ਨਸ਼ਿਆਂ ਦੇ ਖਾਤਮੇ ਅਤੇ ਅਮਨ ਕਾਨੂੰਨ ਦੀ ਵਿਵਸਥਾ ਕਾਇਮ ਰੱਖਣ ਲਈ ਪੁਲਿਸ, ਪ੍ਰੈੱਸ ਤੇ ਪਬਲਿਕ ਦਾ ਸਹਿਯੋਗ ਜ਼ਰੂਰੀ: ਦੀਪਕ ਹਿਲੌਰੀ
ਨਸ਼ਿਆਂ ਦੇ ਖਾਤਮੇ ਅਤੇ ਅਮਨ ਕਾਨੂੰਨ ਦੀ ਵਿਵਸਥਾ ਕਾਇਮ ਰੱਖਣ ਲਈ ਪੁਲਿਸ, ਪ੍ਰੈੱਸ ਤੇ ਪਬਲਿਕ ਦਾ ਸਹਿਯੋਗ ਜ਼ਰੂਰੀ: ਦੀਪਕ ਹਿਲੌਰੀ
– ਜ਼ਿਲ੍ਹੇ ਦੇ ਲੋਕਾਂ ਨੂੰ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਸੇਵਾਵਾਂ ਦੇਣ ਦਾ ਦਿੱਤਾ ਭਰੋਸਾ
ਫਿਰੋਜ਼ਪੁਰ, 1 ਅਗਸਤ 2023. ਜ਼ਿਲ੍ਹੇ ਦੇ ਨਵੇਂ ਐਸ.ਐਸ.ਪੀ. ਸ੍ਰੀ ਦੀਪਕ ਹਿਲੌਰੀ ਆਈ.ਪੀ.ਐਸ. ਨੇ ਅੱਜ ਜ਼ਿਲ੍ਹੇ ਦੇ ਪੱਤਰਕਾਰਾਂ ਨਾਲ ਪਹਿਲੀ ਮਿਲਣੀ ਕਰਕੇ ਜ਼ਿਲ੍ਹੇ ਦੀਆਂ ਸਮੱਸਿਆਵਾਂ ਤੇ ਵਿਚਾਰ-ਚਰਚਾ ਕੀਤੀ। ਇਸ ਮੌਕੇ ਪੱਤਰਕਾਰਾਂ ਵੱਲੋਂ ਐਸ.ਐਸ.ਪੀ. ਨੂੰ ਸ਼ਹੀਦਾਂ ਦੀ ਧਰਤੀ ਫਿਰੋਜ਼ਪੁਰ ਵਿਖੇ ਆਉਣ ਤੇ ਜੀ ਆਇਆ ਆਖਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ. ਸ੍ਰੀ ਦੀਪਕ ਹਿਲੌਰੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਹੀਦਾਂ ਦੀ ਧਰਤੀ ਫਿਰੋਜ਼ਪੁਰ ਵਿਖੇ ਬਤੌਰ ਐਸ.ਐਸ.ਪੀ. ਸੇਵਾਵਾਂ ਦੇਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਅਤੇ ਉਹ ਪਬਲਿਕ, ਪ੍ਰੈੱਸ, ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜ਼ਿਲ੍ਹੇ ਵਿੱਚੋਂ ਨਸ਼ਿਆਂ, ਲੁੱਟਾਂ ਖੋਹਾਂ ਤੇ ਹੋਰ ਅਪਰਾਧਿਕ ਅਲਾਮਤਾ ਦੇ ਖਾਤਮੇ ਅਤੇ ਅਮਨ ਕਾਨੂੰਨ ਨੂੰ ਬਰਕਰਾਰ ਰੱਖਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਉਨ੍ਹਾਂ ਸਮਾਜ ਵਿਰੋਧੀ ਅਨਸਰਾਂ ਨੂੰ ਸਖਤ ਤਾੜਨਾ ਕੀਤੀ ਕਿ ਉਨ੍ਹਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਅਤੇ ਗੈਰ ਕਾਨੂੰਨੀ ਕੰਮ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਸ੍ਰੀ ਦੀਪਕ ਹਿਲੌਰੀ ਨੇ ਕਿਹਾ ਕਿ ਸਰਹੱਦ ਪਾਰ ਤੋਂ ਨਸ਼ਾ ਤਸਕਰਾਂ ਅਤੇ ਹੋਰ ਦੇਸ਼ ਵਿਰੋਧੀ ਸਰਾਰਤੀ ਅਨਸਰਾਂ ਨੂੰ ਕਿਸੇ ਕਿਸਮ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਜ਼ਿਲ੍ਹੇ ਦੇ ਲੋਕਾਂ, ਪ੍ਰੈੱਸ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਅਮਨ ਕਾਨੂੰਨ ਬਰਕਰਾਰ ਰੱਖਣ, ਨਸ਼ਿਆਂ ਦੇ ਖਾਤਮੇ ਆਦਿ ਵਿੱਚ ਪੁਲਿਸ ਨੂੰ ਸਹਿਯੋਗ ਦੇਣ ਅਤੇ ਪੁਲਿਸ 24 ਘੰਟੇ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹੈ। ਇਸ ਮੌਕੇ ਐਸ.ਪੀ. ਡੀ. ਸ੍ਰੀ ਰਣਧੀਰ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੱਤਰਕਾਰ ਸਾਥੀ ਹਾਜ਼ਰ ਸਨ।