ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਜ਼ਿਲ੍ਹਾ ਪੱਧਰੀ ਕਮੇਟੀ ਦੀ ਹੋਈ ਮੀਟਿੰਗ
- ਨਸ਼ਿਆਂ ਦੀ ਅਲਾਮਤ ਨੂੰ ਰੋਕਣ ਲਈ ਸਾਨੂੰ ਸਾਰਿਆਂ ਨੂੰ ਆਪਣੀ ਨੈਤਿਕ, ਸਮਾਜਿਕ ਜ਼ਿੰਮੇਵਾਰੀ ਸਮਝਣੀ ਚਾਹੀਦੀ – ਧੀਮਾਨ
ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਜ਼ਿਲ੍ਹਾ ਪੱਧਰੀ ਕਮੇਟੀ ਦੀ ਹੋਈ ਮੀਟਿੰਗ
– ਨਸ਼ਿਆਂ ਦੀ ਅਲਾਮਤ ਨੂੰ ਰੋਕਣ ਲਈ ਸਾਨੂੰ ਸਾਰਿਆਂ ਨੂੰ ਆਪਣੀ ਨੈਤਿਕ, ਸਮਾਜਿਕ ਜ਼ਿੰਮੇਵਾਰੀ ਸਮਝਣੀ ਚਾਹੀਦੀ – ਧੀਮਾਨ
– ਸਕੂਲਾਂ ਦੇ ਵਿਦਿਆਰਥੀਆਂ ਨੂੰ ਚੰਗੇ ਖਿਡਾਰੀਆਂ ਦੇ ਜੀਵਨ ਦੀ ਝਾਤ ਪਵਾ ਕੇ ਕੀਤਾ ਖੇਡਾਂ ਪ੍ਰਤੀ ਕੀਤਾ ਜਾਵੇ ਪ੍ਰੇਰਿਤ
ਫਿਰੋਜ਼ਪੁਰ, 12 ਅਕਤੂਬਰ 2023.
ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਦੀ ਅਗਵਾਈ ਵਿੱਚ ਜ਼ਿਲ੍ਹੇ ’ਚ ਨਸ਼ਾ ਰੋਕੂ ਗਤੀਵਿਧੀਆਂ ਨਾਲ ਸਬੰਧਿਤ ਨਸ਼ਾ ਮੁਕਤ ਭਾਰਤ ਅਭਿਆਨ ਦੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਜ਼ਿਲ੍ਹੇ ਅੰਦਰ ਨਸ਼ਿਆਂ ਦੀ ਰੋਕਥਾਮ, ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਕੱਢਣ ਅਤੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਨਸ਼ਿਆਂ ਬਾਰੇ ਜਾਗਰੂਕ ਕਰਕੇ ਖੇਡਾਂ ਵੱਲ ਪ੍ਰੇਰਿਤ ਕਰਨ ਬਾਰੇ ਵਿਚਾਰ-ਚਰਚਾ ਕੀਤੀ ਗਈ।
ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਕਿਹਾ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਣ ਲਈ ਨਸ਼ਿਆਂ ਵਿਰੁੱਧ ਜੰਗ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ ਅਤੇ ਨਸ਼ਿਆਂ ਦੀ ਅਲਾਮਤ ਨੂੰ ਰੋਕਣ ਲਈ ਆਪਣੀ ਨੈਤਿਕ, ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਅੱਗੇ ਹਰ ਨਾਗਿਰਕ ਨੂੰ ਆਉਣਾ ਚਾਹੀਦਾ। ਜੇਕਰ ਕਿਸੇ ਵਿਅਕਤੀ ਨੂੰ ਕੋਈ ਸ਼ੱਕੀ ਅਨਸਰ ਵਿਖਾਈ ਦਿੰਦਾ ਹੈ ਤਾਂ ਉਸ ਸਬੰਧੀ ਜਾਣਕਾਰੀ ਆਪਣੇ ਨੇੜਲੇ ਪੁਲਿਸ ਥਾਣੇ ਵਿੱਚ ਜ਼ਰੂਰ ਦਿੱਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਸਕੂਲਾਂ/ਕਾਲਜਾਂ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ ਸਟੇਜ ਨਾਟਕ, ਸਕਿੱਟ ਜਾਂ ਹੋਰ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਚੰਗੇ ਖਿਡਾਰੀਆਂ ਦੇ ਜੀਵਨ ਬਾਰੇ ਦੱਸਿਆ ਜਾਵੇ ਅਤੇ ਚੰਗੇ ਖਿਡਾਰੀ ਬਣਨ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਕੋਲ ਰੋਜ਼ਗਾਰ ਨਹੀਂ ਹੈ ਉਨ੍ਹਾਂ ਨੂੰ ਮਗਨਰੇਗਾ ਜਾਂ ਸੈਲਫ ਹੈਲਪ ਗਰੁੱਪਾਂ ਰਾਹੀਂ ਰੋਜ਼ਗਾਰ ਦਿੱਤਾ ਜਾਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਉਹ ਵਿਹਲੇ ਨਾ ਰਹਿਣ ਅਤੇ ਨਾ ਹੀ ਨਸ਼ੇ ਬਾਰੇ ਸੋਚ ਸਕਣ। ਉਨ੍ਹਾਂ ਸਿਹਤ ਵਿਭਾਗ ਨੂੰ ਆਦੇਸ਼ ਦਿੱਤੇ ਕਿ ਨਸ਼ਿਆਂ ਨੂੰ ਰੋਕਣ ਲਈ ਮੈਡੀਕਲ ਸਟੋਰਾਂ ਤੇ ਛਾਪੇ ਮਾਰੇ ਜਾਣ ਅਤੇ ਉਨ੍ਹਾਂ ਨੂੰ ਸਖ਼ਤ ਹਦਾਇਤ ਵੀ ਕੀਤੀ ਜਾਵੇ ਕਿ ਬਿਨ੍ਹਾਂ ਡਾਕਟਰ ਦੀ ਪਰਚੀ ਤੋਂ ਕਿਸੇ ਨੂੰ ਸਰਿੰਜ਼ ਨਾ ਦਿੱਤੀ ਜਾਵੇ।
ਇਸ ਮੌਕੇ ਸੀ.ਜੇ.ਐਮ. ਮੈਡਮ ਏਕਤਾ ਉੱਪਲ, ਡੀ.ਐਸ.ਪੀ. ਸ੍ਰੀ ਭੁਪਿੰਦਰ ਗਿੱਲ, ਸਕੱਤਰ ਰੈੱਡ ਕਰਾਸ ਸ੍ਰੀ ਅਸ਼ੋਕ ਬਹਿਲ, ਸ੍ਰੀ ਸੁਖਚੈਣ ਸਿੰਘ, ਸ੍ਰੀ ਗੁਰਮੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।