Ferozepur News

ਦਿੱਲੀ ਅੰਦੋਲਨ 2: ਸ਼ੰਭੂ ਬਾਡਰ ਮੋਰਚੇ ਤੇ ਕਿਸਾਨਾਂ ਮਜਦੂਰਾਂ ਦੀ ਆਮਦ ਜਾਰੀ

ਮਾਨ ਸਰਕਾਰ ਜਮੀਨਾਂ ਤੇ ਹਮਲੇ ਕਰਨ ਤੋਂ ਬਾਜ਼ ਆਵੇ, ਡਿਪੋਰਟ ਕੀਤੇ ਭਾਰਤੀਆਂ ਤੇ ਮੋਦੀ ਸਰਕਾਰ ਦੀ ਚੁੱਪੀ ਸ਼ਰਮਨਾਕ

ਦਿੱਲੀ ਅੰਦੋਲਨ 2: ਸ਼ੰਭੂ ਬਾਡਰ ਮੋਰਚੇ ਤੇ ਕਿਸਾਨਾਂ ਮਜਦੂਰਾਂ ਦੀ ਆਮਦ ਜਾਰੀ

ਦਿੱਲੀ ਅੰਦੋਲਨ 2: ਸ਼ੰਭੂ ਬਾਡਰ ਮੋਰਚੇ ਤੇ ਕਿਸਾਨਾਂ ਮਜਦੂਰਾਂ ਦੀ ਆਮਦ ਜਾਰੀ

ਮਾਨ ਸਰਕਾਰ ਜਮੀਨਾਂ ਤੇ ਹਮਲੇ ਕਰਨ ਤੋਂ ਬਾਜ਼ ਆਵੇ, ਡਿਪੋਰਟ ਕੀਤੇ ਭਾਰਤੀਆਂ ਤੇ ਮੋਦੀ ਸਰਕਾਰ ਦੀ ਚੁੱਪੀ ਸ਼ਰਮਨਾਕ

ਫਿਰੋਜ਼ਪੁਰ, (ਸ਼ੰਭੂ ਬਾਰਡਰ), ਫਰਵਰੀ 6, 2025: ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਚਲਾਏ ਜਾ ਰਹੇ ਦਿੱਲੀ ਅੰਦੋਲਨ 2 ਨੂੰ ਇੱਕ ਹਫ਼ਤੇ ਨੂੰ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ। ਇਸ ਮੌਕੇ ਸ਼ੰਭੂ ਬਾਰਡਰ ਮੋਰਚੇ ਤੇ ਲਗਾਤਾਰ ਕਿਸਾਨਾਂ ਮਜਦੂਰਾਂ ਦੀ ਆਮਦ ਵਧੀ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਅਤੇ ਕਿਸਾਨ ਮਜ਼ਦੂਰ ਮੋਰਚਾ ਭਾਰਤ ਦੇ ਕੋਆਡੀਨੇਟਰ ਸਰਵਣ ਸਿੰਘ ਪੰਧੇਰ ਨੇ ਪ੍ਰੈਸ ਬਿਆਨ ਰਾਹੀਂ ਦਿੱਤੀ ਕਿ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਪਿਛਲੀ 13 ਫਰਵਰੀ ਤੋਂ ਦਿੱਲੀ ਕੂਚ ਨਾਲ ਸ਼ੁਰੂ ਹੋਏ ਕੇਂਦਰ ਸਰਕਾਰ ਤੋਂ ਕਿਸਾਨਾਂ ਮਜਦੂਰਾਂ ਦੀਆਂ ਹੱਕੀ ਮੰਗਾਂ ਪੂਰੀਆਂ ਕਰਵਾਓਣ ਸਬੰਧੀ ਅੰਦੋਲਨ 3 ਬਾਡਰਾਂ ਤੇ ਜਾਰੀ ਹਨ ਅਤੇ ਸਾਰੇ ਥਾਵਾਂ ਤੇ, ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ਮੌਕੇ ਸਾਲਾਨਾ ਇੱਕਠ ਕੀਤੇ ਜਾ ਰਹੇ ਹਨ, ਜਿਸ ਲਈ ਸ਼ੰਭੂ ਬਾਰਡਰ ਮੋਰਚੇ ਤੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ।

