Ferozepur News
ਦੁੱਧ ਉਤਪਾਦਕਾਂ ਨੂੰ ਡੇਅਰੀ ਧੰਦੇ ਨਾਲ ਜੋੜਨ ਅਤੇ ਗਿਆਨ ਪੱਧਰ ਨੂੰ ਉੱਚਾ ਚੁੱਕਣ ਲਈ ਡੇਅਰੀ ਸਿਖਲਾਈ ਕੈਂਪਾਂ ਦੀ ਲੜੀ ਸ਼ੁਰੂ
ਫ਼ਿਰੋਜ਼ਪੁਰ 23 ਮਈ 2018 (Vikramditya Sharma ) ਪੰਜਾਬ ਸਰਕਾਰ ਵੱਲੋਂ ਡੇਅਰੀ ਵਿਕਾਸ ਵਿਭਾਗ ਰਾਹੀਂ ਅਨੁਸੂਚਿਤ ਜਾਤੀ ਨਾਲ ਸਬੰਧਿਤ ਦੁੱਧ ਉਤਪਾਦਕਾਂ ਦੇ ਗਿਆਨ ਪੱਧਰ ਨੂੰ ਉੱਚਾ ਚੁੱਕਣ ਅਤੇ ਡੇਅਰੀ ਧੰਦੇ ਨਾਲ ਜੋੜਨ ਲਈ ਡੇਅਰੀ ਸਿਖਲਾਈ ਅਤੇ ਵਿਸਥਾਰ ਸੇਵਾ ਕੈਂਪਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ। ਇਸ ਲੜੀ ਤਹਿਤ ਜਿਹੜੇ ਅਨੁਸੂਚਿਤ ਜਾਤੀ ਦੇ ਦੁੱਧ ਉਤਪਾਦਕ ਅਲੱਗ ਅਲੱਗ ਥਾਵਾਂ ਤੇ ਲਗਾਏ ਜਾਂਦੇ ਸੈਮੀਨਾਰਾਂ ਵਰਕਸ਼ਾਪਾਂ ਤੇ ਸਿਖਲਾਈ ਕੈਂਪਾਂ ਵਿਚ ਹਾਜ਼ਰ ਨਾ ਹੋਣ ਕਾਰਨ ਗਿਆਨ ਤੋ ਵਾਂਝੇ ਰਹਿ ਜਾਂਦੇ ਹਨ, ਉਨ੍ਹਾਂ ਦੁੱਧ ਉਤਪਾਦਕਾਂ ਤੱਕ ਪਹੁੰਚ ਕਰਨ ਲਈ ਇਨ੍ਹਾਂ ਕੈਂਪਾਂ ਰਾਹੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਸੋਚ ਅਨੁਸਾਰ ਮਾਨਯੋਗ ਕੈਬਿਨੇਟ ਮੰਤਰੀ ਪਸੂ ਪਾਲਨ, ਮੱਛੀ ਪਾਲਨ, ਡੇਅਰੀ ਵਿਕਾਸ ਅਤੇ ਕਿਰਤ ਵਿਭਾਗ ਸ੍ਰ: ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਹੈ । ਜਿਸ ਤਹਿਤ ਪੂਰੇ ਪੰਜਾਬ ਦੇ ਦੂਰ ਦੂਰਾਡੇ ਦੇ ਪਿੰਡਾ ਵਿੱਚ ਇਸ ਸਾਲ 500 ਅਜਿਹੇ ਕੈਂਪ ਲਗਾਏ ਜਾਣਗੇ। ਇਹ ਜਾਣਕਾਰੀ ਡਿਪਟੀ ਡਾਇਰੈਕਟਰ ਡੇਅਰੀ ਸ੍ਰੀ. ਰਣਦੀਪ ਕੁਮਾਰ ਹਾਂਡਾ ਅਤੇ ਕਾਰਜਕਾਰੀ ਅਫਸਰ ਸ੍ਰ. ਬੀਰਪ੍ਰਤਾਪ ਸਿੰਘ ਗਿੱਲ ਨੇ ਦਿੱਤੀ।
