿਸ ਕਦਰ ਵਾਪਰ ਰਹੀਆਂ ਹਨ ,ਇਸ ਸਭ ਦਾ ਸਿੱਧਾ ਸਬੰਧ ਨੈਤਿਕ ਕਦਰਾਂ ਕੀਮਤਾਂ ਅਤੇ ਮਨੁੱਖੀ ਗੁਣਾਂ ਵਿੱਚ ਆਈ ਗਿਰਾਵਟ ਨਾਲ ਹੈ ।
ਅੱਜ ਮਾਤਾ ਪਿਤਾ ਲਈ ਬੱਚਿਆਂ ਨੂੰ ਸੋਸ਼ਲ ਮੀਡੀਆ ਦੀ ਵੱਧਦੀ ਬੇਲੋੜੀ ਵਰਤੋਂ , ਫਾਸਟ ਫੂਡ ਖਾਣ ਦੀ ਆਦਤ , ਸਿਖਿਆ ਨਾਲ ਜੋੜਨਾ ਅਤੇ ਜੀਵਨ ਸ਼ੈਲੀ ਵਿੱਚ ਆਏ ਨਾਕਾਰਾਤਮਕ ਪ੍ਰਭਾਵਾਂ ਨੂੰ ਘੱਟ ਕਰਨ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਸਫ਼ਲਤਾ ਘੱਟ ਹੀ ਮਿਲਦੀ ਨਜ਼ਰ ਆਉਂਦੀ ਹੈ, ਬਲਕਿ ਮਾਤਾ ਪਿਤਾ ਹੀ ਤਣਾਅ ਵਿਚ ਆਏ ਨਜ਼ਰ ਆਉਂਦੇ ਹਨ ।

ਨੈਤਿਕ ਕਦਰਾਂ ਕੀਮਤਾਂ ਇੱਕ ਨਰੋਏ ਸਮਾਜ ਦੀ ਸਿਰਜਣਾ ਲਈ ਬੇਹੱਦ ਜਰੂਰੀ ਹਨ। ਇਹ ਜ਼ਿੰਦਗੀ ਦੀ ਸਫਲਤਾ ਦੀ ਮੰਜ਼ਿਲ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ। ਨੈਤਿਕਤਾ ਚੰਗੇ ਜੀਵਨ ਜਾਂਚ ਲਈ ਅਜਿਹੇ ਨਿਯਮਾਂ ਦਾ ਸਮੂਹ ਹੈ ਜਿਸ ਨਾਲ ਮਨੁੱਖ ਦੀ ਸੋਚ ,ਕੰਮ ਅਤੇ ਫੈਸਲੇ ਚੰਗੇ ਜਾਂ ਮਾੜੇ ਦਾ ਅੰਤਰ ਕਰਦੇ ਹੋਏ ਜੀਵਨ ਦੇ ਤਿੰਨ ਥੰਮ ਅਰਥਾਤ ਆਚਰਨ, ਸੱਚਾ ਗਿਆਨ ਅਤੇ ਵਿਵਹਾਰ ਨੂੰ ਮਜ਼ਬੂਤੀ ਪ੍ਰਦਾਨ ਹੈ ।
ਨੈਤਿਕਤਾ ਅਤੇ ਮਨੁੱਖੀ ਗੁਣ ਬੱਚਾ ਕਿਤਾਬੀ ਗਿਆਨ ਤੋਂ ਜ਼ਿਆਦਾ ਆਪਣੇ ਆਲੇ ਦੁਆਲੇ ਅਰਥਾਤ ਪਹਿਲਾਂ ਮਾਤਾ ਪਿਤਾ, ਪਰਿਵਾਰ ,ਸਮਾਜ ਅਤੇ ਸਕੂਲ ਵਿੱਚ ਅਧਿਆਪਕ ਅਤੇ ਸਾਥੀਆਂ ਤੋਂ ਗ੍ਰਹਿਣ ਕਰਦਾ ਹੈ । ਬੱਚੇ ਨੂੰ ਅਸੀਂ ਜਿਹੋ ਜਿਹਾ ਮਾਹੌਲ ਪ੍ਰਦਾਨ ਕਰਾਂਗੇ ,ਬੱਚਾ ਵੱਡਾ ਹੋ ਕੇ ਉਹੋ ਜਿਹਾ ਹੀ ਇਨਸਾਨ ਬਣੇਗਾ । ਅਰਥਾਤ ਜੋ ਅੱਜ ਬੀਜਾਂਗੇ, ਕੱਲ੍ਹ ਨੂੰ ਉਹੀ ਵੱਢਾਂਗੇ । ਇਸ ਲਈ ਮੌਜੂਦਾ ਹਾਲਾਤ ਵਿੱਚ ਵੀ ਸਿਰਫ਼ ਨਵੀਂ ਪੀੜ੍ਹੀ ਨੂੰ ਦੋਸ਼ ਦੇਣਾ ਵੀ ਉਚਿਤ ਨਹੀਂ ਹੈ ।