ਉਹਨਾਂ ਕਿਹਾ ਕਿ ਸਰਕਾਰ ਨਾਲ 14 ਤਰੀਕ ਨੂੰ ਮੀਟਿੰਗ ਹੋਣ ਜਾ ਰਹੀ ਹੈ, ਸੋ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮੀਟਿੰਗ ਵਿੱਚ ਕੋਈ ਠੋਸ ਪ੍ਰਸਤਾਵ ਲੈ ਕੇ ਆਵੇ ਜਿਸ ਨਾਲ ਕਿਸਾਨਾਂ ਮਜਦੂਰਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਵਿੱਚ ਸਹਾਇਤਾ ਮਿਲੇ ਹਾਲਾਂਕਿ ਜ਼ੋ ਉਦਾਸੀਨ ਰਵਈਆ ਸਰਕਾਰ ਵੱਲੋਂ ਬਜਟ ਸੈਸ਼ਨ ਦੌਰਾਨ ਖੇਤੀਬਾੜੀ ਸੈਕਟਰ ਸਬੰਧੀ ਦਿਖਾਇਆ ਗਿਆ ਹੈ, ਉਸ ਤੋਂ ਕੋਈ ਬਹੁਤੀ ਉਮੀਦ ਦੀ ਕਿਰਨ ਦਿਖਾਈ ਨਹੀਂ ਦਿੰਦੀ। ਉਹਨਾਂ ਕਿਹਾ ਕਿ ਸ਼ੰਬੂ ਮੋਰਚੇ ਤੇ ਲਗਾਤਾਰ ਕਿਸਾਨਾਂ ਮਜ਼ਦੂਰਾਂ ਦੀ ਆਮਦ ਵਧ ਰਹੀ ਹੈ ਅਤੇ ਜਥੇਬੰਦੀਆਂ ਇਸ ਗੱਲ ਲਈ ਵਚਨਬੱਧ ਹਨ ਕਿ ਮੰਗਾਂ ਦੇ ਸਾਰਥਕ ਹੱਲ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।

ਉਹਨਾਂ ਕਿਹਾ ਕਿ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀ ਨੌਜਵਾਨਾਂ ਵਾਲਾ ਘਟਨਾਕਰਮ ਵਾਪਰਿਆ ਹੈ ਉਸ ਲਈ ਅਮਰੀਕਨ ਸਰਕਾਰ ਦੇ ਨਾਲ ਨਾਲ ਭਾਰਤ ਅਤੇ ਪੰਜਾਬ ਸਰਕਾਰ ਦੀ ਵੱਡੇ ਦੋਸ਼ੀ ਹਨ ਕਿਉਕਿ ਦੇਸ਼ ਦੀ ਸਰਕਾਰ ਨੇ ਅਜਿਹੀਆਂ ਨੀਤੀਆਂ ਬਣਾਈਆਂ ਹਨ ਜਿਸ ਨਾਲ ਦੇਸ਼ ਵਿੱਚ ਨੌਜਵਾਨ ਨੂੰ ਰੁਜ਼ਗਾਰ, ਨੌਕਰੀ , ਖੇਤੀ ਸੈਕਟਰ ਜਾਂ ਹੋਰ ਕਿਸੇ ਵੀ ਤਰੀਕੇ ਦੀ ਕਮਾਈ ਦਾ ਕੋਈ ਵਸੀਲਾ ਦਿਖਾਈ ਨਹੀਂ ਦਿੰਦਾ, ਜਿਸ ਦੇ ਚਲਦੇ ਉਸ ਨੂੰ ਨਾ ਚਾਹੁੰਦੇ ਹੋਏ ਵੀ ਜਾਨ ਖਤਰੇ ਵਿੱਚ ਪਾ ਕੇ ਵਿਦੇਸ਼ ਵੱਲ ਮੂੰਹ ਕਰਨਾ ਪੈ ਰਿਹਾ ਹੈ, ਇਸ ਲਈ ਇਸ ਰੋਗ ਦੀ ਅਸਲ ਜੜ ਸਰਕਾਰਾਂ ਦੀਆਂ ਆਮ ਜਨਤਾ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਹਨ।