ਡੇਅਰੀ ਸਿਖਲਾਈ ਅਤੇ ਵਿਸਥਾਰ ਸੇਵਾ ਕੈਂਪਾਂ ਦੀ ਲੜੀ ਵਿਚ ਡਾ: ਅਵਿਨਾਸ਼ ਨਾਰੰਗ ਕੇ.ਆਰ.ਪੀ. ਅਤੇ ਬਸੰਤ ਸਿੰਘ ਏ.ਕੇ.ਆਰ.ਪੀ. ਵੱਲੋਂ ਪਿੰਡ ਹਬੀਬ ਵਾਲਾ ਅਤੇ ਬਾਰੇ ਕੇ ਵਿਖੇ ਕੈਂਪ ਲਗਾਏ ਗਏ। ਜਿਸ ਵਿੱਚ ਉਨ੍ਹਾਂ ਵੱਲੋਂ ਦੁੱਧ ਉਤਪਾਦਕਾਂ ਨੂੰ ਦੁਧਾਰੂ ਪਸੂਆਂ ਦੀ ਰਿਹਾਇਸ਼, ਸਾਂਭ ਸੰਭਾਲ ਦੇ ਤਰੀਕੇ, ਖ਼ੁਰਾਕ ਅਤੇ ਧਾਤਾਂ ਦੇ ਚੂਰੇ ਦੇ ਮਹੱਤਵ ਬਾਰੇ ਦੱਸਿਆ ਗਿਆ ਅਤੇ ਉਨ੍ਹਾਂ ਨੂੰ ਚੰਗੀ ਨਸਲ ਦੀਆਂ ਵੱਛੀਆਂ ਹਾਸਲ ਕਰਨ ਲਈ ਆਪਣੇ ਪਸ਼ੂਆਂ ਨੂੰ ਮਨਸੂਈ ਗਰਭਾਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਵੱਲੋਂ ਪਸੂਆਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਮੈਸਟਾਈਟਸ, ਗਲਘੋਟੂ ਅਤੇ ਮੂੰਹਖੁਰ ਤੋ ਬਚਣ ਲਈ ਕੀਤੇ ਜਾਣ ਵਾਲੇ ਪਰਹੇਜ਼ ਬਾਰੇ ਦੱਸਣ ਤੋਂ ਇਲਾਵਾ ਸਾਫ਼ ਦੁੱਧ ਪੈਦਾ ਕਰਨ ਅਤੇ ਦੁੱਧ ਤੋ ਦੁੱਧ ਪਦਾਰਥ ਬਣਾਉਣ ਸਬੰਧੀ ਵੀ ਜਾਣੂ ਕਰਵਾਇਆ ਗਿਆ। ਸਰਕਾਰ ਦੇ ਇਸ ਉਪਰਾਲੇ ਦਾ ਪਿੰਡ ਦੇ ਦੁੱਧ ਉਤਪਾਦਕਾਂ ਅਤੇ ਸਰਪੰਚ ਵੱਲੋਂ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਇਨ੍ਹਾਂ ਕੈਂਪਾਂ ਰਾਹੀਂ ਦੁੱਧ ਉਤਪਾਦਕਾਂ ਨੂੰ ਘਰ ਬੈਠਿਆਂ ਨਵੀਆਂ ਤਕਨੀਕਾਂ ਦਾ ਗਿਆਨ ਹਾਸਲ ਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਦੇ ਇਸ ਯਤਨ ਨਾਲ ਪਿੰਡ ਦੇ ਦੁੱਧ ਉਤਪਾਦਕ ਖ਼ਾਸ ਤੋਰ ਤੇ ਛੋਟੇ ਦੁੱਧ ਉਤਪਾਦਕ ਮਾਹਿਰਾਂ ਵੱਲੋਂ ਦਿੱਤੀ ਜਾਣਕਾਰੀ ਅਪਣਾ ਕੇ ਆਪਣੇ ਦੁਧਾਰੂ ਪਸੂਆਂ ਤੋ ਵੱਧ ਮੁਨਾਫ਼ਾ ਲੈ ਕੇ ਆਪਣੇ ਜੀਵਨ ਪੱਧਰ ਨੂੰ ਉੱਚਾ ਕਰ ਸਕਣਗੇ ।
ਇਸ ਮੌਕੇ ਪਿੰਡ ਦੇ ਪੰਚ ਸ੍ਰੀ ਨਰਿੰਦਰ ਸਿੰਘ, ਸ੍ਰੀ ਮਹਿੰਦਰ ਸਿੰਘ, ਨਰਿੰਦਰ ਸਿੰਘ, ਬਲਕਾਰ ਸਿੰਘ, ਕਸ਼ਮੀਰ ਸਿੰਘ, ਭੁਪਿੰਦਰ ਸਿੰਘ, ਸੁਰਿੰਦਰ ਸਿੰਘ, ਬਲਵੰਤ ਸਿੰਘ, ਸੁਖਵਿੰਦਰ ਸਿੰਘ, ਮੇਹਰ ਸਿੰਘ, ਗੁਰਪ੍ਰੀਤ ਸਿੰਘ , ਹਰਬੰਸ ਸਿੰਘ, ਮਹਿੰਦਰ ਸਿੰਘ ਤੇ ਰਛਪਾਲ ਸਿੰਘ ਸਮੇਤ ਬਾਕੀ ਪੰਚਾਇਤ ਮੈਂਬਰ ਅਤੇ ਵੱਡੀ ਗਿਣਤੀ ਵਿਚ ਦੁੱਧ ਉਤਪਾਦਕ ਹਾਜ਼ਰ ਸਨ ।