ਨੈਤਿਕਤਾ ਪੈਦਾ ਕਰਨ ਲਈ ਸਾਡਾ ਅਮੀਰ ਵਿਰਸਾ ,ਸੱਭਿਆਚਾਰ ਅਤੇ ਪ੍ਰੰਪਰਾਵਾਂ ਵਿੱਚ ਤਾਂ ਮਨੁੱਖੀ ਗੁਣ ਇੱਕ ਅਮੁੱਲ ਖ਼ਜ਼ਾਨੇ ਦੇ ਰੂਪ ਵਿੱਚ ਹਨ । ਪਰ ਆਧੁਨਿਕ ਯੁੱਗ ਦੇ ਬਦਲੇ ਸਮਾਜਿਕ ਢਾਂਚੇ ਵਿੱਚ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਸਾਨੂੰ ਵਿਸ਼ੇਸ਼ ਯਤਨ ਕਰਨੇ ਪੈਣਗੇ
। ਬਦਲੀ ਜੀਵਨ ਸ਼ੈਲੀ ਕਾਰਨ ਨੈਤਿਕ ਕਦਰਾਂ ਕੀਮਤਾਂ ਨੂੰ ਸਕੂਲੀ ਪੜ੍ਹਾਈ ਦਾ ਅਨਿੱਖੜਵਾਂ ਅੰਗ ਬਣਾਉਣਾ ਸਮੇ ਦੀ ਵੱਡੀ ਜਰੂਰਤ ਬਨ ਗਿਆ ਸੀ।
ਸਿੱਖਿਆ ਦਾ ਉਦੇਸ਼ ਸਿਰਫ ਸਾਖਰਤਾ ਦਰ ਵਧਾਉਣਾ ਜਾਂ ਸਾਲਾਨਾ ਪ੍ਰੀਖਿਆਵਾਂ ਵਿੱਚ ਚੰਗੇ ਅੰਕ ਲੈ ਕੇ ਮੈਰਿਟ ਵਿਚ ਆਉਣਾ ਜਾਂ ਮੈਡੀਕਲ ਇੰਜੀਨੀਅਰਿੰਗ ਦੇ ਚੰਗੇ ਕਾਲਜਾਂ ਵਿੱਚ ਦਾਖਲਾ ਲੈਣ ਲਈ ਟੈਸਟ ਪਾਸ ਕਰਨ ਲਈ ਹਰ ਸੰਭਵ ਯਤਨ ਕਰਨਾ ਜਾਂ ਪ੍ਰਸ਼ਾਸਨਿਕ ਅਧਿਕਾਰੀ ਬਣਨ ਲਈ ਰਾਸ਼ਟਰੀ ਪੱਧਰ ਤੇ ਟੈਸਟ ਅਤੇ ਇੰਟਰਵਿਊ ਵਿੱਚੋਂ ਸਫਲ ਹੋਣਾ ਹੀ ਨਹੀਂ । ਬਲਕਿ ਚੰਗਾ ਇਨਸਾਨ ਬਣਨ ਲਈ ਜ਼ਰੂਰੀ ਮਨੁੱਖੀ ਗੁਣਾਂ ਦਾ ਵਿਕਾਸ ਕਰਨਾ ਵੀ ਜਰੂਰੀ ਹੈ । ਅਜੋਕੇ ਮੁਕਾਬਲੇ ਦੇ ਯੁੱਗ ਵਿੱਚ ਜੇ ਕਿਤਾਬੀ ਗਿਆਨ ਦੇ ਨਾਲ ਨਾਲ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਅਤੇ ਮਨੁੱਖੀ ਗੁਣ ਪੈਦਾ ਕਰ ਦੇਈਏ ਤਾਂ ਸਾਡੇ ਸਮਾਜ ਵਿੱਚ ਜੋ ਤਣਾਅ, ਅਸ਼ਾਂਤੀ ,ਹਿੰਸਾ, ਨਫ਼ਰਤ ਅਤੇ ਜਾਤੀਵਾਦ ਵਰਗੀਆਂ ਭਿਅੰਕਰ ਸਮੱਸਿਆਵਾਂ ਹਨ, ਉਹ ਆਪਣੇ ਆਪ ਖਤਮ ਹੋ ਜਾਣਗੀਆਂ ।