ਉਹਨਾਂ ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੇ ਨੌਜਵਾਨਾਂ ਨੂੰ ਖੂੰਖਾਰ ਅਪਰਾਧੀਆਂ ਵਾਂਗ ਹੱਥੀਂ ਪੈਰੀਂ ਬੇੜੀਆਂ ਪਾ ਕੇ ਭਾਰਤ ਭੇਜਿਆ ਗਿਆ ਹੈ, ਮੋਦੀ ਸਰਕਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਕੋਲ ਇਸ ਗੱਲ ਲਈ ਸਖ਼ਤ ਇਤਰਾਜ਼ ਦਰਜ ਕਰਵਾਉਣਾ ਚਾਹੀਦਾ ਹੈ ਪਰ ਲੱਗ ਰਿਹਾ ਹੈ ਕਿ 56 ਇੰਚ ਦਾ ਸੀਨਾ ਦੱਸੇ ਜਾਣ ਵਾਲੀ ਸਰਕਾਰ ਆਪਣੇ ਦੇਸ਼ ਵਾਸੀਆਂ ਨਾਲ ਹੋਈ ਅਜਿਹੀ ਗੈਰ ਇਨਸਾਨੀ ਵਿਹਾਰ ਦੀ ਗੱਲ ਵੀ ਕਰਨ ਤੋਂ ਝਕ ਰਹੀ ਹੈ। ਉਹਨਾਂ ਕੇਂਦਰ, ਪੰਜਾਬ ਅਤੇ ਦੂਜੇ ਸੂਬਿਆਂ ਦੀਆਂ ਸਰਕਾਰਾਂ ਤੋਂ ਮੰਗ ਕੀਤੀ ਗਈ ਡਿਪੋਰਟ ਕੀਤੇ ਗਏ ਨੌਜਵਾਨਾਂ ਨੂੰ ਮਾਲੀ ਸਹਾਇਤਾ ਦੇ ਨਾਲ-ਨਾਲ ਜੀਵਨ ਗੁਜਰ ਬਸਰ ਕਰਨ ਲਈ ਨੌਕਰੀਆਂ ਵੀ ਦਿੱਤੀਆਂ ਜਾਣ ਤਾਂ ਜੋ ਉਹਨਾਂ ਦੇ ਹੋਏ ਭਾਰੇ ਨੁਕਸਾਨ ਦੀ ਕੁਝ ਭਰਪਾਈ ਕੀਤੀ ਜਾ ਸਕੇ।

ਉਨਾਂ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਵਿਦੇਸ਼ਾਂ ਵੱਲ ਭੱਜਣ ਦੀ ਬਜਾਏ ਆਪਣੇ ਦੇਸ਼ ਵਿੱਚ ਰਹਿ ਕੇ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਸੰਘਰਸ਼ ਕਰਕੇ ਸਰਕਾਰ ਨੂੰ ਨੌਕਰੀਆਂ, ਰੁਜ਼ਗਾਰ ਅਤੇ ਖੇਤੀਬਾੜੀ ਸੈਕਟਰ ਲਈ ਕੰਮ ਕਰਨ ਤੇ ਮਜਬੂਰ ਕੀਤਾ ਜਾਵੇ। ਇਸ ਮੌਕੇ ਸ਼ੰਭੂ ਬਾਰਡਰ ਤੇ ਕਿਸਾਨਾਂ ਮਜ਼ਦੂਰਾਂ ਵੱਲੋਂ 13 ਦੇ ਪ੍ਰੋਗਰਾਮ ਦੀ ਤਿਆਰੀ ਕਰਦਿਆਂ ਪੂਰੇ ਜ਼ੋਰ ਸ਼ੋਰ ਨਾਲ ਸਫਾਈ ਮੁਹਿੰਮ ਚਲਾਈ ਗਈ, ਜਿਸ ਵਿੱਚ ਸੈਂਕੜੇ ਕਿਸਾਨਾਂ ਮਜ਼ਦੂਰਾਂ ਨੇ ਵਲੰਟੀਅਰ ਤੌਰ ਤੇ ਹਿੱਸਾ ਲਿਆ। ਅੰਤ ਵਿੱਚ ਉਹਨਾਂ ਨੇ ਪੰਜਾਬ ਹਰਿਆਣਾ ਸਮੇਤ ਉੱਤਰ ਭਾਰਤ ਦੇ ਸਾਰੇ ਰਾਜਾਂ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਨੂੰ 13 ਫਰਵਰੀ ਵਾਲੇ ਦਿਨ ਸ਼ੰਭੂ ਬਾਰਡਰ ਤੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਪਹੁੰਚਣ ਦੀ ਅਪੀਲ ਕੀਤੀ ।

ਇਸ ਮੌਕੇ ਕੰਵਰ ਦਲੀਪ ਸੈਦੋਲੇਹਲ, ਬਲਦੇਵ ਸਿੰਘ ਬੱਗਾ, ਜਰਮਨਜੀਤ ਸਿੰਘ ਬੰਡਾਲਾ, ਕੰਧਾਰ ਸਿੰਘ ਭੋਏਵਾਲ, ਸੁਖਦੇਵ ਸਿੰਘ ਚਾਟੀਵਿੰਡ, ਦਿਲਬਾਗ ਸਿੰਘ ਗਿੱਲ, ਹਰਪ੍ਰੀਤ ਸਿੰਘ ਬਹਿਰਾਮਕੇ ਤੋਂ ਇਲਾਵਾ ਸੈਂਕੜੇ ਕਿਸਾਨ, ਮਜ਼ਦੂਰ ਹਾਜ਼ਰ ਰਹੇ।

Related Articles

Leave a Reply

Your email address will not be published. Required fields are marked *

Back to top button