ਮੌਜੂਦਾ ਸਮੇਂ ਵਿੱਚ ਮਨੁੱਖੀ ਗੁਣਾਂ ਵਿੱਚੋਂ ਸਭ ਤੋਂ ਵੱਡਾ ਗੁਣ ਅਨੁਸ਼ਾਸਨ ਹੈ । ਹਰ ਘਰ ਅਤੇ ਸੰਸਥਾ ਨੂੰ ਅੱਜ ਅਨੁਸ਼ਾਸਨ ਕਾਇਮ ਰੱਖਣ ਵਿੱਚ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਡੰਡੇ ਦੇ ਜ਼ੋਰ ਜਾਂ ਦਬਾਅ ਨਾਲ ਬਣਾਇਆ ਅਨੁਸ਼ਾਸਨ ਬਹੁਤ ਦੇਰ ਤੱਕ ਨਹੀਂ ਰਹਿੰਦਾ, ਪਰ ਸਵੈ ਇੱਛਤ ਤੌਰ ਤੇ ਬਣਿਆ ਅਨੁਸ਼ਾਸਨ ਸਦਾ ਲਈ ਚੰਗੇ ਨਤੀਜੇ ਦਿੰਦਾ ਹੈ । ਸਵੈ ਇੱਛਤ ਅਨੁਸ਼ਾਸਨ ਚੰਗੇ ਵਿਚਾਰਾਂ ਨਾਲ ਹੀ ਸੰਭਵ ਹੈ , ਜੋ ਗੁਣਾਤਮਕ ਸਿੱਖਿਆ ਰਾਹੀਂ ਹੀ ਪ੍ਰਾਪਤ ਹੋ ਸਕਦੇ ਹਨ। ਇਸ ਲਈ ਅਧਿਆਪਕ ਨੂੰ ਪਹਿਲ ਕਰਨੀ ਪਏਗੀ, ਕਿਉਂਕਿ ਅਧਿਆਪਕ ,ਬੱਚੇ ਲਈ ਆਦਰਸ਼ ਹੁੰਦਾ ਹੈ ।
ਸਾਡੇ ਸਮਾਜ ਵਿੱਚ ਚਰਿੱਤਰ ਨੂੰ ਸਭ ਤੋਂ ਉੱਚਾ ਸਮਝਿਆ ਜਾਂਦਾ ਹੈ । ਇੱਕ ਵਿਦਿਆਰਥੀ ਦੇ ਚਰਿੱਤਰ ਨਿਰਮਾਣ ਵਿੱਚ ਸਕੂਲ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ । ਚਰਿੱਤਰ ਨਿਰਮਾਣ ਲਈ ਜ਼ਰੂਰੀ ਹੈ ਕਿ ਬਚਪਨ ਤੋਂ ਹੀ ਨੈਤਿਕ ਸਿੱਖਿਆ ਮਿਲੇ ।
ਅੱਜ ਸਮਾਜਿਕ ਢਾਂਚੇ ਦੇ ਹਰ ਖੇਤਰ ਵਿਚ ਚੰਗੀ ਲੀਡਰਸ਼ਿਪ ਨਾਹ ਦੇ ਬਰਾਬਰ ਹੈ । ਹਰ ਇਨਸਾਨ ਜ਼ਿੰਮੇਵਾਰੀ ਤੋਂ ਭੱਜਦਾ ਹੈ ,ਕੰਮ ਨੂੰ ਬੇਵਜਾ ਲਮਕਾਇਆ ਜਾਂਦਾ ਹੈ, ਜਲਦ ਫੈਸਲੇ ਨਹੀਂ ਲਏ ਜਾਂਦੇ, ਜ਼ਿੰਮੇਵਾਰੀ ਤੋਂ ਬਚਣ ਕਾਰਨ, ਫੈਸਲੇ ਲੈਣ ਤੱਕ ਪ੍ਰਸਥਿਤੀਆਂ ਬਦਲ ਜਾਂਦੀਆਂ ਹਨ। ਪ੍ਰੰਤੂ ਜੇ ਸਕੂਲ ਵਿੱਚ ਬੱਚੇ ਨੂੰ ਸਹੀ ਸਮੇਂ ਤੇ ਜ਼ਿੰਮੇਵਾਰੀ ਅਤੇ ਕਰਤਵ ਸਮਝਣ ਦੇ ਬਾਰੇ ਗਿਆਨ ਮਿਲੇਗਾ ਤਾਂ ਉਹ ਬੱਚਾ ਭਵਿੱਖ ਵਿੱਚ ਚੰਗਾ ਲੀਡਰ ਬਣ ਸਕਦਾ ਹੈ ।
ਮੌਜੂਦਾ ਦੌਰ ਵਿੱਚ ਸਾਡੀ ਖ਼ੁਰਾਕ ਲੜੀ ਅਸੰਤੁਲਿਤ ਹੋ ਚੁੱਕੀ ਹੈ ,ਹਵਾ ਅਤੇ ਪਾਣੀ ਪ੍ਰਦੂਸ਼ਿਤ ਹੈ, ਧਰਤੀ ਵਿੱਚ ਕੀਟਨਾਸ਼ਕ ਅਤੇ ਰਸਾਇਣ ਖਾਦਾਂ ਦੀ ਮਾਤਰਾ ਵੱਧ ਚੁੱਕੀ ਹੈ, ਕੁਦਰਤ ਦਾ ਸੰਤੁਲਨ ਵਿਗੜ ਚੁੱਕਿਆ ਹੈ ,ਅਜਿਹੇ ਹਾਲਾਤਾਂ ਵਿੱਚ ਇਨਸਾਨ ਕਿਸ ਤਰ੍ਹਾਂ ਤਾਕਤਵਰ ਅਤੇ ਤੰਦਰੁਸਤ ਹੋ ਸਕਦਾ ਹੈ। ਪਰ ਜੇ ਵਿਦਿਆਰਥੀਆਂ ਨੂੰ ਬਚਪਨ ਤੋਂ ਹੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਸਮਾਜ ਨਿਰੋਗ ਹੋਵੇਗਾ।
ਇਸ ਤੋਂ ਇਲਾਵਾ ਸਮੇਂ ਦੀ ਪਾਬੰਦੀ, ਸਿਰਜਨਾਤਮਕ ਸੋਚ ,ਦੇਸ਼ ਭਗਤੀ ,ਮਾੜੇ ਹਲਾਤਾਂ ਦਾ ਦਲੇਰੀ ਨਾਲ ਸਾਹਮਣਾ ਕਰਨਾ,ਨਸ਼ਾਖੋਰੀ ਦੇ ਨੁਕਸਾਨ , ਔਰਤ ਜਾਤੀ ਅਤੇ ਵੱਡਿਆ ਦੇ ਸਤਿਕਾਰ , ਹਮਦਰਦੀ ਦੀ ਭਾਵਨਾ, ਭਾਰਤੀ ਸੱਭਿਆਚਾਰ ਅਤੇ ਪ੍ਰੰਪਰਾਵਾਂ ਦੀ ਰੱਖਿਆ ਕਰਨਾ, ਚੰਗੇ ਉਪਭੋਗਤਾ ਬਣਨਾ ਅਤੇ ਫਾਲਤੂ ਸਮੇਂ ਦਾ ਸਦ ਉਪਯੋਗ ਕਰਨ ਦੀ ਸਿੱਖਿਆ ਦਾ
ਸਕੂਲੀ ਜੀਵਨ ਵਿੱਚ ਹੀ ਮਹੱਤਵ ਸਮਝਾਇਆ ਜਾਵੇ ਤਾਂ ਅੱਜ ਦੇ ਵਿਦਿਆਰਥੀ ਕੱਲ੍ਹ ਦੇ ਆਦਰਸ਼ ਨਾਗਰਿਕ ਬਣਨਗੇ ਅਤੇ ਅਨੇਕਾਂ ਸਮਾਜਿਕ ਬੁਰਾਈਆਂ ਵੀ ਸਮਾਜ ਵਿਚੋਂ ਖਤਮ ਹੋਣਗੀਆਂ ।

ਡਾ. ਸਤਿੰਦਰ ਸਿੰਘ (ਪੀ ਈ ਐਸ )
ਸਟੇਟ ਅਤੇ ਨੈਸ਼ਨਲ ਅਵਾਰਡੀ
ਪ੍ਰਿੰਸੀਪਲ
ਧਵਨ ਕਲੋਨੀ
ਫਿਰੋਜ਼ਪੁਰ ਸ਼ਹਿਰ
9815427554

Related Articles

Leave a Reply

Your email address will not be published. Required fields are marked *

Back to top button